ਹੁਣ ਆਮ ਹਾਲਾਤ ‘ਚ 11 ਦਿਨਾਂ ‘ਚ ਮਿਲਣ ਲੱਗਾ ਪਾਸਪੋਰਟ

ਨਵੀਂ ਦਿੱਲੀ, 11 ਜੁਲਾਈ (ਪੰਜਾਬ ਮੇਲ)-ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਆਮ ਹਾਲਾਤ ‘ਚ 11 ਦਿਨਾਂ ਅੰਦਰ ਪਾਸਪੋਰਟ ਮਿਲਣ ਲੱਗਾ ਹੈ। ਸਰਕਾਰ ਮੁਤਾਬਕ ਤਤਕਾਲ ਸ਼੍ਰੇਣੀ ਦੇ ਪਾਸਪੋਰਟ ਇਕ ਦਿਨ ਵਿਚ ਹੀ ਜਾਰੀ ਕੀਤੇ ਜਾ ਰਹੇ ਹਨ।
ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਲੋਕਸਭਾ ‘ਚ ਪ੍ਰਸ਼ਨਕਾਲ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਮ ਹਾਲਾਤ ਵਿਚ ਪਾਸਪੋਰਟ ਜਾਰੀ ਕਰਨ ਦੇ ਸਮੇਂ ਨੂੰ ਘਟਾ ਕੇ 11 ਦਿਨ ਕਰ ਦਿੱਤਾ ਗਿਆ ਹੈ। ਮੁਰਲੀਧਰਨ ਨੇ ਕਿਹਾ ਕਿ ਅਰਜ਼ੀਕਾਰ ਦੀ ਤਸਦੀਕ ਕਰਨ ਲਈ 731 ਜ਼ਿਲ੍ਹਿਆਂ ‘ਚ ਐਪ ਲਾਂਚ ਕੀਤੀਆਂ ਗਈਆਂ ਹਨ। ਇਸ ਐਪ ਦੇ ਜ਼ਰੀਏ ਜਿੱਥੇ ਸਮੇਂ ਦੀ ਬੱਚਤ ਹੋਵੇਗੀ, ਉੱਥੇ ਪਾਸਪੋਰਟ ਤਸਦੀਕ ਦੇ ਨਾਂ ‘ਤੇ ਹੋਣ ਵਾਲੇ ਭ੍ਰਿਸ਼ਟਾਚਾਰ ‘ਚ ਵੀ ਰੋਕ ਲੱਗੇਗੀ।
ਅਸਲ ‘ਚ ਕਾਂਗਰਸੀ ਨੇਤਾ ਮਨੀਸ਼ ਤਿਵਾਡ਼ੀ ਨੇ ਪੁੱਛਿਆ ਸੀ ਕਿ ਲੋਕਾਂ ਨੂੰ ਪਾਸਪੋਰਟ ਹਾਸਲ ਕਰਨ ‘ਚ ਪ੍ਰੇਸ਼ਾਨੀ ਕਿਉਂ ਹੋ ਰਹੀ ਹੈ? ਇਸਦੇ ਜਵਾਬ ‘ਚ ਮੰਤਰੀ ਨੇ ਕਿਹਾ ਕਿ ਦੇਸ਼ ‘ਚ 36 ਪਾਸਪੋਰਟ ਸੇਵਾ ਕੇਂਦਰ ਹਨ। ਇਕ ਹੋਰ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰਾਂ ਦੇ ਸੰਚਾਲਨ ‘ਚ ਕੋਈ ਨਿੱਜੀ ਸੰਸਥਾ ਸ਼ਾਮਲ ਨਹੀਂ ਹੈ।