ਹੁਣ ਪੰਜਾਬ ਦੇ ਵੋਟਰ ਜਾਣ ਸਕਣਗੇ ਕਿ ਵੋਟ ਸਹੀ ਥਾਂ ਪਈ ਜਾਂ ਨਹੀਂ!

ਚੰਡੀਗੜ੍ਹ, 3 ਅਗਸਤ (ਪੰਜਾਬ ਮੇਲ)- ਪੰਜਾਬ ਦੇ ਵੋਟਰ ਪਹਿਲੀ ਵਾਰ ਹੁਣ ਇਹ ਵੇਖ ਸਕਣਗੇ ਕਿ ਉਨ੍ਹਾਂ ਨੇ ਜਿਸ ਨੂੰ ਵੋਟ ਪਾਈ ਹੈ, ਉਹ ਉਸ ਨੂੰ ਪਈ ਜਾਂ ਨਹੀਂ। ਚੋਣ ਕਮਿਸ਼ਨ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਹਿਲੀ ਵਾਰ ਵੋਟਰ ਵੈਰੀਫਿਕੇਸ਼ਨ ਪੇਪਰ ਆਡਿਟ ਟਰਾਇਲ (ਵੀ.ਵੀ.ਪੀ.ਏ.ਟੀ.) ਦੀ ਵਰਤੋਂ ਕਰਨ ਵਾਲਾ ਹੈ। ਇਸ ਦੀ ਪੁਸ਼ਟੀ ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਨੇ ਕੀਤੀ ਹੈ। ਦੂਜੇ ਪਾਸੇ ਵਿਧਾਨ ਸਭਾ ਚੋਣਾਂ ਵਿਚ ਜਿਹੜੀਆਂ ਇਲੈਕਟ੍ਰਾਨਿਕ ਵੋਟਰ ਮਸ਼ੀਨਾਂ ਦੀ ਵਰਤੋਂ ਕੀਤੀ ਜਾਣੀ ਹੈ, ਉਸ ਦੀ ਵਰਤੋਂ ਪੰਜਾਬ ਵਿਚ ਪਹਿਲਾਂ ਕਦੇ ਨਹੀਂ ਕੀਤੀ ਗਈ। ਇਹ ਸਾਰੀਆਂ ਮਸ਼ੀਨਾਂ ਨਵੀਆਂ ਹੋਣਗੀਆਂ। ਮਿਲੀ ਜਾਣਕਾਰੀ ਅਨੁਸਾਰ ਵਿਧਾਨ ਸਭਾ ਚੋਣਾਂ ਲਈ ਚਾਲੀ ਹਜ਼ਾਰ ਇਲੈਕਟ੍ਰਾਨਿਕ ਮਸ਼ੀਨਾਂ ਮੰਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਮਸ਼ੀਨਾਂ ਮੁੱਖ ਰੂਪ ਵਿਚ ਚਾਰ ਰਾਜਾਂ ਪੱਛਮੀ ਬੰਗਾਲ, ਬਿਹਾਰ, ਝਾਰਖੰਡ ਤੇ ਗੁਜਰਾਤ ਵਿਚੋਂ ਆਉਣੀਆਂ ਹਨ। ਇਹ ਸਾਰੀਆਂ ਮਸ਼ੀਨਾਂ ਨਵੀਆਂ ਹਨ। ਇਨ੍ਹਾਂ ਦੀ ਪੰਜਾਬ ਵਿਚ ਵਰਤੋਂ ਨਹੀਂ ਹੋਈ, ਪਰ ਉਕਤ ਚਾਰ ਰਾਜਾਂ ਵਿਚ ਵੀ ਇੱਕ ਵਾਰ ਇਨ੍ਹਾਂ ਦੀ ਵਰਤੋਂ ਹੋਈ ਹੈ। ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਦੇ ਮੁਤਾਬਕ ਪੰਜਾਬ ਵਿਚ ਪਹਿਲੀ ਵਾਰ ਵੀ.ਵੀ.ਪੀ.ਏ.ਟੀ. ਦੀ ਵਰਤੋਂ ਹੋਵੇਗੀ। ਇਹ ਸਾਰੀਆਂ ਥਾਵਾਂ ‘ਤੇ ਨਹੀਂ ਲਾਈਆਂ ਜਾਣਗੀਆਂ। ਇਨ੍ਹਾਂ ਨੂੰ ਕੁਝ ਇੱਕ ਵੋਟਿੰਗ ਕੇਂਦਰਾਂ ‘ਤੇ ਲਾਇਆ ਜਾਵੇਗਾ। ਵੀ.ਕੇ. ਸਿੰਘ ਦੇ ਮੁਤਾਬਕ ‘ਪਾਇਲਟ ਪ੍ਰੋਜੈਕਟ ਦੇ ਰੂਪ’ ਵਿਚ ਵੀ.ਵੀ.ਪੀ.ਏ.ਟੀ. ਨੂੰ ਲਾਇਆ ਜਾਵੇਗਾ, ਤਾਂ ਜੋ ਵੋਟਰਾਂ ਵਿਚ ਵਿਸ਼ਵਾਸ ਦੀ ਭਾਵਨਾ ਪੱਕੀ ਹੋਵੇ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਇੱਕ ਬਕਸੇ ਨੁਮਾ ਪ੍ਰਿੰਟਰ ਲੱਗਾ ਹੋਵੇਗਾ। ਵੋਟ ਪਾਉਣ ਪਿੱਛੋਂ ਉਸ ਵਿਚੋਂ ਇੱਕ ਪਰਚੀ ਨਿਕਲੇਗੀ, ਜਿਸ ਵਿਚ ਨਜ਼ਰ ਆਵੇਗਾ ਕਿ ਵੋਟਰ ਨੇ ਜਿਸ ਨੂੰ ਵੋਟ ਪਾਈ ਹੈ, ਉਸ ਦੀ ਵੋਟ ਉਸ ਉਮੀਦਵਾਰ ਨੂੰ ਪਈ ਜਾਂ ਨਹੀਂ। ਇਹ ਪਰਚੀ ਬਾਅਦ ਵਿਚ ਪ੍ਰਿੰਟਰ ਦੀ ਹੀ ਟਰੇਅ ਵਿਚ ਡਿੱਗ ਜਾਵੇਗੀ। ਉਹ ਕੇਵਲ ਵੇਖ ਸਕੇਗਾ।
There are no comments at the moment, do you want to add one?
Write a comment