ਹਿਮਾਚਲ ਪ੍ਰਦੇਸ਼, ਕੇਰਲ ਤੇ ਰਾਜਸਥਾਨ ’ਚ ਬਰਡ ਫਲੂ ਫੈਲਣ ’ਤੇ ਹਜ਼ਾਰਾਂ ਪੰਛੀਆਂ ਦੀ ਮੌਤ; ਪ੍ਰਸ਼ਾਸਨ ਹੋਇਆ ਚੌਕਸ

96
Share

ਸ਼ਿਮਲਾ, 4 ਜਨਵਰੀ (ਪੰਜਾਬ ਮੇਲ)- ਕੇਰਲ ਦੇ ਦੋ ਜ਼ਿਲ੍ਹਿਆਂ ਕੋਟਯਾਮ ਅਤੇ ਅਲਾਪੁਜ਼ਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਬਰਡ ਫਲੂ ਬਿਮਾਰੀ ਫੈਲਣ ਦੀ ਜਾਣਕਾਰੀ ਸਾਹਮਣੇ ਆਉਣ ’ਤੇ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਇਸ ਦੇ ਚੱਲਦਿਆਂ ਜੰਗਲਾਤ ਅਤੇ ਪਸ਼ੂ ਪਾਲਣ ਮੰਤਰੀ (ਰਾਜ) ਕੇ. ਰਾਜੂ ਵੱਲੋਂ ਪ੍ਰਭਾਵਿਤ ਖੇਤਰਾਂ ਦੇ ਨੇੜਲੇ ਇਲਾਕਿਆਂ ਅਤੇ ਉਸ ਦੇ ਇੱਕ ਕਿਲੋਮੀਟਰ ਦੇ ਘੇਰੇ ’ਚ 50 ਹਜ਼ਾਰ ਤੋਂ ਵੱਧ ਬੱਤਖਾਂ, ਮੁਰਗੀਆਂ ਤੇ ਹੋਰ ਘਰੇਲੂ ਪੰਛੀਆਂ ਨੂੰ ਮਾਰਨ ਦੇ ਹੁਕਮ ਦਿੱਤਾ ਗਿਆ ਹੈ। ਕੋਟਾਯਮ ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਨੀਂਦੂਰ ’ਚ ਇੱਕ ਬੱਤਖ ਪਾਲਣ ਕੇਂਦਰ ’ਚ ਬਰਡ ਫਲੂ ਕਾਰਨ 15 ਸੌ ਤੋਂ ਵੱਧ ਬੱਤਖਾਂ ਮਰ ਚੁੱਕੀਆਂ ਹਨ। ਅਲਪੁਜ਼ਾ ਜ਼ਿਲ੍ਹੇ ਦੇ ਕੁੱਟਾਨਦ ’ਚ ਵੀ ਕੁਝ ਫਾਰਮਾਂ ’ਚ ਬਰਡ ਦੇ ਕੇਸ ਸਾਹਮਣੇ ਆਏ ਹਨ। ਅਧਿਕਾਰੀਆਂ ਮੁਤਾਬਕ ਭੁਪਾਲ ’ਚ ਕੀਤੀ ਗਈ ਨਮੂਨਿਆਂ ਦੀ ਜਾਂਚ ਵਿੱਚ ਬਰਡ ਫਲੂ ਫੈਲਣ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਸੂਬੇ ’ਚ ਹੁਣ ਤਕ 12 ਹਜ਼ਾਰ ਤੋਂ ਵੱਧ ਬੱਤਖਾਂ ਮਰ ਚੁੱਕੀਆਂ ਹਨ। ਇਸੇ ਦੌਰਾਨ ਸੋਮਵਾਰ ਨੂੰ ਰਾਜਸਥਾਨ ਵਿੱਚ ਵੀ ਬਰਡ ਫਲੂ ਕਾਰਨ 170 ਪੰਛੀਆਂ ਦੀ ਮੌਤ ਹੋਣ ਦੀ ਰਿਪੋਰਟ ਮਿਲੀ ਹੈ। ਸੂਬੇ ’ਚ ਹੁਣ ਤਕ 470 ਤੋਂ ਵੱੱਧ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਵੀ ਪਰਵਾਸੀ ਪੰਛੀਆਂ ਦੀ ਬਰਡ ਫਲੂ ਕਾਰਨ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਲੇਕ ਸੈਂਚੁਰੀ ਵਿਚ 18 ਸੌ ਤੋਂ ਵੱਧ ਪੰਛੀ ਮਿ੍ਰਤਕ ਪਾਏ ਗਏ ਹਨ। ਜੰਗਲਾਤ (ਜੰਗਲੀ ਜੀਵਨ) ਦੀ ਮੁੱਖ ਪਿ੍ਰੰਸੀਪਲ ਸਰੰਖਿਅਕ ਅਰਚਨਾ ਸ਼ਰਮਾ ਨੇ ਦੱਸਿਆ ਬਰੇਲੀ ਦੀ ਆਈ.ਵੀ.ਆਰ.ਆਈ. ਲੈਬਾਰਟਰੀ ’ਚ ਮਿ੍ਰਤਕ ਪੰਛੀਆਂ ਦੇ ਸੈਂਪਲਾਂ ’ਚ ਬਰਡ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਮੱਧ ਪ੍ਰਦੇਸ਼ ਵਿਚ ਬਰਡ ਫਲੂ ਦੇ ਕੇਸ ਮਿਲੇ ਹਨ।

Share