#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 170 ਲੋੜਵੰਦਾਂ ਨੂੰ ਦਿੱਤੀ ਸਹਾਇਤਾ ਰਾਸ਼ੀ

ਸ੍ਰੀ ਮੁਕਤਸਰ ਸਾਹਿਬ, 25 ਅਕਤੂਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਉਬਰਾਏ ਵੱਲੋਂ ਮਾਨਵਤਾ ਦੀ ਭਲਾਈ ਲਈ ਬਿਨਾਂ ਕਿਸੇ ਭੇਦਭਾਵ ਤੋਂ ਨਿਰੰਤਰ ਕਾਰਜ ਜਾਰੀ ਹਨ। ਇਸ ਲੜੀ ਤਹਿਤ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਡੇਰਾ ਭਾਈ ਮਸਤਾਨ ਸਿੰਘ ਸ੍ਰੀ ਮੁਕਤਸਰ ਸਾਹਿਬ ਵਿਖੇ ਮਹੰਤ ਕਸ਼ਮੀਰ ਸਿੰਘ ਦੀ ਅਗਵਾਈ ਵਿਚ 170 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਅਰਵਿੰਦਰ ਪਾਲ ਸਿੰਘ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਰਾਸ਼ੀ ਉਨ੍ਹਾਂ ਵਿਧਵਾਵਾਂ ਨੂੰ ਦਿੱਤੀ ਜਾਂਦੀ ਹੈ, ਜਿਸ ਦਾ ਕੋਈ ਵੀ ਸਹਾਰਾ ਨਹੀਂ ਹੈ ਅਤੇ ਗਰੀਬੀ ਦੀ ਰੇਖਾ ਤੋਂ ਵੀ ਥੱਲੇ ਰਹਿ ਰਹੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਜ਼ਰੂਰਤਮੰਦ ਪਰਿਵਾਰਾਂ ਦੀ ਪਹਿਚਾਣ ਕਰਕੇ ਮਹੀਨਾਵਾਰ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ। ਜ਼ਿਲ੍ਹਾ ਪ੍ਰਧਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਹੜ੍ਹਾਂ ਦੋਰਾਨ ਨੁਕਸਾਨੇ ਗਏ ਘਰਾਂ ਨੂੰ ਬਨਾਉਣ ਲਈ ਡਾ. ਉਬਰਾਏ ਵਲੋਂ ਦਸ ਕਰੋੜ ਦੀ ਰਾਸ਼ੀ ਜਾਰੀ ਕਰਕੇ ਲੋੜਵੰਦ ਪਰਿਵਾਰਾਂ ਦੀ ਪਹਿਚਾਣ ਕਰਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਨੇ ਦੱਸਿਆ ਕਿ ਟਰੱਸਟ ਦੀ ਕੋਈ ਵੀ ਰਸੀਦਬੁੱਕ ਨਹੀਂ ਹੈ। ਇਹ ਰਾਸ਼ੀ ਡਾ. ਉਬਰਾਏ ਵੱਲੋਂ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਦਿੱਤੀ ਜਾਂਦੀ ਹੈ। ਇਸ ਮੌਕੇ ਮਲਕੀਤ ਸਿੰਘ ਰਿਟਾਇਰਡ ਬੈਕ ਮੈਨੇਜਰ, ਗੁਰਪਾਲ ਸਿੰਘ, ਗੁਰਜੀਤ ਸਿੰਘ ਜੀਤਾ ਇੰਚਾਰਜ ਮਹੀਨਾਵਾਰ ਪੈਨਸ਼ਨ ਵੰਡ ਸਮਾਰੋਹ, ਚਰਨਜੀਤ ਸਿੰਘ, ਬਰਨੇਕ ਸਿੰਘ, ਬਲਜੀਤ ਸਿੰਘ ਮਾਨ ਰਿਟਾਇਰਡ ਪ੍ਰਿੰਸੀਪਲ, ਸੋਮਨਾਥ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।

Leave a comment