7.1 ਤੀਬਰਤੀ ਦੇ ਭੂਚਾਲ ਨਾਲ ਕੰਬਿਆ ਕੈਲੀਫੋਰਨੀਆ

ਗਵਰਨਰ ਵਲੋਂ ਸੂਬੇ ‘ਚ ਐਮਰਜੰਸੀ ਦਾ ਐਲਾਨ
ਕੈਲੀਫੋਰਨੀਆ, 6 ਜੁਲਾਈ (ਪੰਜਾਬ ਮੇਲ)- ਕੈਲੀਫੋਰਨੀਆ ‘ਚ ਕੁਝ ਹੀ ਦਿਨਾਂ ‘ਚ ਦੂਜੇ 20 ਸਾਲਾਂ ਦੇ ਸਭ ਤੋਂ ਜ਼ਬਰਦਸਤ ਭੂਚਾਲ ਦੇ ਝਟਕੇ ਤੋਂ ਬਾਅਦ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸੋਮ ਵਲੋਂ ਸੂਬੇ ‘ਚ ਐਮਰਜੰਸੀ ਦਾ ਐਲਾਨ ਕੀਤਾ ਗਿਆ ਹੈ ਤੇ ਇਲਾਕੇ ਦੇ ਲੋਕਾਂ ਨੂੰ ਸ਼ਨੀਵਾਰ ਨੂੰ ਇਕ ਹੋਰ ਭੂਚਾਲ ਸਬੰਧੀ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਨਿਊਸੋਮ ਨੇ 7.1 ਤੀਬਰਤੀ ਦੇ ਭੂਚਾਲ ਤੋਂ ਬਾਅਦ ਕਿਹਾ ਕਿ ਹਰ ਕਿਸੇ ਨੇ ਭੂਚਾਲ ਤੋਂ ਬਾਅਦ ਹਾਲਾਤਾਂ ਨਾਲ ਨਜਿੱਠਣ ਲਈ ਬਹੁਤ ਮਿਹਨਤ ਕੀਤੀ ਹੈ। ਕੈਲੀਫੋਰਨੀਆ ਲਈ ਸਾਨੂੰ ਹਰ ਵੇਲੇ ਇਕ ਹੋਰ ਭੂਚਾਲ ਲਈ ਤਿਆਰ ਰਹਿਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ‘ਚ ਵੀਰਵਾਰ ਨੂੰ ਆਏ 6.4 ਤੀਬਰਤਾ ਦੇ ਭੂਚਾਲ ਤੋਂ ਕਰੀਬ 34 ਘੰਟੇ ਬਾਅਦ ਹੀ ਬੀਤੇ 20 ਸਾਲਾਂ ਦੇ ਸਭ ਤੋਂ ਜ਼ਬਰਦਸਤ ਭੂਚਾਲ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.1 ਸੀ, ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਲਾਸ ਏਂਜਲਸ ਤੋਂ 272 ਕਿਲੋਮੀਟਰ ਦੂਰ ਜ਼ਮੀਨ ਦੀ ਸਤ੍ਹਾ ਤੋਂ 40 ਕਿਲੋਮੀਟਰ ਦੀ ਗਹਿਰਾਈ ‘ਤੇ ਸੀ।
ਕੈਰਨ ਕਾਉਂਟੀ ਦੇ ਫਾਇਰ ਚੀਫ ਡੇਵਿਡ ਵਿੱਟ ਨੇ ਕਿਹਾ ਕਿ ਅਜੇ ਕਿਸੇ ਤਰ੍ਹਾਂ ਵੱਡੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੱਗ ਰਿਹਾ ਹੈ ਕਿ ਨੁਕਸਾਨ ਹੋਇਆ ਹੈ ਪਰ ਅਜੇ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਹੈ। ਕਿਸੇ ਦੇ ਕਿਤੇ ਫਸੇ ਹੋਣ ਜਾਂ ਇਮਾਰਤ ਦੇ ਨੁਕਸਾਨ ਦੀ ਵੀ ਕੋਈ ਖਬਰ ਨਹੀਂ ਹੈ ਪਰ ਸਾਡੀ ਜਾਂਚ ਜਾਰੀ ਹੈ। ਉਧਰ ਸਬੰਧਤ ਵਿਭਾਗ ਵਲੋਂ ਕੁਝ ਦਿਨਾਂ ‘ਚ ਹੋਰ ਭੂਚਾਲ ਦੇ ਝਟਕੇ ਲੱਗਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਗਈ ਹੈ।