ਹੈਦਰਾਬਾਦ ਦੇ ਨੌਜਵਾਨ ਦਾ ਅਮਰੀਕਾ ‘ਚ ਕਤਲ

73
Share

ਹੈਦਰਾਬਾਦ/ਜਾਰਜੀਆ, 3 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਜਾਰਜੀਆ ‘ਚ ਰਹਿਣ ਵਾਲੇ ਇੱਕ 37 ਸਾਲਾ ਭਾਰਤੀ ਮੁਸਲਿਮ ਸ਼ਖਸ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।  ਇਹ ਸ਼ਖਸ ਹੈਦਰਾਬਾਦ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਕਤਲ ਛੁਰਾ ਮਾਰ ਕੇ ਕੀਤਾ ਗਿਆ। ਉਸ ਦੀ ਲਾਸ਼ ਘਰ ਦੇ ਬਾਹਰੋਂ ਬਰਾਮਦ ਹੋਈ। ਮ੍ਰਿਤਕ ਦੀ ਪਤਨੀ ਨੇ ਭਾਰਤ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਸ ਦਾ ਅੰਤਮ ਸਸਕਾਰ ਕੀਤਾ ਜਾ ਸਕੇ। ਮ੍ਰਿਤਕ ਦੀ ਪਛਾਣ ਮੁਹੰਮਦ ਆਰਿਫ਼ ਮੋਹਿਉਦੀਨ ਵਜੋਂ ਹੋਈ ਹੈ। ਉਹ ਪਿਛਲੇ 10 ਸਾਲ ਤੋਂ ਜਾਰਜੀਆ ‘ਚ ਇੱਕ ਗ੍ਰੋਸਰੀ ਸਟੋਰ ਚਲਾ ਰਿਹਾ ਸੀ। ਮੋਹਿਉਦੀਨ ਦੀ ਪਤਨੀ ਮੇਹਨਾਜ ਫਾਤਿਮਾ ਨੇ ਸਰਕਾਰੀ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦਾ ਅਤੇ ਉਸ ਦੇ ਪਿਤਾ ਦਾ ਐਮਰਜੰਸੀ ਵੀਜ਼ਾ ਲਗਵਾਏ ਤਾਂ ਜੋ ਉੱਥੇ ਜਾ ਕੇ ਉਹ ਅੰਤਮ ਸੰਸਕਾਰ ‘ਚ ਸ਼ਾਮਲ ਹੋ ਸਕਣ।

ਗ੍ਰੌਸਰੀ ਸਟੋਰ ਦੇ ਸੀਸੀਟੀਵੀ ਫੁਟੇਜ ‘ਚ ਕਥਿਤ ਤੌਰ ‘ਤੇ ਇੱਕ ਕਰਮਚਾਰੀ ਸਣੇ ਕਈ ਹਮਲਾਵਰ ਸਟੋਰ ‘ਚ ਦੇਖੇ ਜਾ ਸਕਦੇ ਹਨ।  ਫਾਤਿਮਾ ਨੇ ਦੱਸਿਆ ਕਿ ਐਤਵਾਰ ਨੂੰ ਲਗਭਗ 9 ਵਜੇ ਉਸ ਨੇ ਆਰਿਫ਼ ਨੂੰ ਫੋਨ ਕੀਤਾ ਸੀ ਅਤੇ ਉਸ ਨੇ ਜਵਾਬ ਦਿੱਤਾ ਸੀ ਕਿ ਉਹ ਅੱਧੇ ਘੰਟੇ ‘ਚ ਦੁਬਾਰਾ ਫ਼ੋਨ ਕਰੇਗਾ, ਪਰ ਬਾਅਦ ‘ਚ ਉਸ ਕੋਲ ਕੋਈ ਫੋਨ ਨਹੀਂ ਆਇਆ। ਇਸ ਤੋਂ ਬਾਅਦ ਉਸ ਨੂੰ ਆਪਣੀ ਨਣਦ ਰਾਹੀਂ ਪਤਾ ਲੱਗਾ ਕਿ ਕੁਝ ਅਣਪਛਾਤੇ ਹਮਲਾਵਰਾਂ ਨੇ ਛੁਰਾ ਮਾਰ ਕੇ ਉਸ ਦੇ ਪਤੀ ਆਰਿਫ਼ ਦਾ ਕਤਲ ਕਰ ਦਿੱਤਾ ਹੈ। ਅਜੇ ਆਫਿਰ ਦੀ ਮ੍ਰਿਤਕ ਦੇਹ ਜਾਰਜੀਆ ਦੇ ਹਸਪਤਾਲ ‘ਚ ਹੀ ਹੈ। ਉੱਥੇ ਪਰਿਵਾਰ ਦਾ ਕੋਈ ਹੋਰ ਮੈਂਬਰ ਮੌਜੂਦ ਨਹੀਂ ਹੈ। ਤੇਲੰਗਾਨਾ ਦੀ ਪਾਰਟੀ ‘ਮਜਲਿਸ ਬਚਾਓ ਤਹਿਰੀਕ’ ਦੇ ਬੁਲਾਰੇ ਉਲਾਹ ਖਾਨ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਅਮਰੀਕਾ ‘ਚ ਭਾਰਤੀ ਰਾਜਦੂਤ ਨੂੰ ਚਿੱਠੀ ਲਿਖ ਕੇ ਮ੍ਰਿਤਕ ਦੇ ਵਾਰਸਾਂ ਨੂੰ ਅਮਰੀਕਾ ਲਿਜਾਣ ਦੀ ਬੇਨਤੀ ਕੀਤੀ ਹੈ।


Share