ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਵੱਖ-ਵੱਖ ਮਤੇ ਪੇਸ਼

546
Share

ਅੰਮ੍ਰਿਤਸਰ, 24 ਅਗਸਤ (ਪੰਜਾਬ ਮੇਲ)- ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪ੍ਰੈੱਸ ਨੋਟ ਜਾਰੀ ਕੀਤਾ ਗਿਆ, ਜਿਸ ‘ਚ ਉਨ੍ਹਾਂ ਕਿਹਾ ਕਿ:
1. ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਰਵਾਈ ਗਈ ਪੜਤਾਲ ਅਨੁਸਾਰ (ਨਤੀਜਾ ਰਿਪੋਰਟ 10 ਪੇਜ ਅਤੇ ਮੁਕੰਮਲ ਰਿਪੋਰਟ 1000 ਪੇਜ) ਪਾਇਆ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਟੋਰ ਲੈਜਰ ਵਿਚ ਠੀਕ ਢੰਗ ਨਾਲ ਮੈਨਟੇਨ ਨਹੀਂ ਕੀਤੇ ਗਏ। ਓਪਨ ਅਤੇ ਕਲੋਜ਼ਿੰਗ ਲੈਜਰ ਵਿਚ ਵਾਰ-ਵਾਰ ਕਟਿੰਗ ਅਤੇ ਛੇੜ-ਛਾੜ ਕੀਤੀ ਸਾਬਤ ਹੋਈ ਹੈ। ਸਾਲ 2013-14 ਅਤੇ 2014-15 ਦੀਆਂ ਲੈਜਰਾਂ ਨੂੰ ਚੈਕ ਕਰਨ ‘ਤੇ ਪਾਇਆ ਗਿਆ ਕਿ ਪ੍ਰੈੱਸ ਦੇ ਪਬਲੀਕੇਸ਼ਨ ਵਿਭਾਗ ਦੀਆਂ ਲੈਜਰਾਂ ‘ਚ 18-08-2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਨਹੀਂ, ਸਗੋਂ 328 ਪਾਵਨ ਸਰੂਪ ਘੱਟ ਸਨ। ਇਸ ਤੋਂ ਇਲਾਵਾ ਕੁਝ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ ਪਬਲੀਕੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਵੇਸਟਿੰਗ ਅੰਗਾਂ ਲਈ ਦਿੱਤੇ ਵਾਧੂ ਅੰਗਾਂ ਤੋਂ ਅਣ-ਅਧਿਕਾਰਤ ਤਰੀਕੇ ਨਾਲ ਪਾਵਨ ਸਰੂਪ ਤਿਆਰ ਕਰਵਾ ਕੇ ਬਿਨ੍ਹਾਂ ਬਿੱਲ ਕੱਟਿਆਂ ਸੰਗਤਾਂ ਨੂੰ ਦਿੱਤੇ ਗਏ। ਇੱਕ ਵਾਰ 61 ਅਤੇ ਇੱਕ ਵਾਰ 125 ਪਾਵਨ ਸਰੂਪ ਅਣ-ਅਧਿਕਾਰਤ ਤੌਰ ‘ਤੇ ਵਧੇਰੇ ਅੰਗਾਂ ਤੋਂ ਪਾਵਨ ਸਰੂਪ ਤਿਆਰ ਕਰਵਾਏ ਗਏ। ਮਿਤੀ 18-08-2015 ਤੋਂ 31-05-2020 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਚੈਕਿੰਗ ਅਨੁਸਾਰ ਮੌਜੂਦਾ ਸਮੇਂ ‘ਚ ਸਟੋਕ ਲੈਜਰ ਵਿਚੋਂ 267 ਸਰੂਪ ਘੱਟ ਹਨ। ਇਸ ਸਮੇਂ ਦੌਰਾਨ ਬਿੱਲਾਂ ਤੇ ਡੂੱਚਾਂ ਵਿਚ ਵੀ ਕਾਫੀ ਅੰਤਰ ਹੈ। ਲੈਜਰਾਂ ਨਾਲ ਛੇੜ-ਛਾੜ ਅਤੇ 2016 ਤੋਂ ਹੁਣ ਤੱਕ ਆਡਿਟ ਵੀ ਨਹੀਂ ਕਰਵਾਇਆ ਗਿਆ। ਇਹ ਬਹੁਤ ਵੱਡੀ ਬੇਈਮਾਨੀ ਤੇ ਅਣਗਹਿਲੀ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਇਸ ਰਿਪੋਰਟ ਨੂੰ ਵਿਚਾਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਇੱਕ ਹਫਤੇ ਦੇ ਅੰਦਰ-ਅੰਦਰ ਸ਼ਾਰਟ ਨੋਟਿਸ ਤੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਰਿਪੋਰਟ ‘ਚ ਦੋਸ਼ੀ ਪਾਏ ਗਏ ਕਰਮਚਾਰੀਆਂ/ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
