8 ਮਿਲੀਅਨ ਅਮਰੀਕਾ ਵਾਸੀ ਪ੍ਰੀਪੇਡ ਡੈਬਿਟ ਕਾਰਡ ਰਾਹੀ ਪ੍ਰਾਪਤ ਕਰਨਗੇ ਕੋਰੋਨਾ ਸਹਾਇਤਾ ਰਾਸ਼ੀ

74
Share

ਫਰਿਜ਼ਨੋ, 10 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਆਰਥਿਕ ਸਹਾਇਤਾ ਲਈ ਪਾਸ ਕੀਤੀ ਸਹਾਇਤਾ ਰਾਸ਼ੀ ਦਾ ਭੁਗਤਾਨ ਕਰਨਾ ਜਾਰੀ ਹੈ। ਇਸੇ ਸੰਬੰਧ ਵਿਚ ਵਿੱਤੀ ਸੰਸਥਾ ਆਈ.ਆਰ.ਐੱਸ. ਅਨੁਸਾਰ ਤਕਰੀਬਨ 8 ਮਿਲੀਅਨ ਪ੍ਰੀਪੇਡ ਵੀਜ਼ਾ ਡੈਬਿਟ ਕਾਰਡ ਜੋ ਕਿ ਸਹਾਇਤਾ ਅਦਾਇਗੀ ਨਾਲ ਭਰੇ ਹੋਏ ਹਨ, ਲੋਕਾਂ ਨੂੰ ਡਾਕ ਰਾਹੀਂ ਭੇਜ ਰਿਹਾ ਹੈ। ਏਜੰਸੀ ਅਨੁਸਾਰ ਜੇ ਫੰਡ ਕਿਸੇ ਦੇ ਬੈਂਕ ਖਾਤਿਆਂ ਵਿਚ ਸਿੱਧੇ ਜਮ੍ਹਾ ਨਹੀਂ ਕੀਤੇ ਜਾਂਦੇ, ਤਾਂ ਉਨ੍ਹਾਂ ਨੂੰ ਡਾਕ ਵਾਲੇ ਲਿਫਾਫਿਆਂ ਦਾ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਇਸ ਤੋਂ ਪਹਿਲਾਂ ਕੁਝ ਲੋਕਾਂ ਨੇ ਪਹਿਲੇ ਗੇੜ ਦੀ ਰਾਸ਼ੀ ਨਾਲ ਭਰੇ ਪ੍ਰੀਪੇਡ ਡੈਬਿਟ ਕਾਰਡਾਂ ਨੂੰ ਰੱਦ ਕਰ ਦਿੱਤਾ ਸੀ। ਉਸ ਸਮੇਂ ਵਿਭਾਗ ਵੱਲੋਂ ਲਿਫ਼ਾਫ਼ਿਆਂ ਨੂੰ ਸਪੱਸ਼ਟ ਤੌਰ ’ਤੇ ਆਈ.ਆਰ.ਐੱਸ. ਜਾਂ ਖਜ਼ਾਨਾ ਵਿਭਾਗ ਤੋਂ ਆਉਣ ਦੇ ਤੌਰ ’ਤੇ ਨਹੀਂ ਦਰਸਾਇਆ ਸੀ ਪਰ ਹੁਣ 600 ਡਾਲਰ ਦੀ ਅਦਾਇਗੀ ਵਾਲੇ ਡੈਬਿਟ ਕਾਰਡ ਚਿੱਟੇ ਲਿਫ਼ਾਫ਼ੇ ਵਿਚ ਖਜ਼ਾਨਾ ਵਿਭਾਗ ਨੂੰ ਪ੍ਰਦਰਸ਼ਿਤ ਕਰਦੀ ਮੋਹਰ ਨਾਲ ਭੇਜੇ ਜਾਣਗੇ। ਆਈ.ਆਰ.ਐੱਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲ ਭੁਗਤਾਨ ਲਈ ਯੋਗ ਜ਼ਿਆਦਾਤਰ ਲੋਕਾਂ ਦੇ ਬੈਂਕ ਖਾਤੇ ਦੀ ਜਾਣਕਾਰੀ ਨਹੀਂ ਹੈ, ਇਸ ਲਈ ਇਨ੍ਹਾਂ ਲੱਖਾਂ ਘਰਾਂ ਨੂੰ ਪੇਪਰ ਚੈਕ ਦੇ ਨਾਲ ਪ੍ਰੀਪੇਡ ਡੈਬਿਟ ਕਾਰਡ ਵੀ ਭੇਜੇ ਜਾ ਰਹੇ ਹਨ। ਇਸ ਸੰਬੰਧੀ ਆਈ.ਆਰ.ਐੱਸ. ਅਤੇ ਖਜ਼ਾਨਾ ਵਿਭਾਗ ਨੇ ਉਨ੍ਹਾਂ ਲੋਕਾਂ ਨੂੰ ਆਪਣੀ ਡਾਕ ਧਿਆਨ ਨਾਲ ਵੇਖਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੇ ਇਸ ਮਿਆਦ ਦੌਰਾਨ ਅਜੇ ਤੱਕ ਸਿੱਧੀ ਰਕਮ ਪ੍ਰਾਪਤ ਨਹੀਂ ਕੀਤੀ ਹੈ।

Share