ਹੈਵਰਡ ਪੁਲਿਸ ਦੇ ਇਤਿਹਾਸ ‘ਚ ਪਹਿਲਾ ਦਸਤਾਰਧਾਰੀ ਸਿੱਖ ਅਧਿਕਾਰੀ ਬਣਿਆ

493
Share

ਸਾਨ ਫਰਾਂਸਿਸਕੋ, 24 ਜੁਲਾਈ (ਪੰਜਾਬ ਮੇਲ)-ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਲੱਧੇਵਾਲੀ ਦੇ ਜੰਮਪਲ ਨੌਜਵਾਨ ਜੁਝਾਰ ਸਿੰਘ ਨੇ ਉਦੋਂ ਇਕ ਵਿਲੱਖਣ ਇਤਿਹਾਸ ਲਿਖ ਦਿੱਤਾ ਜਦੋਂ ਉਹ ਹੈਵਰਡ ਪੁਲਿਸ ਦੇ ਇਤਿਹਾਸ ਦਾ ਪਹਿਲਾ ਦਸਤਾਰਧਾਰੀ ਸਿੱਖ ਅਧਿਕਾਰੀ ਬਣ ਗਿਆ। 23 ਸਾਲਾ ਜੁਝਾਰ ਸਿੰਘ ਅਲਮੇਡਾ ਕਾਊਂਟੀ ਦਾ ਵੀ ਪਹਿਲਾ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਹੈ। ਬੀਤੇ ਸੋਮਵਾਰ ਜੁਝਾਰ ਸਿੰਘ ਨੇ ਅਲਮੇਡਾ ਕਾਊਂਟੀ ਸ਼ੈਰਿਫ ਦੀ ਅਕੈਡਮੀ ਦੇ ਆਪਣੇ ਸਾਥੀ ਗ੍ਰੈਜੂਏਟਾਂ ਨਾਲ ਮਾਰਚ ਕੀਤਾ ਅਤੇ ਉਹ ਸਾਰਿਆਂ ‘ਚੋਂ ਇਕੱਲਾ ਹੀ ਸੀ, ਜਿਸ ਨੇ ਟੋਪੀ ਦੀ ਜਗ੍ਹਾ ਪਗੜੀ ਪਹਿਨੀ ਹੋਈ ਸੀ। ਉਹ ਦੂਰੋਂ ਹੀ ਵੱਖਰਾ ਦਿਖਾਈ ਦੇ ਰਿਹਾ ਸੀ। ਅਲਮੇਡਾ ਪੁਲਿਸ ਅਕੈਡਮੀ ਨੂੰ ਕੈਲੀਫੋਰਨੀਆ ਦੀ ਸਭ ਤੋਂ ਸਖ਼ਤ ਅਕੈਡਮੀ ਮੰਨਿਆ ਜਾਂਦਾ ਹੈ ਅਤੇ ਜੁਝਾਰ ਸਿੰਘ ਨੇ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਦਿਆਂ ਹੋਇਆਂ ਆਪਣਾ ਸੁਪਨਾ ਪੂਰਾ ਕਰਕੇ ਮਾਪਿਆਂ ਅਤੇ ਸਿੱਖ ਕੌਮ ਨੂੰ ਮਾਣ ਦਿੱਤਾ ਹੈ। ਜੁਝਾਰ ਸਿੰਘ ਦੇ ਪਿਤਾ ਭੁਪਿੰਦਰ ਸਿੰਘ ਹੈਵਰਡ ‘ਚ ਟੈਨਿਸਨ ਅਤੇ ਮਿਸ਼ਨ ਵਿਖੇ ਦਰਜਨਾਂ ਗੈਸ ਸਟੇਸ਼ਨਾਂ ਦੇ ਮਾਲਕ ਹਨ। ਭੁਪਿੰਦਰ ਸਿੰਘ ਨੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਸਪੁੱਤਰ ਨੇ ਸਿੱਖ ਕੌਮ ਦਾ ਮਾਣ ਉੱਚਾ ਕੀਤਾ ਹੈ। ਉਹ ਸਿੱਖ ਧਰਮ ਪ੍ਰਤੀ ਪੂਰਾ ਦ੍ਰਿੜ੍ਹ ਹੈ ਅਤੇ ਔਖੇ ਸਮਿਆਂ ‘ਚ ਉਸ ਨੇ ਰੋਮ ਨਹੀਂ ਕਟਵਾਏ। ਉਨ੍ਹਾਂ ਦੱਸਿਆ ਕਿ ਕੋਈ ਦਸ ਕੁ ਸਾਲ ਪਹਿਲਾਂ ਉਨ੍ਹਾਂ ਦੇ ਗੈਸ ਸਟੇਸ਼ਨ ‘ਤੇ ਉਸ ਵੇਲੇ ਦਾ ਹੈਵਰਡ ਦਾ ਪੁਲਿਸ ਕਪਤਾਨ ਡੈਨੀਅਲ ਮੈਕਲਿਸਟਰ ਕੋਲਡ ਡਰਿੰਕ ਲੈਣ ਲਈ ਰੁਕਿਆ ਸੀ, ਇਸ ਮੌਕੇ ਜੁਝਾਰ ਸਿੰਘ ਉਸ ਨੂੰ ਮਿਲਿਆ ਸੀ ਅਤੇ ਉਸ ਨੇ ਇਕ ਜੂਨੀਅਰ ਬੈਜ ਜੁਝਾਰ ਸਿੰਘ ਨੂੰ ਦਿੱਤਾ। ਇਸ ਮੁਲਾਕਾਤ ਤੋਂ ਬਾਅਦ ਮੇਰੇ ਬੇਟੇ ਨੇ ਪੁਲਿਸ ਵਿਚ ਜਾਣ ਦਾ ਸੋਚ ਲਿਆ ਸੀ ਅਤੇ ਅੱਜ ਉਸ ਦਾ ਸੁਪਨਾ ਪੂਰਾ ਹੋ ਗਿਆ ਹੈ।


Share