ਹੁਣ ਹੜ੍ਹਾਂ ਦੀ ਮਾਰ ਹੇਠ ਪੰਜਾਬ ਦੇ ਲੋਕ

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ: 916-320-9444
ਪੰਜਾਬ ਬਾਰੇ ਇਹ ਕਹਾਵਤ ਬੜੀ ਮਸ਼ਹੂਰ ਹੈ ਕਿ ‘ਪੰਜਾਬ ਦੇ ਜੰਮਿਆ ਨੂੰ ਨਿੱਤ ਮਹਿੰਮਾ’। ਕੁੱਝ ਸਮਾਂ ਪਹਿਲਾਂ ਪੰਜਾਬ ਦੇ 20 ਹਿੱਸੇ ਸੋਕੇ ਦੀ ਮਾਰ ਹੇਠ ਆਏ ਹੋਏ ਸਨ। ਪੰਜਾਬ ਦੇ ਵੱਡੇ ਹਿੱਸੇ ਵਿਚ ਪਾਣੀ ਦਾ ਤਲ ਬੇਹੱਦ ਡੂੰਘਾ ਚਲੇ ਜਾਣ ਉਪਰ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਸੀ। ਪਰ ਬਾਰਿਸ਼ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਹੈ। ਕੁੱਝ ਦਿਨ ਪਹਿਲਾਂ ਮਾਲਵਾ ਖੇਤਰ ਵਿਚ ਸ਼ੂਕਦੇ ਘੱਗਰ ਦਰਿਆ ਨੇ ਉਸ ਖੇਤਰ ਦੇ ਲੋਕਾਂ ਦੇ ਨਾਸੀਂ ਧੂੰਆਂ ਲਿਆਂਦਾ ਹੋਇਆ ਸੀ ਤੇ ਹੁਣ ਸਤਲੁਜ ਦਰਿਆ ਦਾ ਪਾਣੀ ਲੋਕਾਂ ਲਈ ਵੱਡੀ ਆਫਤ ਬਣਿਆ ਹੋਇਆ ਹੈ। ਪਿਛਲੇ ਇਕ ਹਫਤੇ ਤੋਂ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਅਤੇ ਪੰਜਾਬ ਅੰਦਰ ਹੋਈ ਤੇਜ਼ ਬਾਰਿਸ਼ ਕਾਰਨ ਸਤਲੁਜ ਦਰਿਆ ਦੇ ਆਲੇ-ਦੁਆਲੇ ਪੈਂਦਾ ਪੇਂਡੂ ਖੇਤਰ ਹੜ੍ਹ ਦੀ ਮਾਰ ਹੇਠ ਆਇਆ ਹੋਇਆ ਹੈ। ਹਿਮਾਚਲ ‘ਚ ਭਾਰੀ ਮੀਂਹ ਪੈਣ ਕਾਰਨ ਭਾਖੜਾ ਡੈਮ ‘ਚ ਪਾਣੀ ਖਤਰੇ ਦੀ ਹੱਦ ਤੋਂ ਉਪਰ ਲੰਘ ਚੁੱਕਾ ਹੈ। ਭਾਖੜਾ ਡੈਮ ‘ਚ 1650 ਫੁੱਟ ਉੱਚਾ ਪਾਣੀ ਭਰ ਜਾਣ ਉੱਤੇ ਖਤਰੇ ਦਾ ਘੁੱਗੂ ਵੱਜਦਾ ਹੈ। ਪਰ ਇਸ ਵੇਲੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1681 ਫੁੱਟ ਉੱਚਾ ਦੱਸਿਆ ਜਾ ਰਿਹਾ ਹੈ। ਭਾਖੜਾ ਡੈਮ ‘ਚ ਪਾਣੀ ਦੇ ਉੱਚੇ ਹੋ ਰਹੇ ਪੱਧਰ ਨੂੰ ਦੇਖਦਿਆਂ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਨੇ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਦਾ ਫੈਸਲਾ ਕੀਤਾ। ਪਹਿਲੇ ਦਿਨ ਭਾਖੜਾ ਡੈਮ ਤੋਂ 40 ਲੱਖ ਕਿਊਸਿਕ ਪਾਣੀ ਸਤਲੁਜ ਦਰਿਆ ‘ਚ ਛੱਡਿਆ ਗਿਆ। ਉਸੇ ਦਿਨ ਪੰਜਾਬ ਵਿਚ ਵੀ ਭਾਰੀ ਮਾਤਰਾ ‘ਚ ਬਾਰਿਸ਼ ਹੋਈ। ਭਾਖੜਾ ਡੈਮ ਤੋਂ ਇਕਦਮ ਪਾਣੀ ਛੱਡੇ ਜਾਣ ਕਾਰਨ ਅਤੇ ਪੰਜਾਬ ਵਿਚ ਭਾਰੀ ਬਾਰਿਸ਼ ਕਾਰਨ ਬਿਆਸ ਦਰਿਆ ਥਾਂ-ਥਾਂ ਤੋਂ ਉਛਾਲੇ ਮਾਰਨ ਲੱਗਾ। ਬਿਆਸ ਦਰਿਆ ਉਪਰ ਪੈਂਦੇ ਜ਼ਿਲ੍ਹਾ ਰੋਪੜ, ਨਵਾਂਸ਼ਹਿਰ, ਜਲੰਧਰ, ਲੁਧਿਆਣਾ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ 100 ਤੋਂ ਵਧੇਰੇ ਪਿੰਡ ਇਕਦਮ ਹੜ੍ਹ ਦੀ ਲਪੇਟ ਵਿਚ ਆ ਗਏ। ਤਿੰਨ ਦਿਨ ਤੱਕ ਲਗਾਤਾਰ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਦਰਿਆ ਵਿਚ ਪਾਣੀ ਦਾ ਵਹਿਣ ਲਗਾਤਾਰ ਵੱਧਦਾ ਗਿਆ। ਪੰਜ ਜ਼ਿਲ੍ਹਿਆਂ ‘ਚ 7-8 ਥਾਵਾਂ ‘ਤੇ ਦਰਿਆ ਦੇ ਧੁੱਸੀ ਬੰਨ੍ਹ ਵਿਚ ਵੱਡੇ ਪਾੜ ਪੈ ਜਾਣ ਕਾਰਨ ਦਰਿਆ ਦਾ ਪਾਣੀ ਬਾਹਰਲੇ ਖੇਤਰਾਂ ਵੱਲ ਹੋ ਤੁਰਿਆ। ਪਾਣੀ ਦੇ ਇਸ ਵਹਾਅ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਤਬਾਹ ਹੋ ਕੇ ਰਹਿ ਗਈ ਹੈ। ਵੱਡੀ ਪੱਧਰ ‘ਤੇ ਪਸ਼ੂਆਂ ਤੇ ਹੋਰ ਜਾਨਵਰਾਂ ਦਾ ਨੁਕਸਾਨ ਹੋਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਪਤਾ ਹੈ ਕਿ ਬਾਰਿਸ਼ ਦੇ ਮੌਸਮ ਵਿਚ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਉੱਚਾ ਹੋਣਾ ਹੈ, ਪਰ ਪਤਾ ਨਹੀਂ ਕਿਉਂ ਪ੍ਰਸ਼ਾਸਨ ਹਮੇਸ਼ਾ ਇਸੇ ਗੱਲ ਦੀ ਉਡੀਕ ਕਰਦਾ ਰਹਿੰਦਾ ਹੈ ਕਿ ਡੈਮ ਵਿਚ ਪਾਣੀ ਦਾ ਪੱਧਰ ਖਤਰੇ ਦੀ ਘੰਟੀ ਤੱਕ ਪੁੱਜ ਜਾਣ ਦਿਓ, ਫਿਰ ਹੀ ਫਲੱਡ ਗੇਟ ਖੋਲ੍ਹੇ ਜਾਣਗੇ। ਡੈਮ ਵਿਚ ਇੰਨਾ ਜ਼ਿਆਦਾ ਪਾਣੀ ਭਰਨ ਕਾਰਨ ਜਦ ਇਕਦਮ ਪਾਣੀ ਛੱਡਿਆ ਜਾਂਦਾ ਹੈ, ਤਾਂ ਹਰ ਸਾਲ ਦਰਿਆ ਲੋਕਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਕਰਦਾ ਹੈ। ਪ੍ਰਸ਼ਾਸਨ ਕਦੇ ਵੀ 1400 ਜਾਂ 1500 ਫੁੱਟ ਪਾਣੀ ਭਰਨ ਉਪਰ ਹੌਲੀ-ਹੌਲੀ ਪਾਣੀ ਨਹੀਂ ਛੱਡਦਾ। ਇਹੀ ਕਾਰਨ ਹੈ ਕਿ ਖਤਰੇ ਦੀ ਹੱਦ ਤੱਕ ਪਾਣੀ ਜਮ੍ਹਾਂ ਹੋਣ ਬਾਅਦ ਹੀ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਹੜ੍ਹ ਆ ਜਾਂਦੇ ਹਨ। ਲੋਕਾਂ ਦੀ ਜ਼ਿੰਦਗੀ ਨਾਲ ਕੋਈ ਲਗਾਅ ਨਾ ਹੋਣ ਕਾਰਨ ਪਤਾ ਨਹੀਂ ਕਿੰਨੇ ਸਮੇਂ ਤੋਂ ਇਹੀ ਦਸਤੂਰ ਚਲਿਆ ਆ ਰਿਹਾ ਹੈ। ਵਿਕਸਿਤ ਮੁਲਕਾਂ ਵਿਚ ਵੀ ਦੇਖਦੇ ਹਾਂ ਕਿ ਇਥੇ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਹੜ੍ਹ ਜਾਂ ਡੈਮਾਂ ਵਿਚ ਪਾਣੀ ਜਮ੍ਹਾਂ ਹੋਣ ਉੱਤੇ ਲੋਕਾਂ ਦੇ ਬਚਾਅ ਨੂੰ ਪਹਿਲ ਦੇ ਆਧਾਰ ਉੱਤੇ ਲੈਂਦਾ ਹੈ। ਪਰ ਸਾਡੇ ਪੰਜਾਬ ਵਿਚ ਅਜੇ ਵੀ ਸਰਕਾਰਾਂ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ। ਦੂਜਾ, ਹੜ੍ਹ ਹਰ ਸਾਲ ਆਉਂਦੇ ਹਨ। ਕਈ ਸਾਲ ਪਹਿਲਾਂ ਤੱਕ ਬਰਸਾਤ ਦੇ ਮੌਸਮ ਤੋਂ ਪਹਿਲਾਂ ਬਰਸਾਤੀ ਨਾਲਿਆਂ, ਨਹਿਰਾਂ ਅਤੇ ਚੋਆਂ ਦੀ ਸਫਾਈ ਦਾ ਕੰਮ ਕੀਤਾ ਜਾਂਦਾ ਸੀ ਅਤੇ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਕੀਤੇ ਜਾਂਦੇ ਸਨ। ਇਸ ਕੰਮ ਲਈ ਦੋ ਮਹੀਨੇ ਪਹਿਲਾਂ ਫੰਡ ਜਾਰੀ ਕਰ ਦਿੱਤੇ ਜਾਂਦੇ ਸਨ। ਪਰ ਹੁਣ ਪਿਛਲੇ ਕੁੱਝ ਸਾਲਾਂ ਤੋਂ ਬਰਸਾਤ ਦੇ ਮੌਸਮ ਤੋਂ ਪਹਿਲਾਂ ਅਗਾਊਂ ਪ੍ਰਬੰਧਾਂ ਲਈ ਨਾ ਤਾਂ ਕੋਈ ਪੈਸਾ ਜਾਰੀ ਕੀਤਾ ਜਾਂਦਾ ਹੈ ਅਤੇ ਨਾ ਹੀ ਅਜਿਹਾ ਕੋਈ ਬੰਦੋਬਸਤ ਹੀ ਕੀਤਾ ਜਾਂਦਾ ਹੈ। ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਜਦ ਪਾਣੀ ਲੋਕਾਂ ਦੇ ਘਰਾਂ ‘ਚ ਵੜਨ ਲੱਗਦਾ ਹੈ, ਤਾਂ ਸਰਕਾਰ ਰਾਹਤ ਕਾਰਜ ਆਰੰਭ ਕਰਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਆਉਣ ਤੋਂ ਤਿੰਨ ਦਿਨ ਬਾਅਦ ਬੀਤੇ ਸੋਮਵਾਰ ਰੋਪੜ ਜ਼ਿਲ੍ਹੇ ਵਿਚ ਆ ਕੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੰਜਾਬ ਨੂੰ ਹੜ੍ਹਾਂ ਦੀ ਮਾਰ ਹੇਠ ਆਇਆ ਐਲਾਨ ਕੇ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਰਾਹਤ ਕਾਰਜਾਂ ਲਈ 100 ਕਰੋੜ ਰੁਪਏ ਜਾਰੀ ਕਰਨ ਦਾ ਵੀ ਐਲਾਨ ਕੀਤਾ ਹੈ। ਪਰ ਸਵਾਲ ਤਾਂ ਇਹ ਹੈ ਕਿ ਹਰ ਸਾਲ ਭਾਰੀ ਬਾਰਿਸ਼ ਕਾਰਨ ਲੋਕਾਂ ਖਾਸਕਰ ਦਰਿਆਵਾਂ ਨੇੜੇ ਵਸੇ ਲੋਕਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਦਾ ਮੁੜ ਵਸੇਬੇ ਅਤੇ ਉਭਰਨ ਵਿਚ ਹੀ ਸਾਲ ਲੰਘ ਜਾਂਦਾ ਹੈ ਅਤੇ ਇੰਨੇ ਨੂੰ ਮੁੜ ਫਿਰ ਬਰਸਾਤ ਦਾ ਮੌਸਮ ਆ ਜਾਂਦਾ ਹੈ। ਦਰਿਆਵਾਂ ਨੇੜਲੇ ਖੇਤਰਾਂ ਦੇ ਲੋਕਾਂ ਦਾ ਜੀਵਨ ਬੇਹੱਦ ਨਰਕ ਭਰਿਆ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਇਕ ਹੋਰ ਗੱਲ ਵੀ ਉਭਰ ਕੇ ਸਾਹਮਣੇ ਆਈ ਹੈ ਕਿ ਪਿਛਲੇ ਸਾਲਾਂ ਦੌਰਾਨ ਹੁਕਮਰਾਨ ਲੋਕਾਂ ਵੱਲੋਂ ਦਰਿਆ ਦੇ ਅੰਦਰੋਂ ਅਤੇ ਨਾਲ ਲੱਗਦੇ ਖੇਤਰਾਂ ਵਿਚੋਂ ਰੇਤੇ ਦੀ ਗੈਰ ਕਾਨੂੰਨੀ ਖੁਦਾਈ ਬੜੇ ਵੱਡੇ ਪੱਧਰ ‘ਤੇ ਕੀਤੀ ਜਾਂਦੀ ਰਹੀ ਹੈ, ਜਿਸ ਕਾਰਨ ਦਰਿਆਵਾਂ ਦੇ ਕਿਨਾਰੇ (ਧੁੱਸੀ ਬੰਨ੍ਹ) ਅਨੇਕ ਥਾਵਾਂ ਤੋਂ ਕਮਜ਼ੋਰ ਹੋ ਗਏ ਸਨ। ਦਰਿਆ ਵਿਚ ਪਾਣੀ ਆਉਂਦਿਆਂ ਹੀ ਸਭ ਤੋਂ ਪਹਿਲਾਂ ਅਜਿਹੇ ਥਾਵਾਂ ਉਪਰ ਮਾਰ ਪਈ ਹੈ। ਰਿਪੋਰਟਾਂ ਆ ਰਹੀਆਂ ਹਨ ਕਿ ਦਰਿਆ ਵਿਚ ਵੱਡੇ ਪਾੜ ਪੈਣ ਦਾ ਅਹਿਮ ਕਾਰਨ ਉਥੋਂ ਵੱਡੇ ਪੱਧਰ ਉੱਤੇ ਗੈਰ ਕਾਨੂੰਨੀ ਰੇਤੇ ਦੀ ਖੁਦਾਈ ਬਣਿਆ ਹੈ। ਇਹ ਵੀ ਰਿਪੋਰਟਾਂ ਹਨ ਕਿ ਕਈ ਥਾਈਂ ਦਰਿਆ ਨੇੜਲੇ ਖੇਤਰਾਂ ਵਿਚ 40 ਤੋਂ 50 ਫੁੱਟ ਤੱਕ ਡੂੰਘੀਆਂ ਰੇਤੇ ਦੀਆਂ ਖੱਡਾਂ ਪੁੱਟੀਆਂ ਹੋਈਆਂ ਸਨ। ਦਰਿਆ ਨੇੜਲੇ ਖੇਤਰਾਂ ਦੇ ਲੋਕ ਇਸ ਗੈਰ ਕਾਨੂੰਨੀ ਖੁਦਾਈ ਬਾਰੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਗਾਤਾਰ ਸੁਚੇਤ ਵੀ ਕਰਦੇ ਰਹੇ ਹਨ ਅਤੇ ਸ਼ਿਕਾਇਤਾਂ ਵੀ ਭੇਜਦੇ ਰਹੇ ਹਨ। ਪਰ ਖੁਦ ਹੁਕਮਰਾਨਾਂ ਵੱਲੋਂ ਹੀ ਚਲਾਏ ਜਾ ਰਹੇ ਇਸ ਧੰਦੇ ਨੂੰ ਰੋਕੇ ਕੌਣ? ਇਹ ਧੰਦਾ ਅਕਾਲੀ-ਭਾਜਪਾ ਸਰਕਾਰ ਵੇਲੇ ਵੀ ਜ਼ੋਰ-ਸ਼ੋਰ ਨਾਲ ਚੱਲਦਾ ਰਿਹਾ ਹੈ ਤੇ ਹੁਣ ਕਾਂਗਰਸ ਹੱਥ ਰਾਜ-ਭਾਗ ਆਉਣ ਬਾਅਦ ਹੀ ਉਸੇ ਤਰ੍ਹਾਂ ਬਾਦਸਤੂਰ ਜਾਰੀ ਹੈ।
ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ‘ਚ ਆਏ ਹੜ੍ਹਾਂ ਬਾਰੇ ਲਗਾਤਾਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਅਤੇ ਪ੍ਰਵਾਸੀ ਪੰਜਾਬੀ ਪੰਜਾਬ ਅੰਦਰ ਹੋ ਰਹੀ ਬਰਬਾਦੀ ਉਪਰ ਚਿੰਤਾ ਵੀ ਜ਼ਾਹਿਰ ਕਰ ਰਹੇ ਹਨ। ਪੰਜਾਬ ਵਿਚ ਹੜ੍ਹਾਂ ਰਾਹੀਂ ਹੋ ਰਹੇ ਨੁਕਸਾਨ ਨੂੰ ਕਿਸੇ ਵੀ ਤਰੀਕੇ ਕੁਦਰਤੀ ਆਫਤ ਨਹੀਂ ਕਿਹਾ ਜਾ ਸਕਦਾ। ਇਹ ਪੰਜਾਬ ਦੇ ਲੋਕਾਂ ਸਿਰ ਆਈ ਇਹੋ ਜਿਹੀ ਮੁਸੀਬਤ ਹੈ, ਜੋ ਸਾਡੇ ਆਪਣਿਆਂ ਨੇ ਆਪ ਹੀ ਸਹੇੜੀ ਹੈ। ਇਸ ਵੇਲੇ ਪੰਜਾਬ ਵਿਚ ਆਏ ਹੜ੍ਹਾਂ ਲਈ ਬਦਇੰਤਜ਼ਾਮੀ ਜ਼ਿੰਮੇਵਾਰ ਹੈ। ਪੰਜਾਬ ਅੰਦਰ ਇਸ ਵੇਲੇ ਪਾਣੀ ਦੇ ਕੁਦਰਤੀ ਨਿਕਾਸ ਵਾਲੇ ਵਹਿਣ ਡਰੇਨਾਂ ਅਤੇ ਬੇਈਂ ਆਦਿ ਸਾਡੇ ਲੋਕਾਂ ਨੇ ਬੰਦ ਕੀਤੀਆਂ ਹੋਈਆਂ ਹਨ। ਦਰਿਆਵਾਂ ਅਤੇ ਨਦੀਆਂ ਦੁਆਲੇ ਕੀਤੀ ਜਾ ਰਹੀ ਗੈਰ ਕਾਨੂੰਨੀ ਖੁਦਾਈ ਨੇ ਦਰਿਆਵਾਂ ਨੂੰ ਬੰਨ੍ਹ ਮਾਰਨ ਦੇ ਸਾਰੇ ਯਤਨ ਨਾਕਾਮ ਕਰ ਦਿੱਤੇ ਹਨ। ਨਹਿਰਾਂ, ਨਾਲਿਆਂ ਦੀ ਸਫਾਈ ਲਈ ਸਮੇਂ ਸਿਰ ਪੈਸਾ ਮੁਹੱਈਆ ਨਹੀਂ ਕਰਵਾਇਆ ਜਾਂਦਾ, ਜਾਂ ਫਿਰ ਜਾਰੀ ਕੀਤਾ ਪੈਸਾ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਜਾਂਦਾ ਹੈ। ਇਸੇ ਤਰ੍ਹਾਂ ਪੰਜਾਬ ਅੰਦਰ ਵੱਗਦੇ ਅਨੇਕ ਚੋਅ, ਡਰੇਨਾਂ ਅਤੇ ਨਦੀਆਂ ਦੁਆਲੇ ਰਸੂਖ ਵਾਲੇ ਸਿਆਸੀ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰ ਰੱਖੇ ਹਨ, ਜਿਸ ਕਾਰਨ ਪਾਣੀ ਦੇ ਵਹਾਅ ਬਦਲ ਰਹੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਨੂੰ ਸਿਰਫ ਕੁਦਰਤੀ ਆਫਤ ਕਹਿ ਕੇ ਨਹੀਂ ਛੱਡਿਆ ਜਾਣਾ ਚਾਹੀਦਾ, ਸਗੋਂ ਉਕਤ ਕਾਰਨਾਂ ਨੂੰ ਦੂਰ ਕਰਕੇ ਹੜ੍ਹਾਂ ਤੋਂ ਬਚਾਅ ਲਈ ਠੋਸ ਰਣਨੀਤੀ ਘੜੀ ਜਾਣੀ ਚਾਹੀਦੀ ਹੈ।
ਹੜ੍ਹਾਂ ਦਾ ਪ੍ਰਕੋਪ ਇਸ ਵੇਲੇ ਘੱਟਣਾ ਸ਼ੁਰੂ ਹੋ ਗਿਆ ਹੈ। ਹੜ੍ਹਾਂ ਵਿਚ ਪਸ਼ੂ ਧਨ ਦਾ ਬੜਾ ਨੁਕਸਾਨ ਹੁੰਦਾ ਹੈ। ਖੇਤਾਂ ‘ਚ ਫਸਲਾਂ ਤਬਾਹ ਹੋ ਜਾਂਦੀਆਂ ਹਨ। ਖੇਤਾਂ ਵਿਚ ਫਸਲਾਂ ਦੇ ਗਲਣ-ਸੜਨ ਅਤੇ ਪਸ਼ੂਆਂ ਦੇ ਮਰਨ ਨਾਲ ਬਿਮਾਰੀਆਂ ਵੀ ਫੈਲਦੀਆਂ ਹਨ। ਇਸ ਕਰਕੇ ਹੁਣ ਇਨ੍ਹਾਂ ਖੇਤਰਾਂ ਵਿਚ ਤੁਰੰਤ ਸਫਾਈ ਮੁਹਿੰਮ ਚਲਾਉਣਾ ਅਤੇ ਲੋਕਾਂ ਨੂੰ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਉਣਾ ਵੀ ਇਕ ਅਹਿਮ ਕਾਰਜ ਹੋਵੇਗਾ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰਾਂ ਨੂੰ ਕਿਸੇ ਵੀ ਕੁਦਰਤੀ ਆਫਤ ਆਉਣ ਤੋਂ ਪਹਿਲਾਂ ਠੋਸ ਨੀਤੀ ਬਣਾਉਣੀ ਚਾਹੀਦੀ ਹੈ ਅਤੇ ਫਿਰ ਉਸ ਉਪਰ ਇਮਾਨਦਾਰੀ ਅਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣਾ ਚਾਹੀਦਾ ਹੈ। ਪਰ ਲਗਾਤਾਰ ਅਜਿਹੀਆਂ ਆਫਤਾਂ ਆਉਣ ਤੋਂ ਬਾਅਦ ਵੀ ਸਾਡੀਆਂ ਸਰਕਾਰਾਂ ਇਸ ਪਾਸੇ ਵੱਲ ਧਿਆਨ ਦੇਣ ਵਿਚ ਲਗਾਤਾਰ ਪਛੜ ਰਹੀਆਂ ਹਨ। ਸਾਡੀ ਦੁਆ ਹੈ ਕਿ ਪੰਜਾਬ ਦੇ ਲੋਕ ਜਾਗਣ ਅਤੇ ਅਜਿਹੀਆਂ ਸਰਕਾਰਾਂ ਆਉਣ, ਜੋ ਲੋਕਾਂ ਦੀ ਹਰ ਆਫਤ ਵਿਚ ਰੱਖਿਆ ਅਤੇ ਸੁਰੱਖਿਆ ਕਰਨ ਦੇ ਸਮਰੱਥ ਹੋ ਸਕਣ।