2. ਮਿਤੀ 19-05-2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ‘ਤੇ 2016 ਦੀ ਸਮੁੱਚੀ ਅੰਤ੍ਰਿੰਗ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਉਸ ਵੇਲੇ ਦੇ ਚੀਫ ਸਕੱਤਰ ਨੇ ਕੋਈ ਪਛਚਾਤਾਪ ਨਹੀਂ ਕੀਤਾ। ਇਸ ਲਈ ਸਮੁੱਚੀ ਅੰਤ੍ਰਿੰਗ ਕਮੇਟੀ ਅਤੇ ਚੀਫ ਸਕੱਤਰ ਨੂੰ ਮਿਤੀ 18-09-2020 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪ ਹਾਜ਼ਰ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ।
3. ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਬੋਲੇ ਕਥਨਾਂ ਦੇ ਸਬੰਧ ‘ਚ ਪੜਤਾਲ ਲਈ ਬਣਾਈ ਵਿਦਵਾਨਾਂ ਦੀ ਸਬ-ਕਮੇਟੀ ਦੀ ਪੁੱਜੀ ਰਿਪੋਰਟ ਅਨੁਸਾਰ ਇਸ ਨੇ ਗੁਰਮਤਿ ਪ੍ਰਤੀ ਕੁਝ ਗਲਤ ਬਿਆਨੀਆਂ ਕੀਤੀਆਂ ਹਨ ਅਤੇ ਇਹ ਇਨ੍ਹਾਂ ਕਥਨਾਂ ਸਬੰਧੀ ਸਪੱਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ ਹੈ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ‘ਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਗੁਰੂ ਗ੍ਰੰਥ-ਗੁਰੂ ਪੰਥ ਨੂੰ ਸਮਰਪਿਤ ਤੇ ਪ੍ਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿੰਨਾ ਚਿਰ ਇਹ ਆਪਣੀ ਗਲਤ ਬਿਆਨੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ, ਓਨਾ ਚਿਰ ਤੱਕ ਇਸ ਦੇ ਸਮਾਗਮ ਨਾ ਕਰਵਾਏ ਜਾਣ (ਜੇਕਰ ਕੋਈ ਸਮਾਗਮ ਕਰਵਾਉਂਦਾ ਹੈ, ਤਾਂ ਉਹ ਅਣਸੁਖਾਵੀਂ ਘਟਨਾ ਲਈ ਖੁਦ ਜ਼ਿੰਮੇਵਾਰ ਹੋਵੇਗਾ), ਨਾ ਇਸ ਨੂੰ ਸੁਣਿਆ ਜਾਵੇ ਅਤੇ ਨਾ ਹੀ ਇਸ ਦੀਆਂ ਵੀਡੀਓ ਆਦਿ ਅੱਗੇ ਸ਼ੇਅਰ ਕੀਤੀਆਂ ਜਾਣ। ਜੇਕਰ ਅੱਜੇ ਵੀ ਇਹ ਬਾਜ ਨਾ ਆਇਆ, ਤਾਂ ਇਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
4. ਭਾਈ ਹਰਿੰਦਰ ਸਿੰਘ ਨਿਰਵੈਰ ਖਾਲਸਾ ਜਥਾ ਯੂ.ਕੇ. ਦੇ ਖਿਲਾਫ ਪਿਛਲੇ ਸਮੇਂ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਸਬੰਧ ਵਿਚ ਸ਼ਕਾਇਤਾਂ ਪੁੱਜੀਆਂ ਸਨ। ਜਿਸ ਦੀ ਇਸ ਨੂੰ ਪੱਤ੍ਰਿਕਾ ਨੰਬਰ ਅ:ਤ/19/370 ਮਿਤੀ 06-01-2020 ਰਾਹੀਂ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਸਪੱਸ਼ਟੀਕਰਨ ਮੰਗਿਆ ਸੀ, ਜੋ ਇਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਹੀਂ ਭੇਜਿਆ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਗੁਰੂ ਗ੍ਰੰਥ-ਗੁਰੂ ਪੰਥ ਨੂੰ ਸਮਰਪਿਤ ਤੇ ਪ੍ਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਤੇ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿੰਨਾ ਚਿਰ ਇਹ ਆਪਣੀ ਗਲਤ ਬਿਆਨੀਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫੀ ਨਹੀਂ ਮੰਗਦਾ, ਓਨਾ ਚਿਰ ਤੱਕ ਇਸ ਦੇ ਸਮਾਗਮ ਨਾ ਕਰਵਾਏ ਜਾਣ।
