28 ਅਤੇ 29 ਨਵੰਬਰ ਨੂੰ ਹੋਣਗੀਆਂ ਦੋ ਦਿਨਾਂ ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ-ਲਗੇਗੀ ਸਭਿਆਚਾਰਕ ਸਟੇਜ

474
ਨਿਊਜ਼ੀਲੈਂਡ ਸਿੱਖ ਗੇਮਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਵੇਲੇ ਮੈਨੇਜਮੈਂਟ ਅਤੇ ਪਹੁੰਚੇ ਹੋਰ ਖੇਡ ਪ੍ਰੰਸ਼ਸ਼ਕ। 
Share

-ਮੈਨੇਜਮੈਂਟ ਨੇ ਕੀਤਾ ਤਰੀਕਾਂ ਦਾ ਐਲਾਨ
– ਸਥਾਨ ਰਹੇਗਾ 64 ਹੈਕਟੇਅਰ ਵਾਲਾ ‘ਬਰੂਸ ਪੁਲਮਨ ਪਾਰਕ ਟਾਕਾਨੀਨੀ’
ਔਕਲੈਂਡ, 19 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਡੰਡੀਆਂ ਜਦੋਂ ਗੋਰ੍ਹੀਆਂ ਅਤੇ ਸੜਕਾਂ ‘ਚ ਬਦਲ ਮੀਲ ਪੱਥਰ ਸਥਾਪਿਤ ਕਰਨ ਲੱਗ ਜਾਣ ਤਾਂ ਰਾਹਗੀਰਾਂ ਨੂੰ ਮੰਜਿਲਾਂ ਤੱਕ ਅੱਪੜਦਿਆਂ ਨੂੰ ਦੇਰ ਨਹੀਂ ਲਗਦੀ। ਇਸੇ ਆਸ਼ੇ ਦੇ ਨਾਲ ਨਿਊਜ਼ੀਲੈਂਡ ਵਸਦੇ ਸਿੱਖਾਂ ਨੇ ਪਿਛਲੇ ਸਾਲ ਪਹਿਲੀਆਂ ਦੋ ਦਿਨਾਂ ‘ਨਿਊਜ਼ੀਲੈਂਡ ਸਿੱਖ ਖੇਡਾਂ’ ਦਾ ਸ਼ੁੱਭ ਆਗਾਜ਼ 64 ਹੈਕਟੇਅਰ ਦੇ ਵਿਚ ਫੈਲੇ ਖੇਡ ਮੈਦਾਨ ‘ਬਰੂਸ ਪੁਲਮਨ ਪਾਰਕ’ ਟਾਕਾਨੀਨੀ ਦੇ ਵਿਚ ਕੀਤਾ ਸੀ। ਬੋਲੇ ਸੋ ਨਿਹਾਲ ਦੇ ਜੈਕਾਰਿਆਂ, ਭਾਰਤ ਅਤੇ ਨਿਊਜ਼ੀਲੈਂਡ ਦੇ ਰਾਸ਼ਟਰੀ ਗੀਤਾਂ ਨਾਲ ਆਰੰਭ ਹੋਏ ਇਸ ਮਹਾਂਕੁੰਭ ਨੇ ‘ਆਸਟਰੇਲੀਅਨ ਸਿੱਖ ਖੇਡਾਂ’ ਵਾਲਿਆਂ ਦਾ ਜਿੱਥੇ ਪੂਰਾ ਧਿਆਨ ਆਪਣੇ ਵੱਲ ਖਿੱਚਿਆ ਸੀ ਉਥੇ ਪੂਰੇ ਵਿਸ਼ਵ ਦੇ ਵਿਚ ਵਸਦੇ ਸਿੱਖ ਭਾਈਚਾਰੇ ਨੇ ਇਨ੍ਹਾਂ ਖੇਡਾਂ ਪ੍ਰਤੀ ਉਤਸੁਕਤਾ ਵਿਖਾਈ ਸੀ। ਇਸ ਸਾਲ ਇਹ ਖੇਡਾਂ ਆਪਣੇ ਦੂਜੇ ਵਰ੍ਹੇ ਦੇ ਵਿਚ ਪ੍ਰਵੇਸ਼ ਕਰ ਗਈਆਂ ਹਨ। ਅੱਜ ਪ੍ਰਬੰਧਕੀ ਟੀਮ ਵੱਲੋਂ ਇਕ ਵੱਡੀ ਕਾਨਫਰੰਸ ਦੇ ਵਿਚ ਐਲਾਨ ਕੀਤਾ ਗਿਆ ਕਿ ਇਸ ਵਰ੍ਹੇ ਹੋਣ ਵਾਲੀਆਂ ਦੋ ਦਿਨਾਂ ਦੂਜੀਆਂ ‘ਨਿਊਜ਼ੀਲੈਂਡ ਸਿੱਖ ਖੇਡਾਂ’  28 ਅਤੇ 29 ਨਵੰਬਰ (ਦਿਨ ਸ਼ਨੀਵਾਰ ਅਤੇ ਐਤਵਾਰ) ਨੂੰ ਪਿਛਲੇ ਸਾਲ ਵਾਲੇ ਅਸਥਾਨ ‘ਬਰੂਸ ਪੁਲਮਨ ਪਾਰਕ’ ਵਿਖੇ ਹੀ ਕਰਵਾਈਆਂ ਜਾਣਗੀਆਂ। ਕੁਝ ਮੁਕਾਬਲੇ ਖੇਡ ਮੈਦਾਨਾਂ ਦੇ ਹਿਸਾਬ ਨਾਲ ਕੁਝ ਕੋ ਹੋਰ ਸਥਾਨਿਕ ਖੇਡ ਮੈਦਾਨਾਂ ਦੇ ਵਿਚ ਵੀ ਹੋਣਗੇ। ਕੋਵਿਡ-19 ਦੇ ਚਲਦਿਆਂ ਸਰਹੱਦਾਂ ਦੀ ਤਾਲਬੰਦੀ ਨੂੰ ਧਿਆਨ ਵਿਚ ਰੱਖਦਿਆਂ ਇਹ ਸੋਚਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਅੰਤਰਰਾਸ਼ਟਰੀ ਖਿਡਾਰੀ ਇਸ ਖੇਡ ਮਹਾਂਕੁੰਭ ਦੇ ਵਿਚ ਨਾ ਪਹੁੰਚ ਸਕਣ ਪਰ ਕੋਸ਼ਿਸ਼ ਜਾਰੀ ਰਹੇਗੀ।
ਅੱਜ ਖੇਡਾਂ ਦੇ ਹੋਏ ਐਲਾਨ ਮੌਕੇ ਹੋਈ ਕਾਨਫਰੰਸ ਦਾ ਸ਼ੁੱਭ ਆਰੰਭ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਸਵਾਗਤੀ ਲਫਜ਼ਾਂ, ਹਾਊਸ ਕੀਪਿੰਗ ਨਿਯਮਾਂ ਅਤੇ ਪ੍ਰੋਗਰਾਮ ਦੇ ਸੰਖੇਪ ਵੇਰਵੇ ਨਾਲ ਦਿੱਤਾ। ਕਰੋਨਾ ਵਾਇਰਸ ਨਾਲ ਜਾਨ ਗਵਾ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਨਵਤੇਜ ਰੰਧਾਵਾ ਨੇ ਸਲਾਈਡ ਸ਼ੋਅ ਬਾਰੇ ਪਿਛਲੇ ਸਾਲ ਦੀਆਂ ਖੇਡਾਂ ਦੀ ਗਿਣਤੀ-ਮਿਣਤੀ ਦਾ ਪੂਰਾ ਵੇਰਵਾ ਦਿੱਤਾ।
ਖੇਡਾਂ ਦੀਆਂ ਤਰੀਕਾਂ ਦੇ ਸਬੰਧ ਵਿਚ ਪ੍ਰਸਿੱਧ ਗਾਇਕ ਹਰਮਿੰਦਰ ਨੂਰਪੁਰੀ ਅਤੇ ਪ੍ਰਸਿੱਧ ਹਾਸਰਸ ਕਲਾਕਾਰ ਭੋਟੂ ਸ਼ਾਹ ਦੇ ਵੀਡੀਓ ਸੰਦੇਸ਼ ਵੀ ਸੁਣਾਏ ਗਏ। ਖੇਡ ਕਮੇਟੀ ਦੀ ਮੌਜੂਦਗੀ ਦੇ ਵਿਚ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਨੇ ਪਿਛਲੇ ਸਾਲ ਦੀ ਰਿਪੋਰਟ ਦੇ ਅੰਸ਼ ਅਤੇ ਤਜ਼ਰਬੇ ਸਾਂਝੇ ਕਰਦਿਆਂ ਇਨ੍ਹਾਂ ਖੇਡਾਂ ਨੂੰ ‘ਤੁਹਾਡੀਆਂ ਖੇਡਾਂ-ਤੁਸੀਂ ਦਰਸ਼ਕ’ ਵਜੋਂ ਅਪਨਾਉਣ ਦੀ ਅਪੀਲ ਕੀਤੀ। ਮੈਨੇਜਮੈਂਟ ਵੱਲੋਂ ਪਿਛਲੇ ਸਾਲ ਦਾ ਵਿੱਤੀ ਲੇਖਾ-ਜੋਖਾ ਪੇਸ਼ ਕਰਦੀ ਇਕ ਰਿਪੋਰਟ ਵੀ ਦਰਸ਼ਕਾਂ ਨੂੰ ਵੰਡੀ ਗਈ। ਬੁਲਾਰਿਆਂ ਦੇ ਵਿਚ ਸ. ਪ੍ਰਿਥੀਪਾਲ ਸਿੰਘ ਬਸਰਾ, ਸ. ਅਜੀਤ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਔਲਖ, ਤੀਰਥ ਸਿੰਘ ਅਟਵਾਲ, ਨਿਰਮਜੀਤ ਸਿੰਘ ਭੱਟੀ, ਬੇਗਮਪੁਰਾ ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ, ਸ. ਕੁਲਬੀਰ ਸਿੰਘ, ਦਵਿੰਦਰ ਕੌਰ, ਮੈਡਮ ਇੰਦੂ ਬਾਜਵਾ, ਚਰਨਜੀਤ ਸਿੰਘ ਚਾਹਲ, ਸ. ਅਮਨ ਰੰਧਾਵਾ, ਸੰਨੀ ਸਿੰਘ ਅਤੇ ਲਵਲੀਨ ਕੌਰ ਸ਼ਾਮਿਲ ਰਹੇ। ਸ. ਪ੍ਰਿਥੀਪਾਲ ਸਿੰਘ ਬਸਰਾ ਨੇ ਗੁਰਦੁਆਰਾ ਸ੍ਰੀ ਦਸੇਮਸ਼ ਦਰਬਾਰ ਦੀ ਕਮੇਟੀ ਵੱਲੋਂ 25000 ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ।
ਮਾਲਵਾ ਕਲੱਬ ਤੋਂ ਜਗਦੀਪ ਸਿੰਘ ਵੜੈਚ, ਜਗਦੇਵ ਸਿੰਘ ਜੱਗੀ, ਬੇਅ ਆਫ ਪਲੈਂਟੀ ਤੋਂ ਹਰਪ੍ਰੀਤ ਗਿੱਲ ਸਮੇਤ ਹੋਰ ਬਹੁਤ ਸਾਰੇ ਮੈਂਬਰ ਹਾਜ਼ਿਰ ਸਨ।
ਅੱਜ ਦੇ ਇਸ ਸਮਾਗਮ ਦੇ ਅੰਤ ਵਿਚ ਖੇਡ ਕਲੱਬਾਂ ਦੇ ਅਹੁਦੇਦਾਰਾਂ, ਖਿਡਾਰੀਆਂ, ਧਾਰਮਿਕ ਕਮੇਟੀਆਂ ਦੇ ਮੈਂਬਰ ਸਾਹਿਬਾਨਾਂ, ਸਮਾਜਿਕ ਸੰਸਥਾਵਾਂ ਦੇ ਕਾਰਕੁੰਨਾਂ, ਭਾਰਤੀ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਕਰਮੀਆਂ, ਸਪਾਂਸਰਜ਼, ਮੈਨੇਜਮੈਂਟ ਆਈ. ਟੀ. ਵਿੰਗ ਦੇ ਨੌਜਵਾਨਾਂ ਦਾ ਧੰਨਵਾਦ ਕੀਤਾ ਗਿਆ।


Share