ਹੋਰ ਲਟਕਿਆ ਬਾਬਾ ਆਸ਼ੂਤੋਸ਼ ਦੀ ਲਾਸ਼ ਬਾਰੇ ਫੈਸਲਾ

ਚੰਡੀਗੜ੍ਹ, 10 ਜੁਲਾਈ (ਪੰਜਾਬ ਮੇਲ)- ਨੂਰਮਹਿਲ ਦੇ ਦਿਵਿਆ ਜੋਤੀ ਜਾਗ੍ਰਤੀ ਸੰਸਥਾ ਦੇ ਮੋਢੀ ਬਾਬਾ ਆਸ਼ੂਤੋਸ਼ ਦੇ ਮ੍ਰਿਤਕ ਸਰੀਰ ਬਾਰੇ ਇਸ ਸ਼ੁੱਕਰਵਾਰ ਚੰਡੀਗੜ੍ਹ ਪੁਲਸ ਹੈੱਡਕੁਆਰਟਰ ਵਿੱਚ ਹੋਈ ਮੀਟਿੰਗ ਵਿੱਚ ਸਸਕਾਰ ਬਾਰੇ ਫਿਰ ਫੈਸਲਾ ਨਹੀਂ ਹੋ ਸਕਿਆ। ਇਹ ਮੀਟਿੰਗ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਹੋਈ ਸੀ।
ਹਾਈ ਕੋਰਟ ਨੇ ਬਾਬਾ ਆਸ਼ੂਤੋਸ਼ ਦੀ ਸਮਾਧੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਪੁਲਸ ਤੇ ਪ੍ਰਸ਼ਾਸਨ ਪੱਧਰ ਉੱਤੇ ਸੰਸਥਾ ਦੇ ਸੰਚਾਲਕਾਂ ਨਾਲ ਮੀਟਿੰਗ ਕਰ ਕੇ ਇਸ ਸਬੰਧੀ ਛੇਤੀ ਫੈਸਲਾ ਕੀਤਾ ਜਾਵੇ। ਸੰਸਥਾ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬਾਬਾ ਆਸ਼ੂਤੋਸ਼ ਦਾ 29 ਜਨਵਰੀ 2014 ਨੂੰ ਦੇਹਾਂਤ ਹੋ ਗਿਆ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ‘ਕਲੀਨੀਕਲੀ ਮ੍ਰਿਤਕ’ ਕਰਾਰ ਦਿੱਤਾ ਸੀ, ਪਰ ਸੰਸਥਾ ਦੇ ਸੰਚਾਲਕਾਂ ਨੇ ਇਸ ਮਾਮਲੇ ਵਿੱਚ ਪਹਿਲੇ ਦਿਨ ਤੋਂ ਇਹ ਦਾਅਵਾ ਕੀਤਾ ਹੋਇਆ ਹੈ ਕਿ ਉਨ੍ਹਾਂ ਦੇ ਬਾਬਾ ਜੀ ਡੂੰਘੀ ਸਮਾਧੀ ਵਿੱਚ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਸੰਸਥਾ ਆਪਣੇ ਬਾਬਾ ਜੀ ਦੇ ਸਮਾਧੀ ਤੋਂ ਬਾਹਰ ਆਉਣ ਤੱਕ ਉਨ੍ਹਾਂ ਦਾ ਇੰਤਜ਼ਾਰ ਕਰੇਗੀ। ਉਨ੍ਹਾਂ ਦੇ ਸਰੀਰ ਨੂੰ ਡੀਪ ਫਰੀਜ਼ਰ ਵਿੱਚ ਸੰਸਥਾ ਦੇ ਅੰਦਰ ਰੱਖਿਆ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਸੰਸਥਾ ਨੂੰ ਆਸ਼ੂਤੋਸ਼ ਦੇ ਡੂੰਘੀ ਸਮਾਧੀ ਤੇ ਉਨ੍ਹਾਂ ਦੇ ਸਰੀਰ ਦੇ ਸਸਕਾਰ ਬਾਰੇ ਉਨ੍ਹਾਂ ਦੀ ਰਾਏ ਜਾਨਣ ਲਈ ਦੋ ਮਹੀਨਿਆਂ ਦਾ ਸਮਾਂ ਦਿੱਤਾ ਹੈ।
ਦੋ ਅਗਸਤ ਨੂੰ ਇਸ ਕੇਸ ਦੀ ਅਗਲੀ ਸੁਣਵਾਈ ਹੋਣੀ ਹੈ। ਉਸ ਤੋਂ ਪਹਿਲਾਂ ਹਾਈ ਕੋਰਟ ਦੇ ਨਿਰਦੇਸ਼ ਉੱਤੇ ਪੁਲਸ ਤੇ ਪ੍ਰਸ਼ਾਸਨਕ ਅਧਿਕਾਰੀਆਂ ਅਤੇ ਸੰਸਥਾ ਦੇ ਸੰਚਾਲਕਾਂ ਦੀ ਮੀਟਿੰਗ ਚੰਡੀਗੜ੍ਹ ਪੁਲਸ ਹੈੱਡਕੁਆਰਟਰ ਵਿੱਚ ਸ਼ੁੱਕਰਵਾਰ ਨੂੰ ਰੱਖੀ ਗਈ ਸੀ। ਇਸ ਮੀਟਿੰਗ ਵਿੱਚ ਬਾਬਾ ਆਸ਼ੂਤੋਸ਼ ਦੀ ਸਮਾਧੀ ਜਾਂ ਦੇਹਾਂਤ ਦੇ ਬਾਅਦ ਸਸਕਾਰ ਨੂੰ ਲੈ ਕੇ ਇੱਕ ਰਾਏ ਨਹੀਂ ਬਣ ਸਕੀ। ਸੰਸਥਾ ਦੇ ਬੁਲਾਰੇ ਸਵਾਮੀ ਵਿਸ਼ਾਲਾਨੰਦ ਨੇ ਕਿਹਾ ਕਿ ਮੀਟਿੰਗ ਹੋਈ ਸੀ, ਰੁਟੀਨ ਵਿੱਚ ਸਭ ਕੁਝ ਚੱਲ ਰਿਹਾ ਹੈ, ਅਸੀਂ ਪਹਿਲਾਂ ਵੀ ਆਪਣਾ ਪੱਖ ਰੱਖਿਆ ਸੀ ਤੇ ਹੁਣ ਵੀ ਰੱਖਿਆ ਹੈ।
ਦੂਜੇ ਪਾਸੇ ਬਾਬਾ ਆਸ਼ੂਤੋਸ਼ ਦੇ ਮ੍ਰਿਤਕ ਸਰੀਰ ਦਾ ਸਸਕਾਰ ਅਤੇ ਉਨ੍ਹਾਂ ਦੇ ਵਾਰਸ ਹੋਣ ਦਾ ਦਾਅਵਾ ਵੀ ਹਾਈ ਕੋਰਟ ਵਿੱਚ ਬਿਹਾਰ ਦੇ ਦਲੀਪ ਕੁਮਾਰ ਝਾਅ ਨੇ ਕੀਤਾ ਹੋਇਆ ਹੈ। ਦਲੀਪ ਦਾਅਵਾ ਕਰਦਾ ਹੈ ਕਿ ਉਹ ਆਸ਼ੂਤੋਸ਼ ਦਾ ਪੁੱਤਰ ਹੈ। ਇਸ ਬਾਰੇ ਵੀ ਅਜੇ ਕੋਈ ਫੈਸਲਾ ਨਹੀਂ ਹੋ ਸਕਿਆ ਕਿ ਉਸ ਦਾ ਆਸ਼ੂਤੋਸ਼ ਨਾਲ ਕਿਸੇ ਤਰ੍ਹਾਂ ਦਾ ਕੋਈ ਰਿਸਤਾ ਹੈ ਜਾਂ ਨਹੀਂ। ਸੰਸਥਾ ਦੇ ਬੁਲਾਰੇ ਸ਼ੁਰੂ ਤੋਂ ਦਲੀਪ ਦੇ ਦਾਅਵੇ ਨੂੰ ਰੱਦ ਕਰਦੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਾਬਾ ਆਸ਼ੂਤੋਸ਼ ਧਰਮ ਗੁਰੂ ਸਨ ਤੇ ਸੰਨਿਆਸ ਲੈ ਚੁੱਕੇ ਸਨ। ਉਨ੍ਹਾਂ ਦੇ ਪਰਵਾਰ ਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ। ਇਸ ਲਈ ਇਸ ਪ੍ਰਕਾਰ ਦੇ ਦਾਅਵੇ ਕਰ ਕੇ ਭਰਮ ਫੈਲਾਇਆ ਜਾ ਰਿਹਾ ਹੈ।
There are no comments at the moment, do you want to add one?
Write a comment