32 ਸਾਲਾ ਬਜ਼ੁਰਗ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ!

ਅਮਰੀਕਾ ਜਾਣ ਲਈ ਨੌਜਵਾਨ ਨੇ ਧਾਰਿਆ 81 ਸਾਲਾ ਬਜ਼ੁਰਗ ਦਾ ਭੇਸ
ਨਵੀਂ ਦਿੱਲੀ, 11 ਸਤੰਬਰ (ਪੰਜਾਬ ਮੇਲ)- 32 ਸਾਲਾ ਨੌਜਵਾਨ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜੋ ਕਿ 81 ਸਾਲ ਦੇ ਬਜ਼ੁਰਗ ਦੇ ਪਾਸਪੋਰਟ ‘ਤੇ ਅਮਰੀਕਾ ਜਾਣਾ ਚਾਹੁੰਦਾ ਸੀ। ਉਸ ਨੇ ਬਜ਼ੁਰਗ ਜਿਹਾ ਹੁਲੀਆ ਬਣਾਇਆ। ਦਾੜ੍ਹੀ ਅਤੇ ਵਾਲਾਂ ਨੂੰ ਡਾਈ ਨਾਲ ਚਿੱਟਾ ਕੀਤਾ। ਚਸ਼ਮਾ ਵੀ ਪਹਿਨਿਆ ਅਤੇ ਬਜ਼ੁਰਗ ਜਿਹੇ ਕੱਪੜੇ ਵੀ ਪਾਏ। ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਵੀਲਚੇਅਰ ‘ਤੇ ਏਅਰਪੋਰਟ ਪੁੱਜਿਆ। ਲੇਕਿਨ ਆਪਣੇ ਚਿਹਰੇ ‘ਤੇ ਨਕਲੀ ਝੁਰੜੀਆਂ ਨਹੀਂ ਬਣਾ ਸਕਿਆ। ਨੌਜਵਾਨ ਜਿਹੀ ਚਮੜੀ ਕਾਰਨ ਫੜਿਆ ਗਿਆ। ਹੋਇਆ ਇੰਜ ਕਿ ਰਾਤ ਕਰੀਬ 8 ਵਜੇ ਏਅਰਪੋਰਟ ਦੇ ਟਰਮਿਨਲ 3 ‘ਤੇ ਇੱਕ ਬਜ਼ੁਰਗ ਵੀਲਚੇਅਰ ‘ਤੇ ਪੁੱਜਿਆ। ਉਹ ਰਾਤ ਪੌਣੇ 11 ਵਜੇ ਨਿਊਯਾਰਕ ਜਾਣ ਵਾਲੀ ਫਲਾਈਟ ਵਿਚ ਸਵਾਰ ਹੋਣਾ ਚਾਹੁੰਦਾ ਸੀ। ਸਕਿਓਰਿਟੀ ਇੰਸਪੈਕਟਰ ਨੇ ਉਸ ਨੂੰ ਮੈਟਲ ਡਿਟੈਕਟਰ ਡੋਰ ਕਰਾਸ ਕਰਨ ਨੂੰ ਕਿਹਾ, ਲੇਕਿਨ ਬਜ਼ੁਰਗ ਨੇ ਕਿਹਾ ਚਲਣਾ ਤਾਂ ਦੂਰ ਉਹ ਸਿੱਧਾ ਖੜ੍ਹਾ ਤੱਕ ਨਹੀਂ ਹੋ ਸਕਦਾ। ਗੱਲਬਾਤ ਦੌਰਾਨ ਉਹ ਆਵਾਜ਼ ਭਾਰੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਮੂੰਹ ਫੇਰਨ ਲੱਗਾ। ਉਸ ਦੀ ਚਮੜੀ ਕਾਰਨ ਸਕਿਓਰਿਟੀ ਸਟਾਫ਼ ਨੂੰ ਉਸ ਦੀ ਉਮਰ ‘ਤੇ ਸ਼ੱਕ ਹੋਇਆ। ਕਿਉਂਕਿ ਉਸ ਦੇ ਮੂੰਹ ‘ਤੇ ਝੁਰੜੀਆਂ ਨਹੀਂ ਸਨ। ਫੇਰ ਉਸ ਦਾ ਪਾਸਪੋਰਟ ਚੈਕ ਕੀਤਾ, ਜੋ ਬਿਲਕੁਲ ਸਹੀ ਸੀ। ਇਸ ਵਿਚ ਉਸ ਦਾ ਨਾਂ ਅਮਰੀਕ ਸਿੰਘ ਅਤੇ ਜਨਮ ਤਾਰੀਕ 1 ਫਰਵਰੀ 1938 ਦਰਜ ਸੀ। ਪੁਛਗਿੱਛ ਦੌਰਾਨ ਜਦ ਸਕਿਓਰਿਟੀ ਸਟਾਫ਼ ਨੂੰ ਸਮਝ ਵਿਚ ਆ ਗਿਆ ਕਿ ਇਹ ਬਜ਼ੁਰਗ ਨਹੀਂ ਨੌਜਵਾਨ ਹੈ। ਤਾਂ ਉਸ ਨੂੰ ਸੱਚ ਬੋਲਣਾ ਪਿਆ। ਉਸ ਨੇ ਦੱਸਿਆ ਕਿ ਉਸ ਦਾ ਅਸਲੀ ਨਾਂ ਜਏਸ਼ ਪਟੇਲ ਹੈ। ਉਮਰ 32 ਸਾਲ ਅਤੇ ਪਤਾ ਅਹਿਮਦਾਬਾਦ ਹੈ। ਇਸ ਤੋਂ ਬਾਅਦ ਉਸ ਨੂੰ ਇਮੀਗਰੇਸ਼ਨ ਦੇ ਅਫ਼ਸਰਾਂ ਦੇ ਹਵਾਲੇ ਕਰ ਦਿੱਤਾ।