30 ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦਾ ਸੱਦਾ ਕੀਤਾ ਕਬੂਲ

79
Share

ਚੰਡੀਗੜ੍ਹ, 13 ਅਕਤੂਬਰ (ਪੰਜਾਬ ਮੇਲ)- ਚੰਡੀਗੜ੍ਹ ‘ਚ ਹੋਈ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ‘ਚ ਸਮੂਹ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਉਹ 14 ਅਕਤੂਬਰ ਨੂੰ ਕੇਂਦਰ ਸਰਕਾਰ ਵੱਲੋਂ ਸੱਦੀ ਮੀਟਿੰਗ ‘ਚ ਸ਼ਾਮਲ ਜ਼ਰੂਰ ਹੋਣਗੀਆਂ। ਇਸ ਦੇ ਨਾਲ ਹੀ ਸਪਸ਼ਟ ਕੀਤਾ ਕਿ ਜੇ ਮੀਟਿੰਗ ਵਿਚ ਉਸਾਰੂ ਸਿੱਟੇ ਨਾ ਨਿਕਲੇ, ਤਾਂ ਸੰਘਰਸ਼ ਸਬੰਧੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਅੱਜ ਦੀ ਇਸ ਮੀਟਿੰਗ ਵਿੱਚ ਤੀਹ ਕਿਸਾਨ ਜਥੇਬੰਦੀਆਂ ਸ਼ਾਮਲ ਸਨ, ਜਦਕਿ ਕਿਸਾਨ ਯੂਨੀਅਨ ਉਗਰਾਹਾਂ ਨੇ ਇਸ ਵਿੱਚ ਹਿੱਸਾ ਨਹੀਂ ਲਿਆ। ਇਸੇ ਦੌਰਾਨ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਸੁੱਖ ਸਰਕਾਰੀਆ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਮੇਤ ਕੈਪਟਨ ਸੰਦੀਪ ਸੰਧੂ ਨੇ ਵੀ ਇਨ੍ਹਾਂ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ। ਪੰਜਾਬ ਸਰਕਾਰ ਨੇ ਅਪੀਲ ਕੀਤੀ ਹੈ ਕਿ ਕਿਸਾਨ ਰੇਲਵੇ ਟਰੈਕ ਖਾਲੀ ਕਰ ਦੇਣ ਤਾਂ ਜੋ ਕਿਸਾਨੀ ਨਾਲ ਸਬੰਧਤ ਵਸਤਾਂ ਬਾਹਰੋਂ ਮੰਗਵਾਉਣ ਲਈ ਸੌਖ ਹੋ ਸਕੇ ਪਰ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ 15 ਅਕਤੂਬਰ ਤੱਕ ਰੇਲਵੇ ਲਾਈਨਾਂ ‘ਤੇ ਇਸੇ ਤਰ੍ਹਾਂ ਡਟੀਆਂ ਰਹਿਣਗੀਆਂ।ਮੀਟਿੰਗ ਉਪਰੰਤ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਵੱਖ ਰਹੇ ਸੰਘਰਸ਼ ਸੰਬੰਧੀ ਅਤੇ ਰੇਲਾਂ ਮਾਰਗਾਂ ‘ਤੇ ਲੱਗੇ ਪੱਕੇ ਨਾਕੇ ਹਟਾਉਣ ਸਬੰਧੀ ਦਿੱਲੀ ‘ਚ ਹੋਣ ਵਾਲੀ ਮੀਟਿੰਗ ਤੋਂ ਬਾਅਦ 15 ਅਕਤੂਬਰ ਨੂੰ ਜਥੇਬੰਦੀਆਂ ਦੇ ਨੁਮਾਇੰਦੇ ਮੁੜ ਮੀਟਿੰਗ ਕਰਨਗੇ। ਉਨ੍ਹਾਂ ਦੱਸਿਆ ਕਿ ਸਾਰੀਆਂ ਜਥੇਬੰਦੀਆਂ ਦਰਮਿਆਨ ਸਰਬਸੰਮਤੀ ਨਾਲ ਇਹੀ ਰਾਏ ਬਣੀ ਹੈ ਕਿ ਕੇਂਦਰ ਸਰਕਾਰ ਦੀ ਗੱਲ ਜ਼ਰੂਰ ਸੁਣੀ ਜਾਵੇ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਬਾਰੇ ਤੇ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਗੰਭੀਰ ਹੈ ਜਾਂ ਨਹੀਂ। ਇਸੇ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਕਾਇਮ ਮੰਤਰੀਆਂ ਦੀ ਕਮੇਟੀ ਨਾਲ ਜ਼ਿਆਦਾ ਵਿਸਥਾਰਤ ਗੱਲਬਾਤ ਨਹੀਂ ਕੀਤੀ। ਕਿਸਾਨਾਂ ਦੇ ਫ਼ੈਸਲੇ ਨਾਲ ਕੇਂਦਰ ਤੇ ਰਾਜ ਸਰਕਾਰ ਨੇ ਕੁੱਝ ਰਾਹਤ ਮਹਿਸੂਸ ਕੀਤੀ ਹੈ।
ਮੀਟਿੰਗ ਦੇ ਵਿੱਚ ਭਾਵੇਂ ਕਿ ਕਿਸਾਨ ਯੂਨੀਅਨ ਉਗਰਾਹਾਂ ਅੱਜ ਸ਼ਾਮਲ ਨਹੀ ਹੋਈ ਪਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੱਲ੍ਹ ਨੂੰ ਸੈਂਟਰ ਸਰਕਾਰ ਨਾਲ ਮੀਟਿੰਗ ਕਰਨ ਦੇ ਲਏ ਗਏ ਫੈਸਲੇ ਨਾਲ ਉਨ੍ਹਾਂ ਦੀ ਜਥੇਬੰਦੀ ਵੀ ਪੂਰੀ ਤਰ੍ਹਾਂ ਸਹਿਮਤ ਹੈ ਅਤੇ ਕਿਸਾਨ ਯੂਨੀਅਨ ਉਗਰਾਹਾਂ ਵੀ ਕੱਲ੍ਹ ਦੀ ਇਸ ਮੀਟਿੰਗ ਵਿੱਚ ਸ਼ਾਮਲ ਹੋਵੇਗੀ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਕਿਸਾਨ ਜਥੇਬੰਦੀ ਨਾਲ ਉਨ੍ਹਾਂ ਦਾ ਕੋਈ ਵੀ ਵਖਰੇਵਾਂ ਨਹੀਂ। ਉਨ੍ਹਾ ਦਾ ਕਿਹਾ ਕਿ ਐਕਸ਼ਨ ਕਰਨ ਸਬੰਧੀ ਵੱਖੋ ਵੱਖਰੀ ਰਾਇ ਹੋ ਸਕਦੀ ਹੈ ਪਰ ਕੇਂਦਰ ਸਰਕਾਰ ਵੱਲੋਂ ਥੋਪੇ ਗਏ ਖੇਤੀ ਵਿਰੋਧੀ ਕਾਨੂੰਨਾਂ ‘ਤੇ ਆਧਾਰਤ ਮੁੱਦੇ ਨੂੰ ਲੈ ਕਿਸਾਨ ਯੂਨੀਅਨ ਉਗਰਾਹਾਂ ਵੀ ਬਾਕੀ ਕਿਸਾਨ ਜਥੇਬੰਦੀਆਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ। ਸ੍ਰੀ ਉਗਰਾਹਾਂ ਨੇ ਇਹ ਅਪੀਲ ਵੀ ਕੀਤੀ ਕਿ ਕੁਝ ਕਿਸਾਨ ਨੇਤਾਵਾਂ ਵੱਲੋਂ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨ ਯੂਨੀਅਨ ਉਗਰਾਹਾਂ ਮੈਦਾਨ ਛੱਡ ਗਈ ਹੈ ਜਦਕਿ ਅਜਿਹੀ ਗੱਲ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਤੋਂ ਹਕੂਮਤ ਘਬਰਾਈ ਹੋਈ ਹੈ ਜਿਸ ਕਰਕੇ ਉਹ ਏਜੰਸੀਆਂ ਰਾਹੀਂ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਦੀਆਂ ਕੋਝੀਆਂ ਹਰਕਤਾਂ ‘ਤੇ ਉੱਤਰ ਆਈ ਹੈ।


Share