#PUNJAB

ਗੈਂਗਸਟਰ ਸੁੱਖਾ ਬਾੜੇਵਾਲੀਆ ਕਤਲ ਕਾਂਡ ਦੇ ਮੁੱਖ ਗਵਾਹ ਦੀ ਹੱਤਿਆ

ਲੁਧਿਆਣਾ, 28 ਫਰਵਰੀ (ਪੰਜਾਬ ਮੇਲ)- ਇੱਥੋਂ ਦੀ ਹੰਬੜਾਂ ਰੋਡ ਸਥਿਤ ਪੰਜ ਪੀਰ ਰੋਡ ਕੋਲ ਗੈਂਗਸਟਰ ਸੁੱਖਾ ਬਾੜੇਵਾਲੀਆ ਕਤਲ ਕਾਂਡ ਦੇ ਮੁੱਖ ਗਵਾਹ ਸੂਰਜ ਪ੍ਰਕਾਸ਼ ਉਰਫ਼ ਬੱਬੂ ਦੀ ਹੱਤਿਆ ਕਰ ਦਿੱਤੀ ਗਈ, ਜਦੋਂਕਿ ਉਸ ਦੇ ਸਾਥੀ ਗੁਰਪ੍ਰੀਤ ਦੇ ਵੀ ਗੋਲੀਆਂ ਲੱਗੀਆਂ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇੱਥੋਂ ਦੇ ਠੇਕੇ ‘ਤੇ ਨੌਜਵਾਨਾਂ ਨੇ ਹੀ ਦੋਹਾਂ ਨੂੰ ਗੱਲ ਕਰਨ ਲਈ ਸੱਦਿਆ ਸੀ। ਇਸ ਦੌਰਾਨ ਉਨ੍ਹਾਂ ਦੀ ਬਹਿਸ ਹੋ ਗਈ, ਤਾਂ ਨੌਜਵਾਨਾਂ ਨੇ ਦੋਹਾਂ ‘ਤੇ ਗੋਲੀਆਂ ਚਲਾ ਦਿੱਤੀਆਂ।
ਜਾਣਕਾਰੀ ਅਨੁਸਾਰ ਮਈ 2023 ‘ਚ ਹੈਬੋਵਾਲ ਇਲਾਕੇ ‘ਚ ਰੋਹਿਤ ਮਲਹੋਤਰਾ ਉਰਫ਼ ਈਸ਼ੂ ਦੇ ਘਰ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਬਾੜੇਵਾਲੀਆ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਉਸ ਮਾਮਲੇ ‘ਚ ਬੱਬੂ ਮੁੱਖ ਗਵਾਹ ਸੀ। ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਨੇ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਹੈ, ਉਹ ਵੀ ਰੋਹਿਤ ਮਲਹੋਤਰਾ ਉਰਫ਼ ਈਸ਼ੂ ਅਤੇ ਗੋਪਾਲ ਮਹਾਜਨ ਦੇ ਸਾਥੀ ਹਨ। ਪੁਲਿਸ ਨੇ ਇਸ ਮਾਮਲੇ ‘ਚ ਬਾੜੇਵਾਲ ਵਾਸੀ ਵਿੱਕੀ, ਕਾਲਾ, ਬਵਨ, ਜਗਤਪੁਰੀ ਵਾਸੀ ਡੇਵਿਡ ਅਤੇ ਪ੍ਰਤਾਪ ਸਿੰਘ ਵਾਲਾ ਵਾਸੀ ਹਰਦੀਪ ਸਿੰਘ ਉਰਫ਼ ਘੁੱਗੂ ਸਣੇ ਹੋਰਨਾਂ ਖਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੁਝ ਨੌਜਵਾਨਾਂ ਦੀ ਬੱਬੂ ਅਤੇ ਗੁਰਪ੍ਰੀਤ ਨਾਲ ਕੁਝ ਦਿਨ ਪਹਿਲਾਂ ਬਹਿਸ ਹੋਈ ਸੀ। ਇਨ੍ਹਾਂ ਨੌਜਵਾਨਾਂ ਨੇ ਦੇਰ ਰਾਤ ਨੂੰ ਸੂਰਜ ਤੇ ਗੁਰਪ੍ਰੀਤ ਨੂੰ ਠੇਕੇ ਬਾਹਰ ਸੱਦਿਆ ਸੀ, ਤਾਂ ਕਿ ਮਸਲਾ ਹੱਲ ਕੀਤਾ ਜਾ ਸਕੇ। ਇਸ ਦੌਰਾਨ ਬਹਿਸ ਹੋ ਗਈ ਅਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ।