ਨਿਊਜਰਸੀ, 19 ਮਾਰਚ (ਪੰਜਾਬ ਮੇਲ /ਰਾਜ ਗੋਗਨਾ)— ਅਮਰੀਕਾ ‘ਚ ਰਹਿੰਦੇ ਜ਼ਿਲਾ ਹੁਸ਼ਿਆਰਪੁਰ ਦੇ ਇਕ ਨੌਜਵਾਨ ਦੀ ਮੌਤ ਸੜਕ ਹਾਦਸੇ ‘ਚ ਹੋਣ ਦੀ ਖਬਰ ਮਿਲੀ ਹੈ। ਅਮਰੀਕਾ ਦੇ ਸੂਬੇ ਨਿਊਜਰਸੀ ਦੇ ਰੂਟ 202 ‘ਤੇ ਸਥਿਤ ਇਕ ਭਾਰਤੀ ਰੈਸਟੋਰੈਂਟ ‘ਮਸਾਲਾ ਹੱਟ’ ‘ਚ ਕੰਮ ਕਰਨ ਵਾਲੇ 36 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਨਾਲ ਇਲਾਕੇ ‘ਚ ਸੋਗ ਛਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੁਰਿੰਦਰ ਸਿੰਘ ਹੈਪੀ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਗਿਲਜੀਆਂ ਥਾਣਾ ਟਾਂਡਾ (ਹੁਸ਼ਿਆਰਪੁਰ) ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਸੁਰਿੰਦਰ ਸਿੰਘ ਰਾਤ 8:15 ਵਜੇ ਰੈਸਟੋਰੈਂਟ ਤੋਂ ਪਿਜ਼ਾ ਲੈਣ ਲਈ ਪੈਦਲ ਜਾ ਰਿਹਾ ਸੀ। ਜਦੋਂ ਉਹ ਸੜਕ ਪਾਰ ਕਰ ਰਿਹਾ ਸੀ ਤਾਂ ਉਸ ਨਾਲ ਇਕ ਅਮਰੀਕੀ ਦੀ ਕਾਰ ਆ ਵੱਜੀ ਅਤੇ ਸੁਰਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੁਰਿੰਦਰ ਸਿੰਘ ਦੋ ਬੱਚਿਆਂ ਦਾ ਬਾਪ ਸੀ। ਉਸ ਦੀ ਪਤਨੀ, 13 ਸਾਲਾ ਲੜਕੀ ਅਤੇ 8 ਸਾਲਾ ਲੜਕਾ ਭਾਰਤ ‘ਚ ਹੀ ਰਹਿੰਦੇ ਹਨ।