T20 : ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ, 19 ਸਤੰਬਰ (ਪੰਜਾਬ ਮੇਲ)-ਤਾਬੜਤੋੜ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵਿਰਾਟ ਕੋਹਲੀ ਦੇ ਸ਼ਾਨਦਾਰ ਅਰਧ-ਸੈਂਕੜੇ ਦੀ ਮਦਦ ਨਾਲ ਭਾਰਤ ਨੇ ਦੂਜੇ ਟੀ-20 ਕ੍ਰਿਕਟ ਮੈਚ ਵਿਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਜਿੱਤ ਲਈ 150 ਦੌੜਾਂ ਦਾ ਟੀਚਾ ਭਾਰਤ ਨੇ 19 ਓਵਰਾਂ ਵਿਚ 3 ਵਿਕਟਾਂ ਗੁਆ ਕੇ ਹੀ ਹਾਸਲ ਕਰ ਲਿਆ। ਕੋਹਲੀ ਨੇ 52 ਗੇਂਦਾਂ ਵਿਚ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 72 ਦੌੜਾਂ ਬਣਾਈਆਂ। ਉਥੇ ਹੀ ਸ਼ਿਖਰ ਧਵਨ ਨੇ 40 ਦੌੜਾਂ ਦੀ ਪਾਰੀ ਖੇਡੀ।
ਰੋਹਿਤ ਸ਼ਰਮਾ ਅੱਜ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕਿਆ। ਉਹ 12 ਦੌੜਾਂ ਬਣਾ ਕੇ ਏਂਡਿਲੇ ਫੇਹਲੁਕਵਾਓ ਦੀ ਗੇਂਦ ‘ਤੇ ਐੱਲ. ਬੀ. ਡਬਲਯੂ. ਆਊਟ ਹੋ ਗਿਆ। ਮਹਿੰਦਰ ਸਿੰਘ ਧੋਨੀ ਦੇ ਵਾਰਿਸ ਮੰਨੇ ਜਾ ਰਹੇ ਭਾਰਤ ਟੀਮ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ 4 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਿਆ। ਕੋਹਲੀ ਅਤੇ ਸ਼੍ਰੇਅਸ ਅਈਅਰ (ਅਜੇਤੂ 16) ਨੇ ਹਾਲਾਂਕਿ ਬਿਨਾਂ ਕੋਈ ਅੜਚਨ ਦੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।