‘ਅਕਤੂਬਰ ‘ਚ ਆ ਸਕਦੀ ਹੈ ਕੋਰੋਨਾ ਵੈਕਸੀਨ’ : ਅਮਰੀਕੀ ਕੰਪਨੀ

1037

ਵਾਸ਼ਿੰਗਟਨ, 30 ਮਈ (ਪੰਜਾਬ ਮੇਲ)- ਦੁਨੀਆ ਭਰ ਦੇ ਵਿਗਿਆਨੀ ਕੋਵਿਡ-19 ਦੇ ਇਲਾਜ ਦਾ ਕੋਈ ਟੀਕਾ ਜਾਂ ਦਵਾਈ ਲੱਭਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਵਿਚ ਹੁਣ ਇਕ ਹੋਰ ਕੰਪਨੀ ਨੇ ਦੁਨੀਆ ਵਿਚ ਆਸ ਪੈਦਾ ਕੀਤੀ ਹੈ। ਵੀਆਾਗਰਾ ਜਿਹੀਆਂ ਦਵਾਈਆਂ ਦੀ ਖੋਜ ਕਰਨ ਵਾਲੀ ਅਮੇਰਿਕਨ ਫਾਰਮਾਸੂਟੀਕਲ ਕੰਪਨੀ Pfizer ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਅਕਤੂਬਰ ਦੇ ਅਖੀਰ ਤੱਕ ਉਹਨਾਂ ਦੀ ਵੈਕਸੀਨ ਬਣ ਕੇ ਤਿਆਰ ਹੋ ਜਾਵੇਗੀ।

Pfizer ਦੇ ਸੀ.ਈ.ਓ. ਦੇ ਅਲਬਰਟ ਬੁਰਲਾ ਨੇ ‘ਦੀ ਟਾਈਮਜ਼ ਆਫ ਇਜ਼ਰਾਈਲ’ ਦੇ ਹਵਾਲੇ ਨਾਲ ਦੱਸਿਆ,”ਜੇਕਰ ਸਭ ਕੁਝ ਠੀਕ ਚੱਲਦਾ ਰਿਹਾ ਅਤੇ ਸਾਨੂੰ ਕਿਸਮਤ ਦਾ ਸਾਥ ਮਿਲਿਆ ਤਾਂ ਅਕਤੂਬਰ ਦੇ ਅਖੀਰ ਤੱਕ ਵੈਕਸੀਨ ਹੋਵੇਗੀ। ਇਕ ਗੁਣਕਾਰੀ ਅਤੇ ਸੁਰੱਖਿਅਤ ਵੈਕਸੀਨ ਲਈ ਅਸੀਂ ਭਰਪੂਰ ਕੋਸ਼ਿਸ਼ ਕਰ ਰਹੇ ਹਾਂ।” ਕੰਪਨੀ ਦੇ ਸੀ.ਈ.ਓ. ਨੇ ਰਿਪੋਰਟ ਵਿਚ ਦੱਸਿਆ ਕਿ Pfizer ਜਰਮਨੀ ਦੀ ਫਰਮ ਬਾਯੋਨਟੇਕ ਦੇ ਨਾਲ ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਕਈ ਸੰਭਾਵਿਤ ਵੈਕਸੀਨ ਨੂੰ ਲੈ ਕੇ ਕੰਮ ਕਰ ਰਿਹਾ ਹੈ।