11 ਸਾਲ ਦੀ ਉਮਰ ’ਚ ਸਾਬਕਾ ਰਾਸ਼ਟਰਪਤੀ ਓਬਾਮਾ ਦੀ ਇੰਟਰਵਿਊ ਕਰਨ ਵਾਲੇ ਵਿਦਿਆਰਥੀ ਰਿਪੋਰਟਰ ਦੀ ਹੋਈ ਮੌਤ

207
Share

ਫਰਿਜ਼ਨੋ, 18 ਮਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਸਾਬਕਾ ਰਾਸ਼ਟਰਪਤੀ ਓਬਾਮਾ ਦੇ ਪ੍ਰਸ਼ਾਸਨ ਦੌਰਾਨ, ਉਨ੍ਹਾਂ ਦੀ ਇੱਕ ਵਿਦਿਆਰਥੀ ਪੱਤਰਕਾਰ ਵਜੋਂ 11 ਸਾਲ ਦੀ ਉਮਰ ’ਚ ਇੰਟਰਵਿਊ ਕਰਨ ਵਾਲੇ ਬੱਚੇ ਦੀ ਮੌਤ ਹੋ ਗਈ ਹੈ, ਜਿਸਦੀ ਉਮਰ ਹੁਣ 23 ਸਾਲ ਦੀ ਸੀ। ਉਸ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਕਿ ਡੈਮਨ ਵੀਵਰ ਨੇ ਉਦੋਂ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ ਸੀ, ਜਦੋਂ ਉਸਨੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵ੍ਹਾਈਟ ਹਾਊਸ ਵਿਚ 2009 ਵਿਚ ਇੰਟਰਵਿਊ ਕੀਤੀ ਸੀ। ਪਰ ਇਹ ਦੁੱਖ ਦੀ ਗੱਲ ਹੈ ਕਿ ਕੁਦਰਤੀ ਕਾਰਨਾਂ ਕਰਕੇ ਉਸਦੀ ਮੌਤ ਹੋ ਗਈ ਹੈ। ਡੈਮਨ ਵੀਵਰ (23) ਦੀ ਭੈਣ ਕੈਂਡਸ ਹਾਰਡੀ ਨੇ ਦੱਸਿਆ ਕਿ ਉਸਦੀ ਮੌਤ 1 ਮਈ ਨੂੰ ਹੋਈ ਅਤੇ ਉਹ ਜਾਰਜੀਆ ਵਿਚ ਅਲਬਾਨੀ ਸਟੇਟ ਯੂਨੀਵਰਸਿਟੀ ਵਿਚ ਕਮਿਊਨੀਕੇਸ਼ਨਜ਼ ਦੀ ਪੜ੍ਹਾਈ ਕਰ ਰਿਹਾ ਸੀ। ਵੀਵਰ 11 ਸਾਲਾਂ ਦਾ ਸੀ, ਜਦੋਂ ਉਸਨੇ 13 ਅਗਸਤ, 2009 ਨੂੰ ਡਿਪਲੋਮੈਟਿਕ ਰੂਮ ਵਿਚ 10 ਮਿੰਟ ਲਈ ਓਬਾਮਾ ਨਾਲ ਇੰਟਰਵਿਊ ਕੀਤੀ ਸੀ। ਉਸਨੇ ਓਬਾਮਾ ਤੋਂ ਉਹ ਪ੍ਰਸ਼ਨ ਪੁੱਛੇ, ਜੋ ਮੁੱਖ ਤੌਰ ’ਤੇ ਸਿੱਖਿਆ ’ਤੇ ਕੇਂਦਿ੍ਰਤ ਸਨ। ਉਸਨੇ ਸਕੂਲ ਦੇ ਲੰਚ, ਧੱਕੇਸ਼ਾਹੀ, ਮਤਭੇਦ ਦੇ ਹੱਲ ਅਤੇ ਸਫਲਤਾ ਦੇ ਤਰੀਕੇ ਆਦਿ ਦੇ ਵਿਸ਼ੇ ਕਵਰ ਕੀਤੇ ਸਨ। ਉਸ ਇੰਟਰਵਿਊ ਦੇ ਬਾਅਦ ਉਸਨੇ ਓਪਰਾ ਵਿਨਫਰੇ ਅਤੇ ਡਵਾਇਨ ਵੇਡ ਵਰਗੇ ਐਥਲੀਟ ਦੀ ਵੀ ਇੰਟਰਵਿਊ ਕੀਤੀ। ਇੰਨੀ ਛੋਟੀ ਉਮਰ ਵਿਚ ਇਸ ਤਰ੍ਹਾਂ ਦੇ ਲਾਇਕ ਬੱਚੇ ਦਾ ਦੁਨੀਆਂ ਨੂੰ ਅਲਵਿਦਾ ਕਹਿ ਜਾਣਾ ਬਹੁਤ ਅਫਸੋਸ ਵਾਲੀ ਗੱਲ ਹੈ।

Share