ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਦੇਹਾਂਤ

154
Share

ਸ਼ਿਮਲਾ, 8 ਜੁਲਾਈ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਵੀਰਭੱਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਵੀਰਵਾਰ ਤੜਕੇ ਦੇਹਾਂਤ ਹੋ ਗਿਆ। ਉਹ 87 ਸਾਲਾਂ ਦੇ ਸਨ। ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (ਆਈਜੀਐੱਮਸੀ) ਦੇ ਸੀਨੀਅਰ ਮੈਡੀਕਲ ਸੁਪਰਡੈਂਟ ਡਾ. ਜਨਕ ਰਾਜ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਹਸਪਤਾਲ ਵਿੱਚ ਤੜਕੇ 3.40 ਵਜੇ ਆਖਰੀ ਸਾਹ ਲਿਆ। ਉਨ੍ਹਾਂ ਨੂੰ ਸੋਮਵਾਰ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਹਾਲਤ ਨਾਜ਼ੁਕ ਹੋ ਗਈ ਸੀ। ਬੁੱਧਵਾਰ ਤੋਂ ਉਹ ਵੈਂਟੀਲੇਟਰ ’ਤੇ ਸਨ। ਉਨ੍ਹਾਂ ਦਾ ਅੰਤਮ ਸੰਸਕਾਰ 10 ਜੁਲਾਈ ਨੂੰ ਰਾਮਪੁਰ ਬੁਸ਼ਹਰ ਵਿੱਚ ਕੀਤਾ ਜਾਵੇਗਾ। ਉਹ ਪੰਜ ਵਾਰ ਸੰਸਦ ਮੈਂਬਰ, 9 ਵਾਰ ਵਿਧਾਇਕ ਤੇ 6 ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ। ਉਹ ਕੇਂਦਰ ਵਿੱਚ ਮੰਤਰੀ ਵੀ ਰਹੇ। 11 ਜੂਨ ਨੂੰ ਉਨ੍ਹਾਂ ਨੂੰ ਦੋ ਮਹੀਨਿਆਂ ਵਿੱਚ ਦੂਜੀ ਵਾਰ ਕਰੋਨਾ ਹੋ ਗਿਆ ਸੀ। ਉਨ੍ਹਾਂ ਦੀ ਦੇਹ ਅੰਤਮ ਦਰਸ਼ਨ ਲਈ ਸ਼ਿਮਲਾ ਦੇ ਲੋਅਰ ਜਾਖੂ ਇਲਾਕੇ ਸਥਿਤ ਹੋਲੀ ਲੌਜ ਵਿੱਚ ਉਨ੍ਹਾਂ ਦੇ ਘਰ ਰੱਖੀ ਗਈ ਹੈ। ਰਾਜ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਵਿੱਚ 8 ਤੋਂ 10 ਜੁਲਾਈ ਤੱਕ ਸੋਗ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕੋਈ ਸਰਕਾਰੀ ਸਮਾਗਮ ਨਹੀਂ ਹੋਣਗੇ।


Share