ਵਿਅਕਤੀ ਦਾ ਸਿਰ ਅਤੇ ਗਰਦਨ ਗੋਡੇ ਥੱਲੇ ਦੱਬੇ ਹੋਣ ਦਾ ਵੀਡੀਓ ਆਇਆ ਸੀ ਸਾਹਮਣੇ
ਲੰਡਨ, 18 ਜੁਲਾਈ (ਪੰਜਾਬ ਮੇਲ)- ਲੰਡਨ ‘ਚ ਇਕ ਸਿਆਹਫਾਮ ਵਿਅਕਤੀ ਨੂੰ ਕਾਬੂ ਕਰਨ ਲਈ ਉਸ ਦਾ ਸਿਰ ਅਤੇ ਗਰਦਨ ਗੋਡੇ ਥੱਲੇ ਦੱਬੇ ਹੋਣ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਕਾਟਲੈਂਡ ਯਾਰਡ ਦੇ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬ੍ਰਿਟੇਨ ਦੀ ਰਾਜਧਾਨੀ ਦੇ ਇਸਲਿੰਗਟਨ ਇਲਾਕੇ ‘ਚ ਰਿਕਾਰਡ ਕੀਤੀ ਗਈ ਵੀਡੀਓ ‘ਚ ਦਿੱਸ ਰਿਹਾ ਹੈ ਕਿ ਦੋ ਅਧਿਕਾਰੀ ਫੁੱਟਪਾਥ ‘ਤੇ ਹੱਥਕੜੀ ਲੱਗੇ ਹੋਏ ਇਕ ਸ਼ੱਕੀ ਨੂੰ ਫੜ ਰਹੇ ਹਨ। ਵੀਰਵਾਰ ਸ਼ਾਮ ਦੀ ਇਸ ਘਟਨਾ ਦੇ ਬਾਅਦ ਇਕ ਦੂਜੇ ਮੈਟਰੋਪੋਲੀਟਨ ਪੁਲਿਸ ਅਧਿਕਾਰੀ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।
ਅਮਰੀਕਾ ਦੇ ਮਿਨੀਐਪਲਿਸ ‘ਚ 25 ਮਈ ਨੂੰ ਪੁਲਿਸ ਹਿਰਾਸਤ ‘ਚ 46 ਸਾਲਾ ਅਫ਼ਰੀਕੀ-ਅਮਰੀਕੀ ਜਾਰਜ ਫਲਾਇਡ ਦੀ ਮੌਤ ਦੇ ਬਾਅਦ ਬ੍ਰਿਟੇਨ ‘ਚ ਵੀ ਵਿਆਪਕ ਪ੍ਰਦਰਸ਼ਨ ਹੋਏ ਸਨ। ਸੀਨੀਅਰ ਪੁਲਿਸ ਅਧਿਕਾਰੀ ਸਰ ਸਟੀਵ ਹਾਊਸ ਨੇ ਦੱਸਿਆ ਕਿ ਇਹ ਫੁਟੇਜ ‘ਬਹੁਤ ਜ਼ਿਆਦਾ ਪਰੇਸ਼ਾਨ’ ਕਰਨ ਵਾਲੀ ਹੈ ਅਤੇ ਇਹ ਮਾਮਲਾ ਪੁਲਿਸ ਗਤੀਵਿਧੀਆਂ ‘ਤੇ ਨਿਗਰਾਨੀ ਰੱਖਣ ਵਾਲੀ ਸੰਸਥਾ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ, ‘ਸੋਸ਼ਲ ਮੀਡਿਆ ‘ਤੇ ਚੱਲ ਰਹੀ ਜੋ ਵੀਡੀਓ ਫੁਟੇਜ ਮੈਂ ਅੱਜ ਵੇਖੀ ਹੈ, ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰਣ ਵਾਲੀ ਹੈ।’ ਇਸ ਵਿਚ ਇਸਤੇਮਾਲ ਕੁੱਝ ਹਥਕੰਡੇ ਚਿੰਤਾ ਦਾ ਵਿਸ਼ਾ ਹਨ… ਇਹ ਪੁਲਿਸ ਸਿਖਲਾਈ ਦੌਰਾਨ ਨਹੀਂ ਸਿਖਾਏ ਜਾਂਦੇ।’ ਉਨ੍ਹਾਂ ਕਿਹਾ, ‘ਇਕ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਦੂਜੇ ਅਧਿਕਾਰੀ ਨੂੰ ਆਪਰੇਸ਼ਨਲ ਡਿਊਟੀ ਤੋਂ ਹਟਾ ਦਿੱਤਾ ਹੈ ਪਰ ਅਜੇ ਮੁਅੱਤਲ ਨਹੀਂ ਕੀਤਾ ਹੈ। ਮਹਾਨਗਰ ਪੁਲਿਸ ਨੇ ਪੁਸ਼ਟੀ ਕੀਤੀ ਕਿ ਉਸ ਨੇ 45 ਸਾਲਾ ਸ਼ਖਸ ‘ਤੇ ਜਨਤਕ ਸਥਾਨ ‘ਤੇ ਚਾਕੂ ਰੱਖਣ ਦਾ ਇਲਜ਼ਾਮ ਲਗਾਇਆ ਹੈ। ਮਾਰਕਸ ਕੂਟੇਨ ਨੂੰ ਹਾਈਬਰੀ ਕਾਰਨਰ ਮੈਜਿਸਟਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।