5. ਸੰਗਤਾਂ ਵੱਲੋਂ ਪੁੱਜੀਆਂ ਸ਼ਿਕਾਇਤਾਂ ਹਨ ਕਿ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੇ ਸਰੀ, ਬੀ.ਸੀ (ਕੈਨੇਡਾ) ਆਪਣੀ ਨਿੱਜੀ ਸੰਸਥਾ ਸਤਿਨਾਮ ਰਿਲੀਜਸ ਸੁਸਾਇਟੀ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਤੀ 09-05-1998 ਨੂੰ ਹੋਏ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ।ਜਿਸ ਵਿਚ ਸਪੱਸ਼ਟ ਲਿਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਹੋਰ ਕੋਈ ਨਹੀਂ ਕਰ ਸਕਦਾ।ਇਨ੍ਹਾਂ ਨੇ ਬਿਨ੍ਹਾਂ ਆਗਿਆ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਕੀਤੀ ਹੈ।ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਕਨੇਡਾ ਨਿਵਾਸੀ ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਸ ਸਬੰਧੀ ਆਪਣਾ ਸਪੱਸ਼ਟੀਕਰਨ ਇੱਕ ਮਹੀਨੇ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ।ਇਸ ਤੋਂ ਇਲਾਵਾ ਇਹ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਹੁਣ ਤੀਕ ਤਿਆਰ ਕੀਤੇ ਗਏ ਪਾਵਨ ਸਰੂਪ ਸਮੇਤ ਛਾਪਾਖਾਨਾ ਮਸ਼ੀਨਰੀ ਸਿੱਖ ਸੰਗਤਾਂ ਦੀ ਭਾਵਨਾਵਾਂ ਅਨੁਸਾਰ ਗੁਰਦੁਆਰਾ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਡੈਲਟਾ-ਸਰੀ, ਬੀ.ਸੀ ਕੈਨੇਡਾ ਵਿਖੇ ਮੁਹਤਬਾਰ ਸਿੱਖਾਂ ਦੀ ਹਾਜਰੀ ਵਿਚ ਸੁਭਾਇਮਾਨ ਕੀਤੇ ਜਾਣ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਇਨ੍ਹਾਂ ਵੱਲੋਂ ਤਿਆਰ ਕੀਤੇ ਗਏ ਪਾਵਨ ਸਰੂਪਾਂ ਦੀ ਸੂਝਵਾਨ ਗ੍ਰੰਥੀ ਸਿੰਘਾਂ ਪਾਸੋਂ ਦਰਸ਼ਨ ਵਿਚਾਰ ਕਰਕੇ ਅੱਖਰਾਂ, ਤਤਕਰੇ ਤੋਂ ਰਾਗ ਮਾਲਾ ਤੀਕ ਦੀ ਵਾਧ-ਘਾਟ ਹੋਣ ਜਾਂ ਨਾ ਹੋਣ ਬਾਰੇ ਮਿਲਾਨ ਕਰਵਾ ਕੇ ਰਿਪੋਰਟ ਛੇ ਮਹੀਨੇ ਦੇ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ।
6. ਪਿਛਲੇ ਦਿਨੀਂ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਪਾਸੋਂ ਓ-ਫਾਰਮ ਸਬੰਧੀ ਅੰਮ੍ਰਿਤ ਛਕੇ ਜਾਂ ਨਾ ਛਕੇ ਹੋਣ ਬਾਰੇ ਜਾਣਕਾਰੀ ਮੰਗੀ ਗਈ ਸੀ।ਬਾਰ-ਬਾਰ ਪਤ੍ਰਿਕਾਵਾਂ ਭੇਜਣ ਤੇ ਵੀ ਇਨ੍ਹਾਂ ਵੱਲੋਂ ਜਾਣਕਾਰੀ ਨਹੀਂ ਭੇਜੀ ਗਈ।ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਪ੍ਰਧਾਨ ਅਤੇ ਅਹੁਦੇਦਾਰ ਸਬੰਧਤ ਜਾਣਕਾਰੀ ਲੈ ਕੇ ਖੁਦ ਮਿਤੀ 18-09-2020 ਦਿਨ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਵੇਰੇ 10 ਵਜੇ ਹਾਜਰ ਹੋਣ।
7. ਬਾਬਾ ਸ਼ਮਸ਼ੇਰ ਸਿੰਘ ਨੇ ਜਗਨਨਾਥਪੁਰੀ ਉੜੀਸਾ ਵਿਖੇ ਗੁਰਦੁਆਰਾ ਸਾਹਿਬ ਬਣਾਇਆ, ਜਿਸ ਦਾ ਨਾਮ ਆਰਤੀ ਸਾਹਿਬ ਰੱਖਿਆ।ਜਦ ਕਿ ਇਹ ਉਹ ਅਸਥਾਨ ਨਹੀਂ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰਤੀ ਉਚਾਰੀ ਸੀ।ਪਹਿਲਾਂ ਵੀ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਜੁਬਾਨੀ ਆਦੇਸ਼ ਕੀਤਾ ਗਿਆ ਸੀ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕੀਤਾ ਜਾਵੇ।ਪਰੰਤੂ ਇਸ ਨੇ ਕੋਈ ਅਮਲ ਨਹੀਂ ਕੀਤਾ।ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫੈਸਲਾ ਹੋਇਆ ਹੈ ਕਿ ਬਾਬਾ ਸ਼ਮਸ਼ੇਰ ਸਿੰਘ ਇੱਕ ਮਹੀਨੇ ਦੇ ਅੰਦਰ-ਅੰਦਰ ਗੁਰਦੁਆਰਾ ਸਾਹਿਬ ਦਾ ਨਾਮ ਤਬਦੀਲ ਕਰਕੇ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ ਨਹੀਂ ਤਾਂ ਅਗਲੀ ਇਕੱਤਰਤਾ ਵਿਚ ਗੁਰਮਤਿ ਅਨੁਸਾਰ ਬਾਬਾ ਸ਼ਮਸ਼ੇਰ ਸਿੰਘ ਪੁਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
8. ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਮੁਆਫੀ ਨਹੀ ਹੈ।ਇਸ ਲਈ ਸੰਗਤਾਂ ਇਸ ਨਾਲ ਮਿਲਵਰਤਣ ਨਾ ਰੱਖਣ।
9. ਸਾਬਕਾ ਜਥੇਦਾਰ ਗਿ: ਇਕਬਾਲ ਸਿੰਘ ਨੇ ਅੱਯੁਧਿਆ ਵਿਖੇ ਸਮਾਗਮ ਵਿਚ ਚੱਲ ਰਹੇ ਦਿੱਤੇ ਬਿਆਨ ਨਾਲ ਅਸਹਿਮਤੀ ਜਿਤਾਉਂਦਿਆ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਸੀ, ਹੈ ਅਤੇ ਰਹੇਗੀ।ਇਸ ਲਈ ਸਿੱਖਾਂ ਨੂੰ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ।
10. ਪਿਛਲੇ ਦਿਨੀਂ ਗੁਰਦੁਆਰਾ ਸਾਹਿਬਾਨਾਂ ਵਿਚ ਅਰਦਾਸ ਕਰਨ ਵਾਲੇ ਕੁਝ ਸਿੱਖ ਨੌਜਵਾਨਾਂ ਨੂੰ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਉਚਿੱਤ ਨਹੀਂ ਹੈ ਕਿਉਂਕਿ ਅਰਦਾਸ ਕਰਨਾ ਸਿੱਖ ਦਾ ਧਾਰਮਿਕ ਫਰਜ ਹੈ।ਸਿੱਖ ਹਮੇਸ਼ਾਂ ਹੀ ਅਰਦਾਸ ਰਾਹੀਂ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਦ੍ਰਿੜ ਕਰਦਾ ਹੈ।ਇਸ ਲਈ ਅਰਦਾਸ ਕਰਨਾ ਕੋਈ ਜੁਰਮ ਨਹੀਂ।ਪੈਸੇ ਦੇ ਲਾਲਚ ਵਿਚ ਕੀਤੀ ਜਾਂ ਕਰਵਾਈ ਅਰਦਾਸ ਸਿੱਖ ਧਰਮ ਦਾ ਅੰਗ ਨਹੀਂ ਹੈ।ਸਿੱਖ ਨੌਜਵਾਨ ਉਕਸਾਊ ਬਿਆਨਾਂ ਤੋਂ ਸੁਚੇਤ ਰਹਿਣ।


Share