2 ਸਟੋਰਾਂ ਵਿਚ ਗੋਲੀਬਾਰੀ, ਇਕ ਭਾਰਤੀ ਅਮਰੀਕੀ ਵਿਅਕਤੀ ਦੀ ਮੌਤ, ਦੂਜਾ ਗੰਭੀਰ ਜ਼ਖਮੀ

ਵਾਸ਼ਿੰਗਟਨ, 9 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਜੋਰਜੀਆ ਰਾਜ ਵਿਚ 2 ਸਟੋਰਾਂ ਵਿਚ ਇਕ ਵਿਅਕਤੀ ਨੇ ਗੋਲੀਬਾਰੀ ਕੀਤੀ, ਜਿਸ ਵਿਚ ਇਕ ਭਾਰਤੀ ਅਮਰੀਕੀ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੂਜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸ਼ੈਰਿਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਬਰਨੇਟ ਫੇਰੀ ਰੋਡ ‘ਤੇ ਹਾਈ ਟੇਕ ਕਵਿੱਕ ਸਟੋਪ ਵਿਚ ਇਕ ਬੰਦੂਕਧਾਰੀ ਨੇ 44 ਸਾਲਾਂ ਪਰਮਜੀਤ ਸਿੰਘ ਨੂੰ ਕਈ ਵਾਰ ਗੋਲੀ ਮਾਰੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੇ 2 ਬੱਚੇ ਹਨ ਜੋ ਹਾਈ ਸਕੂਲ ਵਿਚ ਪੜ੍ਹਦੇ ਹਨ। ਇਸ ਘਟਨਾ ਦੇ 10 ਮਿੰਟ ਬਾਅਦ ਬੰਦੂਕਧਾਰੀ ਇਕ ਹੋਰ ਸਟੋਰ ਐਲਮ ਸਟਰੀਟ ਫੂਡ ਐਂਡ ਬਿਵਰੇਜ ਵਿਚ ਦਾਖਲ ਹੋਇਆ, ਜਿੱਥੋਂ ਉਸ ਨੇ ਪੈਸੇ ਲੁੱਟੇ ਅਤੇ 30 ਸਾਲਾਂ ਕਲਰਕ ਪਾਰਥੇ ਪਟੇਲ ਨੂੰ ਗੋਲੀ ਮਾਰ ਦਿੱਤੀ। ਪਟੇਲ ਦੀ ਹਾਲਤ ਗੰਭੀਰ ਹੈ।
ਸ਼ੱਕੀ 28 ਸਾਲਾਂ ਰਾਸ਼ਦ ਨਿਕੋਲਸਨ ‘ਤੇ ਹੱਤਿਆ, ਲੁੱਟਖੋਹ, ਹਥਿਆਰ ਰੱਖਣ ਅਤੇ ਅਪਰਾਧ ਨੂੰ ਅਨਜਾਮ ਦੇਣ ਸਮੇਤ ਕਈ ਦੋਸ਼ ਲਗਾਏ ਗਏ ਹਨ। ਉਸ ਨੂੰ ਫਲੋਇਡ ਕਾਊਂਟੀ ਜੇਲ ਵਿਚ ਰੱਖਿਆ ਗਿਆ ਹੈ। ਇਕ ਸਥਾਨਕ ਅਖਬਾਰ ਮੁਤਾਬਕ ਫਲੋਇਡ ਕਾਊਂਟੀ ਪੁਲਸ ਦੇ ਮੇਜਰ ਜੇਫ ਜੋਨਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਮਿਲੇ ਸੁਰੱਖਿਆ ਵੀਡੀਓ ਨੂੰ ਦੇਖਣ ‘ਤੇ ਪਤਾ ਲੱਗਾ ਕਿ ਸ਼ੱਕੀ ਸਟੋਰ ਵਿਚ ਗਿਆ, ਜਿਥੇ ਉਸ ਨੇ ਕਾਊਂਟਰ ਦੇ ਪਿੱਛੇ ਖੜ੍ਹੇ ਪਰਮਜੀਤ ਸਿੰਘ ਨੂੰ ਤੁਰੰਤ 3 ਗੋਲੀਆਂ ਮਾਰੀਆਂ। ਉਥੇ ਇਕ ਮਹਿਲਾ ਕਰਮਚਾਰੀ ਵੀ ਖੜ੍ਹੀ ਸੀ ਜੋ ਇਸ ਹਮਲੇ ਵਿਚ ਸੁਰੱਖਿਅਤ ਬਚ ਗਈ। ਉਨ੍ਹਾਂ ਦੱਸਿਆ ਕਿ ਸਟੋਰ ਨੂੰ ਲੁੱਟਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਨਿਕੋਲਸਨ ਪਹਿਲਾਂ ਵੀ ਅਪਰਾਧਾਂ ਵਿਚ ਸ਼ਾਮਲ ਰਿਹਾ ਹੈ।