6 ਜੁਲਾਈ ਤੋਂ ਲੋਕਾਂ ਲਈ ਈ-ਟਿਕਟ ਰਾਹੀਂ ਮੁੜ ਖੁੱਲ੍ਹਣਗੀਆਂ ਸਾਰੀਆਂ ਸੁਰੱਖਿਅਤ ਯਾਦਗਾਰਾਂ

141
Share

ਤਾਜ ਮਹਿਲ, ਕੁਤੁਬ ਮੀਨਾਰ ਤੇ ਲਾਲ ਕਿਲ੍ਹਾ ‘ਚ ਪੜਾਅ ਵਾਰ ਹੋਵੇਗੀ ਐਂਟਰੀ
ਨਵੀਂ ਦਿੱਲੀ, 3 ਜੁਲਾਈ (ਪੰਜਾਬ ਮੇਲ)-ਸੱਭਿਆਚਾਰਕ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਸਾਰੀਆਂ ਏ.ਐੱਸ.ਆਈ. ਸੁਰੱਖਿਅਤ ਯਾਦਗਾਰਾਂ 6 ਜੁਲਾਈ ਤੋਂ ਸਿਰਫ ਈ-ਟਿਕਟ ਰਾਹੀਂ ਦਾਖਲੇ ਨਾਲ ਆਮ ਲੋਕਾਂ ਲਈ ਮੁੜ ਖੋਲ੍ਹ ਦਿੱਤੀਆਂ ਜਾਣਗੀਆਂ। ਇਥੇ ਆਉਣ ਵਾਲਿਆਂ ਲਈ ਮਾਸਕ ਲਾਉਣਾ ਲਾਜ਼ਮੀ ਹੋਵੇਗਾ। ਇਸ ਤੋਂ ਪਹਿਲਾਂ ਜੂਨ ਵਿਚ ਮੰਤਰਾਲੇ ਨੇ 820 ਅਜਿਹੀਆਂ ਥਾਵਾਂ ਨੂੰ ਮੁੜ ਖੋਲ੍ਹ ਦਿੱਤਾ ਸੀ, ਜਿਥੇ ਧਾਰਮਿਕ ਪ੍ਰੋਗਰਾਮ ਹੁੰਦੇ ਸਨ। ਕਾਬਿਲੇਗੌਰ ਹੈ ਕਿ 3691 ਅਜਿਹੀਆਂ ਥਾਵਾਂ ਹਨ ਜਿਨ੍ਹਾਂ ਦੀ ਦੇਖਭਾਲ ਭਾਰਤੀ ਪੁਰਾਤਤਵ ਸਰਵੇਖਣ (ਏ.ਐੱਸ.ਆਈ.) ਵੱਲੋਂ ਕੀਤੀ ਜਾਂਦੀ ਹੈ। ਇਨ੍ਹਾਂ ਥਾਵਾਂ ਨੂੰ ਕੋਰੋਨਾ ਮਹਾਮਾਰੀ ਕਾਰਨ 17 ਮਾਰਚ ਨੂੰ ਬੰਦ ਕਰ ਦਿੱਤਾ ਗਿਆ ਸੀ। ਮੰਤਰਾਲੇ ਦਾ ਕਹਿਣਾ ਹੈ ਕਿ ਅਥਾਰਟੀ ਨੂੰ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕਰੋਨਾ ਸਬੰਧੀ ਜਾਰੀ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ।
ਸੱਭਿਆਚਾਰਕ ਮੰਤਰੀ ਪ੍ਰਹਿਲਾਦ ਪਟੇਲ ਨੇ ਟਵੀਟ ਕੀਤਾ, ”ਮੈਂ ਸੱਭਿਆਚਾਰਕ ਮੰਤਰਾਲੇ ਅਤੇ ਏ.ਐੱਸ.ਆਈ. ਨਾਲ ਮੀਟਿੰਗ ਤੋਂ ਬਾਅਦ ਛੇ ਜੁਲਾਈ ਤੋਂ ਸਾਰੀਆਂ ਯਾਦਗਾਰਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ” ਹਾਲਾਂਕਿ ਇਹ ਕੰਮ ਸੂਬਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਹੂਲਤ ਅਨੁਸਾਰ ਕੀਤਾ ਜਾਵੇਗਾ। ਮੰਤਰਾਲੇ ਦਾ ਕਹਿਣਾ ਹੈ ਕਿ ਸਿਰਫ ਉਹ ਸਮਾਰਕ ਹੀ ਖੋਲ੍ਹੇ ਜਾ ਰਹੇ ਹਨ, ਜਿਹੜੇ ਕੰਟੇਨਮੈਂਟ ਜ਼ੋਨ ਵਿਚ ਨਹੀਂ ਆਉਂਦੇ। ਈ-ਪੇਅਮੈਂਟ ਰਾਹੀਂ ਹੀ ਈ-ਟਿਕਟਾਂ ਲਈਆਂ ਜਾ ਸਕਣਗੀਆਂ। ਇਥੇ ਦੋ ਪੜਾਵਾਂ ਵਿਚ ਦਾਖਲਾ ਹੋਵੇਗਾ ਤੇ ਹਰ ਪੜਾਅ ਵਿਚ ਇਕ ਹਜ਼ਾਰ ਵਿਅਕਤੀ ਹੀ ਸਮਾਰਕ ਵਿਚ ਜਾ ਸਕਣਗੇ ਜਦੋਂਕਿ ਤਾਜ ਮਹਿਲ ਵਿਚ ਪ੍ਰਤੀ ਪੜਾਅ 2500 ਅਤੇ ਕੁਤੁਬ ਮੀਨਾਰ ਅਤੇ ਲਾਲ ਕਿਲੇ ਵਿਚ 1500 ਸੈਲਾਨੀਆਂ ਨੂੰ ਪ੍ਰਤੀ ਪੜਾਅ ਜਾਣ ਦੀ ਇਜਾਜ਼ਤ ਹੋਵੇਗੀ। ਸੂਤਰਾਂ ਅਨੁਸਾਰ ਸੱਭਿਆਚਾਰਕ ਮੰਤਰਾਲਾ ਛੇ ਜੁਲਾਈ ਤੋਂ ਅਜਾਇਬਘਰ ਵੀ ਖੋਲ੍ਹ ਰਿਹਾ ਹੈ।


Share