ਔਟਵਾ, 27 ਮਾਰਚ (ਪੰਜਾਬ ਮੇਲ)- ਵਿਦੇਸ਼ਾਂ ਤੋਂ ਕੈਨੇਡਾ ਪਰਤਣ ਵਾਲੇ ਪਰ 14 ਦਿਨ ਤੱਕ ਘਰ ਰਹਿਣ ਦੇ ਨਿਯਮ ਤੋੜ ਰਹੇ ਕੈਨੇਡੀਅਨਜ਼ ਨੂੰ ਭਾਰੀ ਭਰਕਮ ਜੁਰਮਾਨਾ ਲਾਉਣ ਅਤੇ ਜੇਲ ਭੇਜਣ ਦਾ ਐਲਾਨ ਕੀਤਾ ਗਿਆ ਹੈ। ਕੈਨੇਡਾ ਸਰਕਾਰ ਵੱਲੋਂ ਜਾਰੀ ਹੁਕਮਾਂ ਤਹਿਤ ਜਿਹੜਾ ਸ਼ਖਸ ਵਿਦੇਸ਼ ਤੋਂ ਪਰਤਣ ਮਗਰੋਂ ਦੋ ਹਫ਼ਤੇ ਘਰ ਨਹੀਂ ਰਹੇਗਾ, ਉਸ ਨੂੰ 10 ਲੱਖ ਡਾਲਰ ਜੁਰਮਾਨਾ ਅਤੇ ਤਿੰਨ ਸਾਲ ਲਈ ਜੇਲ• ਭੇਜ ਦਿਤਾ ਜਾਵੇਗਾ। ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ਼ਰੀਲੈਂਡ ਨੇ ਪਾਰਲੀਮੈਂਟ ਹਿਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਕੈਨੇਡਾ ਵਾਸੀਆਂ ਦੀ ਸਿਹਤ ਅਤੇ ਸੁਰੱਖਿਆ ਵਾਸਤੇ ਇਹ ਕਦਮ ਬੇਹੱਦ ਲਾਜ਼ਮੀ ਹੋ ਗਿਆ ਸੀ।” ਕੋਰੋਨਾ ਵਾਇਰਸ ਰੂਪੀ ਮਹਾਂਮਾਰੀ ਨਾਲ ਨਜਿੱਠਣ ਲਈ ਲਿਬਰਲ ਸਰਕਾਰ ਵੱਲੋਂ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ, ਬਲਾਕ ਕਿਊਬਿਕ ਅਤੇ ਐਨ.ਡੀ.ਪੀ. ਦੇ ਐਮ.ਪੀਜ਼ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ ਤਾਂ ਕਿ ਸਰਕਾਰ ਨੂੰ ਅਸੀਮਤ ਖ਼ਰਚ ਕਰਨ ਦੀ ਤਾਕਤ ਮਿਲ ਸਕੇ। ਲਿਬਰਲ ਸਰਕਾਰ ਨੂੰ ਮਿਲੀਆਂ ਨਵੀਆਂ ਤਾਕਤਾਂ 30 ਸਤੰਬਰ ਨੂੰ ਖ਼ਤਮ ਹੋ ਜਾਣਗੀਆਂ। ਦੱਸ ਦੇਈਏ ਕਿ ਲਿਬਰਲ ਸਰਕਾਰ ਨੇ ਦਸੰਬਰ 2021 ਤੱਕ ਅਸੀਮਤ ਪੈਸਾ ਖਰਚ ਕਰਨ ਦੀਆਂ ਤਾਕਤਾਂ ਮੰਗੀਆਂ ਸਨ ਪਰ ਕੰਜ਼ਰਵੇਟਿਵ ਪਾਰਟੀ ਦੇ ਵਿਰੋਧ ਕਾਰਨ ਇਸ ਮਦ ਨੂੰ ਹਟਾ ਦਿਤਾ ਗਿਆ।