15ਵੇਂ ਵਿਸ਼ਵ ਕਬੱਡੀ ਕੱਪ ਲਈ ਸਮੁੱਚੀਆਂ ਤਿਆਰੀਆਂ ਮੁਕੰਮਲ

ਯੂਨੀਅਨ ਸਿਟੀ, 11 ਸਤੰਬਰ (ਪੰਜਾਬ ਮੇਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ ਵਲੋਂ 15 ਸਤੰਬਰ ਦਿਨ ਐਤਵਾਰ ਨੂੰ ਕਰਵਾਏ ਜਾਣ ਵਾਲੇ 15ਵੇਂ ਵਿਸ਼ਵ ਕਬੱਡੀ ਕੱਪ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਤੇ ਸਰਪ੍ਰਸਤ ਸ. ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਉਹ ਇਕ ਵਾਰ ਫਿਰ ਰਿਣੀ ਹਨ ਆਪਣੇ ਸਾਰੇ ਸਪਾਸਰਾਂ ਦੇ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕਬੱਡੀ ਇਤਿਹਾਸ ਸਿਰਜਣ ਦੇ ਯੋਗ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਕਬੱਡੀ ਦੇ ਧੁਨੰਤਰ ਖਿਡਾਰੀ ਹੀ ਇਸ ਖੇਡ ਮੇਲੇ ਵਿਚ ਕਬੱਡੀ ਦੇ ਰੰਗ ਨਹੀਂ ਦਿਖਾਉਣਗੇ, ਸਗੋਂ ਚਾਰ ਪ੍ਰਮੁੱਖ ਕਲੱਬਾਂ ਬੇਏਰੀਆ ਸਪੋਰਟਸ ਕਲੱਬ, ਯੰਗ ਸਪੋਰਟਸ ਕਬੱਡੀ ਕਲੱਬ, ਨਿਊਯਾਰਕ ਮੈਟਰੋ ਕਲੱਬ ਅਤੇ ਟੀਮ ਨੌਰਥ ਅਮੈਰਿਕਾ (ਕੈਨੇਡਾ) ਵਿਚ ਬਰਾਬਰ ਦੇ ਖਿਡਾਰੀ ਫਸਵੇਂ ਮੁਕਾਬਲਿਆਂ ਵਿਚ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ। ਉਨ੍ਹਾਂ ਸਮੂਹ ਕਬੱਡੀ ਪ੍ਰੇਮੀਆਂ ਅਤੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ 15 ਸਤੰਬਰ ਦਾ ਇਕ ਦਿਨ ਇਸ ਇਤਿਹਾਸਕ ਕਬੱਡੀ ਕੱਪ ਦੇ ਲੇਖੇ ਲਾਓ ਅਤੇ ਇਹ ਸਾਡੀ ਪਹਿਚਾਣ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਵੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੇਲੇ ਦੌਰਾਨ ਜਿੱਥੇ ਕਬੱਡੀ ਨੂੰ ਬੁਲੰਦੀਆਂ ਦੇਣ ਵਾਲੇ ਨੇਕੀ ਸਿੱਧਵਾਂ, ਮੰਗੀ ਬੱਗਾ ਪਿੰਡ, ਸੰਦੀਪ ਨੰਗਲ ਅੰਬੀਆਂ, ਪਾਲਾ ਜਲਾਲਪੁਰ, ਖੁਸ਼ੀ ਦੁੱਗਾਂ ਅਤੇ ਸੁਲਤਾਨ ਸ਼ਮਸ਼ਪੁਰ ਨੂੰ ਗਾਖਲ ਪਰਿਵਾਰ ਆਪਣੇ ਪਿਤਾ ਸ. ਨਸੀਬ ਸਿੰਘ ਗਾਖਲ ਦੀ ਯਾਦ ‘ਚ ਗੋਲਡ ਮੈਡਲਾਂ ਨਾਲ ਸਨਮਾਨ ਦੇਵੇਗਾ, ਉੱਥੇ ਇਸ ਸਿੱਖ ਜਗਤ ਦੇ ਇਤਿਹਾਸਕ ਵਰ੍ਹੇ ‘ਤੇ ਸਮਾਜਿਕ, ਸਾਹਿਤਕ ਅਤੇ ਧਾਰਮਿਕ ਖੇਤਰ ਦੀਆਂ 5 ਅਹਿਮ ਸ਼ਖਸੀਅਤਾਂ ਡਾ. ਹਰਕੇਸ਼ ਸੰਧੂ, ਉਲੰਪੀਅਨ ਮਹਿੰਦਰ ਸਿੰਘ ਗਿੱਲ, ਯੂਨੀਅਨ ਸਿਟੀ ਦੇ ਡਿਪਟੀ ਮੇਅਰ ਗੈਰੀ ਸਿੰਘ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਅਤੇ ਤਰਲੋਚਨ ਸਿੰਘ ਦੁਪਾਲਪੁਰ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਕਲੱਬ ਦੇ ਚੇਅਰਮੈਨ ਸ. ਮੱਖਣ ਸਿੰਘ ਬੈਂਸ ਨੇ ਕਿਹਾ ਕਿ ਸਕਿਉਰਿਟੀ, ਲੰਗਰ, ਪਾਰਕਿੰਗ ਦੇ ਪ੍ਰਬੰਧ ਵੀ ਮੁਕੰਮਲ ਕਰ ਲਏ ਗਏ ਹਨ ਤੇ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਇਸ ਇਤਿਹਾਸ ਕਬੱਡੀ ਕੱਪ ਨੂੰ ਵੇਖਣ ਆਉਣ ਵਾਲੇ ਕਿਸੇ ਵੀ ਕਬੱਡੀ ਪ੍ਰੇਮੀ ਨੂੰ ਕਿਸੇ ਤਰ੍ਹਾਂ ਦੀ ਕੋਈ ਅਸੁਵਿਧਾ ਨਾ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਅਰਸੇ ਤੋਂ ਸੱਚੀ-ਮੁੱਚੀਂ ਹੀ ਇਸ ਕਬੱਡੀ ਕੱਪ ਨੂੰ ਸਫਲਤਾ ਦੇਣ ਲਈ ਹਰ ਸੰਭਵ ਯਤਨ ਕੀਤਾ ਗਿਆ ਹੈ ਅਤੇ ਡਰੱਗ ਫ੍ਰੀ ਇਸ ਕੱਬਡੀ ਕੱਪ ਵਿਚ ਡਰੱਗ ਫ੍ਰੀ ਸਰਟੀਫਿਕੇਟ ਪ੍ਰਾਪਤ ਖਿਡਾਰੀਆਂ ਨੂੰ ਹੀ ਖੇਡਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਕਬੱਡੀ ਕੱਪ ‘ਚ ਜਿੱਥੇ ਵੱਡੀਆਂ ਚਾਰ ਕਲੱਬਾਂ ਭਾਗ ਲੈ ਰਹੀਆਂ ਹਨ, ਉੱਥੇ ਸਥਾਨਕ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਆਲ ਓਪਨ ਮੁਕਾਬਲਿਆਂ ਵਿਚ ਦੋ ਕਬੱਡੀ ਟੀਮਾਂ ਯੂਨਾਈਟਿਡ ਸਪੋਰਟਸ ਕਲੱਬ ਅਤੇ ਯੰਗ ਸਪੋਰਟਸ ਕਲੱਬ ਖੇਡਣਗੀਆਂ, ਜਦੋਂਕਿ ਅੰਡਰ-21 ਮੁਕਾਬਲਿਆਂ ਵਿਚ ਬਿਲਕੁਲ ਨਵੇਂ ਖਿਡਾਰੀਆਂ ਦੀਆਂ ਦੋ ਟੀਮਾਂ ਦਰਸ਼ਕਾਂ ਨੂੰ ਨਵੀਂ ਪੀੜ੍ਹੀ ਦੇ ਨਵੇਂ ਕਬੱਡੀ ਰੰਗ ਦਿਖਾਉਣਗੀਆਂ। ਸ. ਮੱਖਣ ਸਿੰਘ ਬੈਂਸ ਨੇ ਸਮੂਹ ਸੰਗਤਾਂ, ਕਬੱਡੀ ਪ੍ਰੇਮੀਆਂ ਨੂੰ ਇਸ ਇਤਿਹਾਸ ਕਬੱਡੀ ਕੱਪ ‘ਤੇ ਪਹੁੰਚਣ ਦੀ ਅਪੀਲ ਕਰਦਿਆਂ ਇਹ ਵੀ ਦੱਸਿਆ ਕਿ ਜਿੱਥੇ ਗੁਰੂਘਰ ਸੈਨਹੋਜ਼ੇ, ਫਰੀਮਾਂਟ, ਮਿਲਪੀਟਸ ਤੇ ਸਟਾਕਟਨ ਸੰਗਤਾਂ ਲਈ ਲੰਗਰ ਦੀ ਸੇਵਾ ਕੀਤੀ ਜਾਵੇਗੀ, ਉੱਥੇ ਰਾਜਾ ਸਵੀਟਸ ਵਲੋਂ ਮੁਫਤ ਚਾਹ, ਪਕੌੜੇ, ਛੋਲੇ ਪੂਰੀਆਂ ਅਤੇ ਜਲੇਬੀਆਂ ਦਾ ਲੰਗਰ ਵੀ ਲਗਾਇਆ ਜਾਵੇਗਾ। ਸ਼ਿਕਾਗੋ ਪੀਜ਼ਾ ਅਤੇ ਵੇਰਕਾ ਵਲੋਂ ਲੱਸੀ ਅਤੇ ਆਪਣੇ ਹੋਰ ਪ੍ਰੌਡਕਟ ਮੁਫਤ ਦਰਸ਼ਕਾਂ ‘ਚ ਵੰਡੇ ਜਾਣਗੇ। ਹੋਰ ਜਾਣਕਾਰੀ ਲਈ ਫੋਨ ਨੰਬਰ 510-415-3315 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।