78 ਸਾਲਾ ਬਲਬੀਰ ਸਿੰਘ ਬਸਰਾ ਅਤੇ 34 ਗੁਰਜੋਤ ਸਿੰਘ ਸਮਰਾ ਦੌੜੇ ਆਕਲੈਂਡ ਮੈਰਾਥਨ ‘ਚ

ਔਕਲੈਂਡ, 29 ਅਕਤੂਬਰ (ਹਰਜਿੰਦਰ ਸਿੰਘ ਬਸਾਆਲਾ/ਪੰਜਾਬ ਮੇਲ)-ਆਕਲੈਂਡ ਸਿਟੀ ਦੇ ਵਿਚ ਹਰ ਸਾਲ ਹੋਣ ਵਾਲੀ ਮੈਰਾਥਨ ਦੌੜ ਦੇ ਵਿਚ ਲਗਪਗ 14000 ਹਜ਼ਾਰ ਲੋਕ ਭਾਗ ਲੈਂਦੇ ਹਨ। 5 ਸ਼੍ਰੇਣੀਆਂ ਫਾਸਲਿਆਂ ਵਿਚ ਵੰਡੀ ਇਹ ਦੌੜ ਪੂਰੀ ਕਰਕੇ ਦੌੜਾਕ ਸਾਹੋ-ਸਾਹੀ ਹੋ ਜਾਂਦੇ ਹਨ ਪਰ ਦੌੜ ਪੂਰੀ ਕਰਕੇ ਚੜ੍ਹੇ ਸਾਹਾਂ ਨੂੰ ਠੰਡੇ ਕਰ ਸੰਤੁਸ਼ਟੀ ਭਰੀ ਠੰਡਕ ਹੰਢਾਉਂਦੇ ਹਨ। ਦੌੜ ਵਾਸਤੇ ਉਦਮ ਅਤੇ ਜ਼ਜਬਾ ਜਦੋਂ ਅਨਰਜ਼ੀ ਬਣ ਕੇ ਸਰੀਰ ਵਿਚ ਦੌੜਦਾ ਹੈ ਤਾਂ ਉਮਰਾਂ ਦੀ ਗਿਣਤੀ ਕਿਤੇ ਪਿੱਛੇ ਰਹਿ ਜਾਂਦੀ ਹੈ। ਇਥੇ ਵਸਦੇ ਸਾਰੇ ਭਾਰਤੀ ਭਾਈਚਾਰੇ ਨੂੰ ਖੁਸ਼ੀ ਹੋਏਗੀ ਕਿ 78 ਸਾਲਾ ਸ. ਬਲਬੀਰ ਸਿੰਘ ਬਸਰਾ (ਫਗਵਾੜਾ) ਨੇ 8ਵੀਂ ਵਾਰ ਪੂਰੀ ਮੈਰਾਥਨ (42.1 ਕਿਲੋਮੀਟਰ) ਦੌੜ ਪੂਰੀ ਕੀਤੀ ਜਦ ਕਿ 34 ਸਾਲਾ ਸ. ਗੁਰਜੋਤ ਸਿੰਘ ਸਮਰਾ (ਪਿੰਡ ਭਤੀਜਾ ਰੰਧਾਵਾ) ਨੇ ਚੌਥੀ ਵਾਰ ਪੂਰੀ ਮੈਰਾਥਨ ਦੌੜ ਪੂਰੀ ਕੀਤੀ। ਸ. ਬਸਰਾ ਨੇ ਇਹ ਦੌੜ 5 ਘੰਟੇ 49 ਮਿੰਟ 5 ਸੈਕਿੰਡ ਵਿਚ ਪੂਰੀ ਕਰਕੇ ਕਿਨਾਰੇ ਖੜੇ ਜਵਾਨਾਂ ਨੂੰ ਸ਼ਾਇਦ ਇਹ ਸੰਦੇਸ਼ ਦਿੱਤਾ ਕਿ ਖੜ੍ਹ ਕੇ ਨਹੀਂ ਦੌੜ ਕੇ ਵੇਖ ਜਵਾਨਾਂ ਬਾਬੇ ਵੀ ਦੌੜਾਂ ਲਾਉਂਦੇ ਨੇ। ਇਸੀ ਤਰ੍ਹਾਂ ਸ. ਗੁਰਜੋਤ ਸਿੰਘ ਸਮਰਾ ਨੇ ਇਹ ਦੌੜ 4 ਘੰਟੇ 54 ਮਿੰਟ ਅਤੇ 6 ਸੈਕਿੰਡ ਵਿਚ ਪੂਰੀ ਕੀਤੀ। ਗੁਰਜੋਤ ਸਮਰਾ ਦੀ ਇਸ ਸਾਲ ਦੀ ਇਹ ਤੀਜੀ ਮੈਰਾਥਨ ਦੌੜ ਸੀ। ਇਸ ਮੈਰਾਥਨ ਦੌੜ ਦੇ ਵਿਚ ਲਗਪਗ ਦੋ ਦਰਜਨ ਦੇ ਕਰੀਬ ‘ਸਿੰਘ’ ਨਾਮ ਵਾਲੇ ਵੀ ਭਾਗ ਲੈਣ ਵਾਲਿਆਂ ਵਿਚ ਵੈਬਸਾਈਟ ਉਤੇ ਨਜ਼ਰ ਆਉਂਦੇ ਹਨ। ਸਾਰੇ ਦੌੜਾਕਾਂ ਨੂੰ ਮੈਡਲ ਦਿੱਤੇ ਗਏ ਹਨ। ਜਦੋਂ ਸ. ਬਲਬੀਰ ਸਿੰਘ ਬਸਰਾ ਦੌੜ ਰਹੇ ਸਨ ਤਾਂ ਉਨ੍ਹਾਂ ਦਾ ਪੁੱਤਰ ਸ. ਗੁਰਦੀਪ ਸਿੰਘ ਬਸਰਾ ਅਤੇ ਦੋ ਛੋਟੀਆਂ ਪੋਤਰੀਆਂ ਨਾਲੋ-ਨਾਲ ਸਾਈਕਲ ਉਤੇ ਸਨ ਤੇ ਇਕ ਦਿਨ ਉਹ ਵੀ ਇਸ ਮੈਰਾਥਨ ਦਾ ਭਾਗ ਬਨਣਗੀਆਂ।
ਇਹ ਦੌੜ ਡੈਵਨਪੋਰਟ ਤੋਂ ਸ਼ੁਰੂ ਹੋ ਕੇ ਹਾਰਬਰ ਬ੍ਰਿਜ ਦੇ ਉਪਰੋਂ ਹੋ ਕੇ ਵਿਕਟੋਰੀਆ ਪਾਰਕ ਖਤਮ ਹੋਈ। ਦੌੜ ਵਾਸਤੇ ਅੱਧਾ ਮੋਟਰਵੇਅ ਬੰਦ ਕੀਤਾ ਹੋਇਆ ਸੀ। ਪੂਰੀ ਮੈਰਾਥਨ ਦੌੜਨ ਵਾਲੇ ਕੁੱਲ 1565, ਅੱਧੀ ਮੈਰਾਥਨ ਵਾਲੇ 5701 ਦੌੜਾਕ ਸਨ। ਇਸ ਦੌੜ ਦੇ ਵਿਚ 12 ਕਿਲੋਮੀਟਰ, 5 ਕਿਲੋਮੀਟਰ ਅਤੇ ਕਿਡਜ਼ ਮੈਰਾਥਨ ਵੀ ਸ਼ਾਮਿਲ ਸੀ। 640 ਬੱਚਿਆਂ ਨੇ ਵੀ ਭਾਗ ਲੈ ਕੇ ਮੈਰਾਥਨ ਨੂੰ ਹੋਰ ਉਤਸ਼ਾਹਿਤ ਕੀਤਾ। 1992 ਤੋਂ ਸ਼ੁਰੂ ਹੋਈ ਇਸ ਮੈਰਾਥਨ ਦੌੜ ਦੇ ਨਾਲ ਕਾਫੀ ਸਾਰਾ ਫੰਡ ਵੀ ਇਕੱਤਰ ਕਰ ਲਿਆ ਜਾਂਦਾ ਹੈ ਜੋ ਕਿ ਸਟਾਰਸ਼ਿੱਪ ਹਸਪਤਾਲ (ਬੱਚਿਆਂ) ਦੇ ਲਈ ਸਹਾਇਤਾ ਵਾਸਤੇ ਦਿੱਤਾ ਜਾਂਦਾ ਹੈ।
ਪੁਰਸ਼ਾ ਦੇ ਵਿਚ ਪਹਿਲੇ ਨੰਬਰ ਉਤੇ ਆਉਣ ਵਾਲੇ ਮੈਟ ਡੈਵੀ (ਆਸਟਰੇਲੀਆ) ਨੇ ਫੁੱਲ ਮੈਰਾਥਨ ਦੌੜ 2 ਘੰਟੇ 24 ਮਿੰਟ ਅਤੇ 13 ਸੈਕਿੰਡ ਵਿਚ ਪੂਰੀ ਕੀਤੀ ਜਦ ਕਿ ਮਹਿਲਾਵਾਂ ਦੇ ਵਿਚ ਹਾਨਾ ਓਲਡਰੋਇਡ (ਕ੍ਰਾਈਸਟਚਰਚ) ਨੇ ਇਹ ਦੌੜ 2 ਘੰਟੇ 54 ਮਿੰਟ ਅਤੇ 8 ਸੈਕਿੰਡ ਦੇ ਵਿਚ ਪੂਰੀ ਕੀਤੀ।