25 ਸਾਲਾ ਭਾਰਤੀ ਖਿਡਾਰੀ ਨੇ ਜਿਨਸੀ ਸ਼ੋਸ਼ਣ ਦਾ ਜੁਰਮ ਕਬੂਲਿਆ

ਨਿਊਯਾਰਕ, 10 ਦਸੰਬਰ (ਪੰਜਾਬ ਮੇਲ)- ਅਮਰੀਕਾ ‘ਚ ਇਕ ਨਾਬਾਲਿਗ ਲੜਕੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਗਿ੍ਰਫ਼ਤਾਰ ਕੀਤੇ ਗਏ 25 ਸਾਲਾ ਭਾਰਤੀ ਖਿਡਾਰੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਸਨੂੰ ਉਸਦੇ ਮੁਲਕ ਭੇਜਿਆ ਜਾਵੇਗਾ।
ਜੰਮੂ ਕਸ਼ਮੀਰ ਦੇ ਸਨੋਸ਼ੂ ਰੇਸਰ ਤਨਵੀਰ ਹੁਸੈਨ ‘ਤੇ ਸਾਰਾਨੈਕ ਲੇਕ ਦੀ 12 ਸਾਲਾ ਬੱਚੀ ਦੇ ਜਿਨਸੀ ਸ਼ੋਸ਼ਣ ਅਤੇ ਉਸਦੇ ਹਿੱਤ ਨੂੰ ਖ਼ਤਰੇ ਵਿਚ ਪਾਉਣ ਦਾ ਦੋਸ਼ ਸੀ। ਇਹ ਘਟਨਾ ਇਸੇ ਸਾਲ 27 ਫਰਵਰੀ ਨੂੰ ਹੋਈ ਸੀ। ਇਸ ਤੋਂ ਬਾਅਦ ਉਸਨੂੰ ਇਕ ਮਾਰਚ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਹੁਸੈਨ ਆਪਣੇ ਸਾਥੀ ਐਥਲੀਟ ਆਬਿਦ ਹੁਸੈਨ ਖਾਨ ਦੇ ਨਾਲ ਵਰਲਡ ਸਨੋਸ਼ੂ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਲਈ ਸਾਰਾਨੈਕ ਲੇਕ ਗਿਆ ਸੀ। ਇਹ ਮੁਕਾਬਲਾ 23 ਫਰਵਰੀ ਤੋਂ 25 ਤਕ ਹੋਇਆ ਸੀ। ਨਿਊਯਾਰਕ ਸਟੇਟ ਦੇ ਡਿਸਟਿ੫ਕਟ ਅਟਾਰਨੀ ਨੇ ਕਿਹਾ ਕਿ ਹੁਸੈਨ ਨੇ ਏਸੈਕਸ ਕਾਉਂਟੀ ਦੀ ਅਦਾਲਤ ‘ਚ ਮੰਨਿਆ ਕਿ ਉਸਨੇ ਬੱਚੀ ਨਾਲ ਅਪਰਾਧਕ ਕਰਤੂਤ ਕੀਤੀ ਸੀ। ਇਸ ਤੋਂ ਪਹਿਲਾਂ ਉਸਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਉਸਨੂੰ ਹੁਣ ਭਾਰਤ ਭੇਜ ਦਿੱਤਾ ਜਾਵੇਗਾ ਕਿਉਂਕਿ ਉਸਦੇ ਵੀਜ਼ੇ ਦੀ ਮਿਆਦ ਅਗਸਤ ‘ਚ ਸਮਾਪਤ ਹੋ ਚੁੱਕੀ ਹੈ। ਹਾਲਾਂਕਿ ਉਸ ਨੂੰ ਭਾਰਤ ਭੇਜਣ ਦੀ ਪ੍ਰਕਿਰਿਆ ‘ਚ ਕੁਝ ਸਮਾਂ ਲੱਗ ਸਕਦਾ ਹੈ।