ਨਵੀਂ ਦਿੱਲੀ, 16 ਜੁਲਾਈ (ਪੰਜਾਬ ਮੇਲ)- ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਭਾਰਤ ਦੀ ਆਬਾਦੀ 2048 ‘ਚ 1.6 ਅਰਬ ਦੇ ਅੰਕੜੇ ਨੂੰ ਛੂਹ ਸਕਦੀ ਹੈ, ਜਦੋਂਕਿ 2100 ‘ਚ ਇਹ 32 ਫ਼ੀਸਦੀ ਘੱਟ ਕੇ ਲਗਪਗ 1.09 ਅਰਬ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਵੀ ਬਣ ਸਕਦਾ ਹੈ। ਮੈਗਜ਼ੀਨ ‘ਦ ਲੈਨਸੇਟ’ ਵਿਚ ਪ੍ਰਕਾਸ਼ਿਤ ਉਕਤ ਰਿਪੋਰਟ ਵਿਚ ‘ਦੁਨੀਆ ‘ਚ ਬਿਮਾਰੀਆਂ ਦਾ ਭਾਰ 2017’ ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ ਤੇ ਭਾਰਤ, ਅਮਰੀਕਾ, ਚੀਨ ਤੇ ਜਾਪਾਨ ਸਮੇਤ 183 ਦੇਸ਼ਾਂ ‘ਚ ਮੌਤ, ਜਨਮ ਤੇ ਪ੍ਰਵਾਸ ਦਰ ਨੂੰ ਲੈ ਕੇ ਭਵਿੱਖ ਦੀ ਕੌਮਾਂਤਰੀ, ਖੇਤਰੀ ਤੇ ਕੌਮੀ ਆਬਾਦੀ ਨੂੰ ਪੇਸ਼ ਕਰਨ ਲਈ ਨਵੀਨਤਮ ਮਾਡਲਾਂ ਦੀ ਵਰਤੋਂ ਕੀਤੀ ਗਈ ਹੈ। ਖੋਜਕਰਤਾਵਾਂ ਅਨੁਸਾਰ ਭਾਰਤ ਤੇ ਚੀਨ ਵਰਗੇ ਵਿਕਾਸਸ਼ੀਲ ਦੇਸ਼ਾਂ ‘ਚ ਕੰਮ ਕਰਨ ਵਾਲੀ ਆਬਾਦੀ ‘ਚ ਨਾਟਕੀ ਗਿਰਾਵਟ ਦੇ ਨਾਲ ਆਰਥਿਕ ਵਿਕਾਸ ਦਾ ਪਹੀਆ ਵੀ ਹੌਲੀ ਹੋ ਸਕਦਾ ਹੈ ਤੇ ਵਿਸ਼ਵਵਿਆਪੀ ਸ਼ਕਤੀਆਂ ‘ਚ ਵੀ ਤਬਦੀਲੀ ਆ ਸਕਦੀ ਹੈ। ਉਨ੍ਹਾਂ ਅਨੁਸਾਰ ਇਸ ਸਦੀ ਦੇ ਅੰਤ ‘ਚ ਭਾਰਤ, ਨਾਈਜੀਰੀਆ, ਚੀਨ ਤੇ ਅਮਰੀਕਾ ਵਰਗੀਆਂ ਪ੍ਰਮੁੱਖ ਸ਼ਕਤੀਆਂ ਨਾਲ ਵਿਸ਼ਵ ਬਹੁ-ਧਰੁਵੀ ਹੋ ਸਕਦਾ ਹੈ ਤੇ ਇਹ ਇਕ ਨਵੀਂ ਦੁਨੀਆਂ ਹੋਵੇਗੀ।