28 ਸਾਲ ਜੇਲ੍ਹ ’ਚ ਬੰਦ ਰਹੇ ਬੇਕਸੂਰ ਵਿਅਕਤੀ ਨੂੰ ਅਮਰੀਕੀ ਸਰਕਾਰ ਦੇਵੇਗੀ 71.6 ਕਰੋੜ ਦਾ ਮੁਆਵਜ਼ਾ

91
Share

ਵਾਸ਼ਿੰਗਟਨ, 4 ਜਨਵਰੀ (ਪੰਜਾਬ ਮੇਲ)- ਅਮਰੀਕਾ ’ਚ ਇਕ ਗੈਰ ਗੋਰੇ ਵਿਅਕਤੀ ਨੂੰ ਉਸ ਅਪਰਾਧ ਦੇ ਲਈ 28 ਸਾਲ ਜੇਲ੍ਹ ਵਿਚ ਬੰਦ ਰੱਖਿਆ ਗਿਆ, ਜਿਸ ਨੂੰ ਉਸ ਨੇ ਕੀਤਾ ਹੀ ਨਹੀਂ ਸੀ। ਹੁਣ ਸਰਕਾਰ ਵੱਲੋਂ ਮੁਆਵਜ਼ੇ ਦੇ ਤੌਰ ’ਤੇ ਇਸ ਬੇਕਸੂਰ ਵਿਅਕਤੀ ਨੂੰ 71.6 ਕਰੋੜ ਰੁਪਏ ਦਿੱਤੇ ਜਾ ਰਹੇ ਹਨ। ਫਿਲਾਡੇਲਫਿਆ ’ਚ ਕਤਲ ਦੇ ਇਕ ਮਾਮਲੇ ’ਚ ਇਕ ਵਿਅਕਤੀ ਚੇਸਟਰ ਹੌਲਮੈਨ ਨੂੰ ਜੇਲ੍ਹ ’ਚ ਬੰਦ ਕਰ ਦਿੱਤਾ ਗਿਆ ਸੀ। ਮਾਮਲੇ ਦਾ ਸੱਚ ਜਦੋਂ ਸਾਹਮਣੇ ਆਇਆ, ਤਾਂ 2019 ਵਿਚ ਚੇਸਟਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਜਾਂਚ ਦੇ ਦੌਰਾਨ ਪਤਾ ਚੱਲਿਆ ਸੀ ਕਿ ਮਾਮਲੇ ਦੇ ਮਹੱਤਵਪੂਰਨ ਗਵਾਹ ਨੇ 1991 ’ਚ ਝੂਠ ਬੋਲ ਕੇ ਚੇਸਟਰ ਨੂੰ ਫਸਾਇਆ ਸੀ। ਬਾਅਦ ਵਿਚ ਗਲਤ ਸਜ਼ਾ ਦੇ ਲਈ ਚੇਸਟਰ ਨੇ ਰਾਜ ਸਰਕਾਰ ’ਤੇ ਮੁਕੱਦਮਾ ਦਾਇਰ ਕੀਤਾ ਸੀ।¿;
ਬੀਤੇ ਹਫਤੇ ਫਿਲਾਡੇਲਫਿਆ ਪ੍ਰਸ਼ਾਸਨ ਨੇ ਮੁਆਵਜ਼ੇ ਦੀ ਰਾਸ਼ੀ ਦਾ ਐਲਾਨ ਕੀਤਾ। ਭਾਵੇਂਕਿ ਦੋਹਾਂ ਪੱਖਾਂ ਵਿਚ ਹੋਏ ਸਮਝੌਤੇ ’ਚ ਸਰਕਾਰ ਜਾਂ ਸਰਕਾਰ ਦੇ ਕਿਸੇ ਕਰਮਚਾਰੀ ਨੇ ਗਲਤੀ ਨਹੀਂ ਮੰਨੀ। ਫਿਲਾਡੇਲਫਿਆ ਦੇ ਮੇਅਰ ਜਿਮ ਕੇਨੀ ਨੇ ਕਿਹਾ ਕਿ ਸਮਝੌਤਾ ਠੀਕ ਹੈ ਪਰ ਕਿਸੇ ਦੀ ਆਜ਼ਾਦੀ ਦੀ ਕੋਈ ਕੀਮਤ ਨਹੀਂ ਹੋ ਸਕਦੀ। ਉੱਥੇ ਚੇਸਟਰ ਨੇ ਕਿਹਾ ਕਿ 28 ਸਾਲ ਦੇ ਬਾਅਦ ਆਜ਼ਾਦੀ ਵਾਪਸ ਮਿਲਣ ਦਾ ਅਹਿਸਾਸ ਕੌੜਾ ਹੈ ਅਤੇ ਸੁਖਦ ਵੀ। ਚੇਸਟਰ ਨੇ ਕਿਹਾ ਕਿ ਉਨ੍ਹਾਂ ਦੀ ਤਰ੍ਹਾਂ ਕਾਫੀ ਲੋਕ ਦਹਾਕਿਆਂ ਤੱਕ ਜੇਲ੍ਹ ’ਚ ਬੰਦ ਰਹਿੰਦੇ ਹਨ ਅਤੇ ਸਿਰਫ ਸੱਚ ਸਾਹਮਣੇ ਲਿਆਉਣ ਲਈ ਲੰਬੀ ਲੜਾਈ ਲੜਦੇ ਹਨ।

Share