IPL 2020 : ਕੋਲਕਾਤਾ ਨੇ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ

795
Share

ਆਬੂ ਧਾਬੀ, 26 ਸਤੰਬਰ (ਪੰਜਾਬ ਮੇਲ)- ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਦੇ ਅਜੇਤੂ ਅਰਧ ਸੈਂਕੜੇ ਤੇ ਪੈਟ ਕਮਿੰਸ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੀ ਅਨੁਸ਼ਾਸਿਤ ਗੇਂਦਬਾਜ਼ ਦੀ ਦਮ ‘ਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ਨੀਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੈਸ਼ਨ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਸਨਰਾਈਜ਼ਰਜ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਵਿਕਟਾਂ ‘ਤੇ 142 ਦੌੜਾਂ ਹੀ ਬਣਾ ਸਕੇ ਸਨ। ਮੁੰਬਈ ਇੰਡੀਅਨਜ਼ ਵਿਰੁੱਧ ਸ਼ਾਰਟ ਗੇਂਦਬਾਜ਼ੀ ਲਈ ਆਲੋਚਨਾ ਝੱਲਣ ਵਾਲੇ ਆਈ. ਪੀ. ਐੱਲ. ਦੇ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਕਮਿੰਸ ਨੇ 4 ਓਵਰਾਂ ਵਿਚ 19 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ। ਉਥੇ ਹੀ ਸਪਿਨਰ ਵਰੁਣ ਚਕਰਵਰਤੀ ਨੇ 25 ਦੌੜਾਂ ਦੇ ਕੇ ਡੇਵਿਡ ਵਾਰਨਰ ਦੀ ਬੇਸ਼ਕੀਮਤੀ ਵਿਕਟ ਲਈ। ਜਵਾਬ ਵਿਚ ਕੇ. ਕੇ. ਆਰ. ਨੇ 2 ਓਵਰ ਬਾਕੀ ਰਹਿੰਦਿਆਂ 3 ਵਿਕਟਾਂ ਗੁਆ ਕੇ 145 ਦੌੜਾਂ ਬਣਾਈਆਂ। ਗਿੱਲ ਤੇ ਇਯੋਨ ਮੋਰਗਨ ਨੇ ਚੌਥੀ ਵਿਕਟ ਲਈ 92 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਗਿੱਲ 62 ਗੇਂਦਾਂ ‘ਤੇ 5 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 70 ਦੌੜਾਂ ਬਣਾ ਕੇ ਅਜੇਤੂ ਰਿਹਾ ਜਦਕਿ ਮੋਰਗਨ ਨੇ 29 ਗੇਂਦਾਂ ‘ਤੇ 42 ਦੌੜਾਂ ਬਣਾਈਆਂ, ਜਿਸ ਵਿਚ 3 ਚੌਕੇ ਤੇ 2 ਛੱਕੇ ਸ਼ਾਮਲ ਸਨ। ਇਸ ਤੋਂ ਪਹਿਲਾਂ ਕੇ. ਕੇ. ਆਰ. ਦੀ ਸ਼ੁਰੂਆਤ ਖਰਾਬ ਰਹੀ ਤੇ ਦੂਜੇ ਹੀ ਓਵਰ ਵਿਚ ਸੁਨੀਲ ਨਾਰਾਇਣ (0) ਨੂੰ ਖਲੀਲ ਅਹਿਮਦ ਨੇ ਵਾਰਨਰ ਹੱਥੋਂ ਕੈਚ ਕਰਵਾਇਆ। ਉਥੇ ਹੀ ਨਤੀਸ਼ ਰਾਣਾ (26) ਪੰਜਵੇਂ ਤੇ ਕਪਤਾਨ ਦਿਨੇਸ਼ ਕਾਰਤਿਕ (0) ਸੱਤਵੇਂ ਓਵਰ ਵਿਚ ਆਊਟ ਹੋ ਗਏ। ਇਸ ਤੋਂ ਬਾਅਦ ਮੋਰਗਨ ਤੇ ਗਿਲ ਨੇ ਪਾਰੀ ਸੰਭਾਲੀ ਤੇ ਟੀਮ ਨੂੰ ਜਿੱਤ ਤਕ ਲੈ ਗਏ।


Share