16 ਸਤੰਬਰ ਦੇ 14ਵੇਂ ਵਿਸ਼ਵ ਕਬੱਡੀ ਕੱਪ ਲਈ ਤਕਨੀਕੀ ਕਮੇਟੀ ਦਾ ਗਠਨ

ਯੂਨੀਅਨ ਸਿਟੀ, 12 ਸਤੰਬਰ (ਪੰਜਾਬ ਮੇਲ)- ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ, ਅਮਰੀਕਾ ਵਲੋਂ ਲੋਗਨ ਹਾਈ ਸਕੂਲ, ਯੂਨੀਅਨ ਸਿਟੀ ਵਿਖੇ 16 ਸਤੰਬਰ, ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੇਰ ਸ਼ਾਮ ਤੱਕ ਕਰਵਾਏ ਜਾ ਰਹੇ 14ਵੇਂ ਵਿਸ਼ਵ ਕਬੱਡੀ ਕੱਪ ਲਈ ਤਕਨੀਕੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਇੱਥੇ ਰਾਜਾ ਸਵੀਟਸ ਵਿਖੇ ਚੇਅਰਮੈਨ ਸ. ਮੱਖਣ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਫੈਸਲਾ ਲਿਆ ਗਿਆ ਕਿ ਇਕਬਾਲ ਸਿੰਘ ਗਾਖਲ, ਤੀਰਥ ਸਿੰਘ ਗਾਖਲ, ਸਰਦੂਲ ਸਿੰਘ ਰੰਧਾਵਾ, ਅਜੀਤ ਸਿੰਘ ਬੱਲ ਅਤੇ ਜਗੀਰ ਸਿੰਘ ਸਾਰੇ ਕਬੱਡੀ ਕੱਪ ਦੌਰਾਨ ਮੈਚਾਂ ਦੇ ਤਕਨੀਕੀ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੰਭਾਲਣਗੇ। ਸ. ਬੈਂਸ ਨੇ ਕਿਹਾ ਕਿ ਇਹ ਖੇਡਾਂ ਜ਼ਰੀਏ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਇਕ ਸਾਂਝਾ ਮੰਚ ਹੈ ਤੇ ਇਸ ਨੂੰ ਸਫਲ ਬਣਾਉਣ ਵਿਚ ਸਾਰਿਆਂ ਦਾ ਪੂਰਨ ਸਹਿਯੋਗ ਹੈ ਅਤੇ ਉਹ ਆਸ ਵੀ ਕਰਦੇ ਹਨ ਕਿ ਇਵੇਂ ਹੀ ਇਹ ਸਾਂਝ ਦਿਨੋਂ-ਦਿਨ ਹੋਰ ਵੀ ਗੂੜ੍ਹੀ ਹੁੰਦੀ ਜਾਵੇਗੀ। ਤਕਨੀਕੀ ਕਮੇਟੀ ਦਾ ਗਠਨ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਕਿਸੇ ਵੇਲੇ ਪੁਆਇੰਟ ਇਧਰ-ਓਧਰ ਹੋਣ ਕਾਰਨ ਨਾਰਾਜ਼ਗੀਆਂ ਜਾਂ ਰੋਸ ਪੈਦਾ ਹੋ ਜਾਂਦਾ ਹੈ। ਅਜਿਹਾ ਵੱਡੇ-ਵੱਡੇ ਖੇਡ ਮੇਲਿਆਂ ਵਿਚ ਅਕਸਰ ਹੁੰਦਾ ਵੀ ਹੈ। ਇਹ ਤਕਨੀਕੀ ਕਮੇਟੀ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗੀ। ਕਮੇਟੀ ਦੇ ਤਿੰਨ ਮੈਂਬਰਾਂ ਦੀ ਸਹਿਮਤੀ ਵਾਲਾ ਫੈਸਲਾ ਹੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲੇ ਤੱਕ ਯੂਨਾਈਟਿਡ ਸਪੋਰਟਸ ਕਲੱਬ ਦੇ ਕਿਸੇ ਵੀ ਵਿਸ਼ਵ ਕੱਪ ਵਿਚ ਅਜਿਹੀ ਸਮੱਸਿਆ ਨਹੀਂ ਆਈ ਅਤੇ ਅੱਗੋਂ ਤੋਂ ਵੀ ਨਾ ਆਵੇ, ਇਸੇ ਲਈ ਤਕਨੀਕੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿਚ ਸਾਰੇ ਹੀ ਜ਼ਿੰਮੇਵਾਰ ਅਤੇ ਤਜ਼ਰਬੇਕਾਰ ਸ਼ਖਸੀਅਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਮੀਟਿੰਗ ‘ਚ ਵੱਖ-ਵੱਖ ਖੇਡ ਕਲੱਬਾਂ ਦੇ ਨੁਮਾਇੰਦੇ ਅਤੇ ਚੋਣਵੇਂ ਖਿਡਾਰੀ ਵੀ ਹਾਜ਼ਰ ਸਨ।