ਹੁਣ 5 ਜੀ ‘ਚੋਂ ਚੀਨ ਨੂੰ ਬਾਹਰ ਰੱਖਣ ਦੀ ਤਿਆਰੀ ਕਰਨ ਲੱਗੀ ਸਰਕਾਰ

132
Share

ਨਵੀਂ ਦਿੱਲੀ, 2 ਜੁਲਾਈ (ਪੰਜਾਬ ਮੇਲ)-ਚੀਨ ਅਤੇ ਚੀਨੀ ਸਾਮਾਨ ਖ਼ਿਲਾਫ਼ ਬਣ ਰਹੇ ਮਾਹੌਲ ਵਿਚਾਲੇ ਸਰਕਾਰ 5-ਜੀ ‘ਚੋਂ ਚੀਨ ਨੂੰ ਬਾਹਰ ਰੱਖਣ ਦੀ ਤਿਆਰੀ ਕਰਨ ਲੱਗੀ ਹੈ। ਕੁਝ ਇਸੇ ਟੀਚੇ ਨਾਲ ਸਰਕਾਰ ਦੇ ਪੱਧਰ ‘ਤੇ ਇਹ ਵੀ ਮੰਥਨ ਚੱਲ ਰਿਹਾ ਹੈ ਕਿ ਦੇਸ਼ ‘ਚ 5-ਜੀ ਸਪੈਕਟ੍ਰਮ ਦੀ ਨਿਲਾਮੀ ਪ੍ਰਕਿਰਿਆ ਨੂੰ ਹੀ ਇਸ ਵਰ੍ਹੇ ਟਾਲ ਦਿੱਤਾ ਜਾਵੇ। ਮੰਨਿਆ ਜਾ ਰਿਹਾ ਹੈ ਕਿ 5-ਜੀ ਨੈੱਟਵਰਕ ਦੇ ਭਵਿੱਖ ਨੂੰ ਲੈ ਕੇ ਭਾਰਤ ਤੇ ਅਮਰੀਕਾ ਵਿਚਾਲੇ ਵਿਚਾਰਾਂ ਵੀ ਚੱਲ ਰਹੀਆਂ ਹਨ। ਸੋਮਵਾਰ ਨੂੰ ਅਮਰੀਕੀ ਵਿਦੇਸ਼ ਮੰਤਰਾਲੇ ਨੇ ਆਪਣੇ ਸਾਰੇ ਮਿੱਤਰ ਦੇਸ਼ਾਂ ਤੋਂ 5-ਜੀ ਨੈੱਟਵਰਕ ਵਿਸਥਾਰ ਨੂੰ ਲੈ ਕੇ ਚੌਕਸ ਰਹਿਣ ਤੇ ਭਰੋਸੇਮੰਦ ਤਕਨੀਕੀ ਕੰਪਨੀ ਦੀ ਸੇਵਾ ਹੀ ਲੈਣ ਦੀ ਅਪੀਲ ਕੀਤੀ ਸੀ। ਅਮਰੀਕਾ ‘ਚ ਸੰਚਾਰ ਕਮਿਸ਼ਨ ਨੇ ਭਾਰਤ ਨਾਲ ਰਲ ਕੇ 5-ਜੀ ਤਕਨੀਕ ‘ਤੇ ਕੰਮ ਕਰਨ ਦੀ ਗੱਲ ਵੀ ਕਹੀ ਹੈ।
ਦੱਸਣਯੋਗ ਹੈ ਕਿ ਦੁਨੀਆਂ ‘ਚ ਹੁਆਵੇ, ਨੋਕੀਆ (ਫਿਨਲੈਂਡ) ਤੇ ਐਰਿਕਸਨ (ਸਵੀਡਨ) ਕੰਪਨੀਆਂ ਹਨ, ਜੋ ਪ੍ਰਮੱਖ ਤੌਰ ‘ਤੇ 5-ਜੀ ਤਕਨੀਕ ਲਈ ਜ਼ਰੂਰੀ ਇਨਫਰਾਸਟਰੱਕਚਰ ਦੇ ਰਹੀਆਂ ਹਨ। ਭਾਰਤੀ ਬਾਜ਼ਾਰ ‘ਚ ਹੁਆਵੇ ਕਾਫੀ ਦਾਅ ਲਾ ਚੁੱਕੀ ਹੈ। ਅਮਰੀਕਾ ਤੇ ਯੂਰਪੀ ਬਾਜ਼ਾਰ ‘ਚ ਆਪਣੇ ਖ਼ਿਲਾਫ਼ ਬਣੇ ਮਾਹੌਲ ਤੋਂ ਬਾਅਦ ਭਾਰਤ ਹੀ ਉਮੀਦ ਹੈ। ਭਾਰਤ ਸਰਕਾਰ ਦਾ ਫ਼ੈਸਲਾ ਉਸ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ।
ਮੰਗਲਵਾਰ ਸ਼ਾਮ ਨੂੰ ਨਵੀਂ ਦਿੱਲੀ ਸਥਿਤ ਅਮਰੀਕੀ ਸਫ਼ਾਰਤਖਾਨੇ ਨੇ ਆਪਣੇ ਟਵਿੱਟਰ ਹੈਂਡਲ ਤੋਂ 5-ਜੀ ਟੈਕਨਾਲੋਜੀ ਨੂੰ ਲੈ ਕੇ ਕੁਝ ਟਵੀਟ ਕੀਤੇ, ਜਿਸ ‘ਚ ਕਿਹਾ ਗਿਆ ਕਿ ਭਵਿੱਖ ‘ਚ ਕਾਰਾਂ, ਬੈਂਕ, ਹਸਪਤਾਲ, ਇਲੈਕਟ੍ਰੀਕਲ ਗਰਿੱਡਜ਼, ਸਮਾਰਟ ਮੈਨੂਫੈਕਚਰਿੰਗ ਸਭ ਕੁਝ 5-ਜੀ ਨਾਲ ਚੱਲਣਗੇ।
ਇਹ ਟਵੀਟ ਭਾਰਤ ਦੇ ਤਿੰਨ ਚੋਟੀ ਦੇ ਕੈਬਨਿਟ ਮੰਤਰੀਆਂ (ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਉਦਯੋਗ ਤੇ ਵਣਜ ਮੰਤਰੀ ਪਿਊਸ਼ ਗੋਇਲ) ਵਿਚਾਲੇ ਸੋਮਵਾਰ ਨੂੰ ਹੋਈ ਬੈਠਕ ਦੇ ਦੂਜੇ ਦਿਨ ਕੀਤਾ, ਜਿਸ ‘ਚ ਚੀਨ ਦੀ ਚੋਟੀ ਦੀ ਤਕਨੀਕੀ ਕੰਪਨੀ ਹੁਆਵੇ ਨੂੰ ਭਾਰਤ ‘ਚ 5-ਜੀ ਸਪੈਕਟ੍ਰਮ ਨੈੱਟਵਰਕ ਤੋਂ ਬਾਹਰ ਕਰਨ ‘ਤੇ ਵਿਚਾਰ ਹੋਇਆ ਹੈ। ਜਾਣਕਾਰਾਂ ਮੁਤਾਬਕ, ਚੀਨੀ ਕੰਪਨੀਆਂ ਦੇ ਸ਼ੱਕੀ ਨਿਵੇਸ਼ ਤੇ 50 ਚੀਨੀ ਐਪਸ ‘ਤੇ ਪਾਬੰਦੀ ਲੱਗਣ ਤੋਂ ਬਾਅਦ ਭਾਰਤ ਹੁਣ ਉੱਚ ਤਕਨੀਕ ‘ਚ ਚੀਨੀ ਕੰਪਨੀਆਂ ਨੂੰ ਬਾਹਰ ਦਾ ਰਾਹ ਦਿਖਾਉਣ ਦੇ ਬਦਲ ‘ਤੇ ਗੰਭੀਰ ਹੈ।
ਕੇਂਦਰ ਸਰਕਾਰ ਨੇ ਪਿਛਲੇ ਸਾਲ ਦੇ ਅੰਤ ‘ਚ ਕਈ ਪੱਧਰਾਂ ‘ਤੇ ਵਿਚਾਰ ਤੋਂ ਬਾਅਦ ਤੇ ਅਮਰੀਕਾ ਦੇ ਇਤਰਾਜ਼ ਤੋਂ ਬਾਵਜੂਦ ਹੁਆਵੇ ਨੂੰ 5-ਜੀ ਟਰਾਇਲ ‘ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਸੀ। ਹੁਣ ਹਾਲਾਤ ਬਦਲ ਗਏ ਹਨ। ਹੁਣ ਜਦਕਿ ਸਰਕਾਰ ਨੇ ਚੀਨ ਦੇ ਪੰਜ ਦਰਜਨ ਤੋਂ ਐਪਸ ‘ਤੇ ਇਸ ਆਧਾਰ ‘ਤੇ ਪਾਬੰਦੀ ਲਾਈ ਹੈ ਕਿ ਇਸ ਨਾਲ ਦੇਸ਼ ਦੀ ਪ੍ਰਭੂਸੱਤਾ ਤੇ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ ਤਾਂ ਫਿਰ 5-ਜੀ ਵਰਗੀ ਬੇਹੱਦ ਸੰਵੇਦਨਸ਼ੀਲ ਤਕਨੀਕ ਨੂੰ ਲੈ ਕੇ ਜੋਖ਼ਮ ਕਿਵੇਂ ਉਠਾਇਆ ਜਾ ਸਕਦਾ ਹੈ। ਭਵਿੱਖ ‘ਚ 5-ਜੀ ਨੈੱਟਵਰਕ ਲਾਉਣ ਵਾਲੀ ਕੰਪਨੀ ਕੋਲ ਦੇਸ਼ ਦੀਆਂ ਸਭ ਤੋਂ ਸੰਵੇਦਨਸ਼ੀਲ ਜਾਣਕਾਰੀਆਂ ਹੋਣਗੀਆਂ। ਭਾਰਤ ਸਰਕਾਰ ਵੱਲੋਂ ਇਸ ਬਾਰੇ ਲਿਆ ਗਿਆ ਫ਼ੈਸਲਾ ਹੁਆਵੇ ਦੇ ਨਾਲ ਹੀ ਚੀਨ ਦੀ ਇਕ ਦੂਜੀ ਕੰਪਨੀ ਜ਼ੈੱਡ.ਟੀ.ਈ. ਨੂੰ ਪ੍ਰਭਾਵਿਤ ਕਰੇਗਾ। ਹੁਆਵੇ ਖ਼ਿਲਾਫ਼ ਪਹਿਲਾਂ ਤੋਂ ਹੀ ਅਮਰੀਕਾ, ਕੈਨੇਡਾ ਤੇ ਯੂਰਪੀ ਦੇਸ਼ਾਂ ‘ਚ ਹਵਾ ਬਣ ਚੁੱਕੀ ਹੈ।


Share