ਹਜ਼ਾਰਾਂ ਲੋਕਾਂ ਨੇ ਭਾਵਾਧਸ ਆਗੂ ਨੂੰ ਦਿੱਤੀ ਅੰਤਿਮ ਵਿਦਾਇਗੀ

ਲੁਧਿਆਣਾ, 22 ਨਵੰਬਰ (ਪੰਜਾਬ ਮੇਲ)-ਪਲਾਸਟਿਕ ਫੈਕਟਰੀ ਦੀ ਅੱਗ ਲੱਗਣ ਬਾਅਦ ਢਹੀ ਇਮਾਰਤ ਹੇਠਾਂ ਆਉਣ ਕਾਰਨ ਮਾਰੇ ਗਏ ਭਾਵਾਧਸ ਆਗੂ ਲਛਮਣ ਦ੍ਰਾਵਿੜ ਨੂੰ ਅੰਤਿਮ ਵਿਦਾਇਗੀ ਦੇਣ ਲਈ ਹਜ਼ਾਰਾਂ ਦੀ ਗਿਣਤੀ ‘ਚ ਲੋਕ ਪੁੱਜੇ। ਇਸ ਦੌਰਾਨ ਪਰਿਵਾਰ ਵਾਲਿਆਂ ਤੇ ਸਕੇ ਸੰਬੰਧੀਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਦਰੇਸੀ ਦੇ ਕੋਲ ਸਥਿਤ ਸਮਸ਼ਾਨਘਾਟ ‘ਚ ਉਨ੍ਹਾਂ ਚਿਖਾ ਨੂੰ ਉਨ੍ਹਾਂ ਦੇ ਲੜਕੇ ਲਵ ਤੇ ਕੁਸ਼ ਨੇ ਅਗਨੀ ਦਿੱਤੀ। ਪਰਿਵਾਰ ਵਾਲਿਆਂ ਨਾਲ ਰਾਜਸੀ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧ ਹਮਦਰਦੀ ਪ੍ਰਗਟ ਕਰਨ ਲਈ ਪੁੱਜੇ। ਸਾਰਿਆਂ ਨੇ ਭਾਵਾਧਸ ਆਗੂ ਦੀ ਮੌਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਤੇ ਭਗਵਾਨ ਅੱਗੇ ਪਰਿਵਾਰ ਨੂੰ ਹਿੰਮਤ ਦੇਣ ਦੀ ਅਰਦਾਸ ਕੀਤੀ।
ਨਗਰ ਨਿਗਮ ਦੇ ਚੀਫ਼ ਸੈਨੇਟਰੀ ਇੰਸਪੈਕਟਰ ਦੇ ਅਹੁਦੇ ‘ਤੇ ਤੈਨਾਤ ਭਾਵਾਧਸ ਦੇ ਨੇਤਾ ਲਛਮਣ ਦ੍ਰਵਿੜ ਨਗਰ ਨਿਗਮ ਕਰਮਚਾਰੀ ਦਲ ਦੇ ਪ੍ਰਧਾਨ ਵੀ ਸਨ। ਉਹ ਧਾਰਮਿਕ ਤੇ ਸਮਾਜਿਕ ਕੰਮਾਂ ‘ਚ ਹਿੱਸਾ ਲੈਂਦੇ ਰਹਿੰਦੇ ਸਨ। ਉਨ੍ਹਾਂ ਦੇ ਸਸਕਾਰ ਮੌਕੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਅੰਮ੍ਰਿਤਸਰ ਤੋਂ ਵਿਧਾਇਕ ਰਾਜ ਕੁਮਾਰ ਵੇਰਕਾ, ਭਾਰਤ ਭੂਸ਼ਣ ਆਸ਼ੂ, ਸੰਜੈ ਤਲਵਾੜ, ਸੁਰਿੰਦਰ ਡਾਬਰ, ਰਾਕੇਸ਼ ਪਾਂਡੇ, ਕੁਲਦੀਪ ਵੈਦ, ਸ਼ਰਨਜੀਤ ਸਿੰਘ ਢਿੱਲੋਂ, ਮਹੇਸ਼ ਇੰਦਰ ਸਿੰਘ ਗਰੇਵਾਲ, ਆਦਿ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।