ਹਾਲੇ ਵੀ 100 ਤੋਂ ਵੱਧ ਕੈਨੇਡੀਅਨ ਚੀਨ ਦੀਆਂ ਜੇਲ੍ਹਾਂ ’ਚ ਨਜ਼ਰਬੰਦ: ਰਿਪੋਰਟ

763
Share

ਬੀਜਿੰਗ/ਟੋਰਾਂਟੋ, 27 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ 2 ਨਾਗਰਿਕਾਂ ਮਾਈਕਲ ਕੋਵਰਿਗ ਅਤੇ ਮਾਈਕਲ ਸਪੈਵਰ ਦੀ ਰਿਹਾਈ ਤੋਂ ਬਾਅਦ, ਅਜੇ ਵੀ 100 ਤੋਂ ਵੱਧ ਕੈਨੇਡੀਅਨ ਹਨ, ਜੋ ਇਸ ਵੇਲੇ ਵੱਖ-ਵੱਖ ਕਾਰਨਾਂ ਕਰਕੇ ਚੀਨ ਦੀਆਂ ਜੇਲ੍ਹਾਂ ’ਚ ਨਜ਼ਰਬੰਦ ਹਨ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ (ਸਥਾਨਕ ਸਮੇਂ) ਨੂੰ ਕਿਹਾ ਕਿ ਕੈਨੇਡੀਅਨ ਨਾਗਰਿਕ ਮਾਈਕਲ ਕੋਵਰਿਗ ਅਤੇ ਮਾਈਕਲ ਸਪੈਵਰ, ਜਿਨ੍ਹਾਂ ਨੂੰ ਕਰੀਬ ਤਿੰਨ ਸਾਲ ਪਹਿਲਾਂ ਚੀਨ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ, ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਨੈਸ਼ਨਲ ਪੋਸਟ ਮੁਤਾਬਕ, ਚੀਨ ਵਿਚ ਇਸ ਵੇਲੇ 119 ਕੈਨੇਡੀਅਨ ਨਜ਼ਰਬੰਦ ਹਨ, ਜਿਨ੍ਹਾਂ ਨੂੰ ਵਿਭਿੰਨ ਕਾਰਨਾਂ ਕਰਕੇ ਹਿਰਾਸਤ ਵਿਚ ਰੱਖਿਆ ਗਿਆ ਹੈ। ਕੁਝ ਨੂੰ ਕਥਿਤ ਰਾਜਨੀਤਿਕ ਜਾਂ ਧਾਰਮਿਕ ‘‘ਅਪਰਾਧਾਂ’’ ਲਈ, ਜਦਕਿ ਕਈਆਂ ਨੂੰ ਨਸ਼ੀਲੇ ਪਦਾਰਥਾਂ ਦੇ ਅਪਰਾਧਾਂ ਦੇ ਤਹਿਤ ਅਤੇ ਕੋਵਿ੍ਰਗ ਤੇ ਸਪੈਵਰ ਦੇ ਮਾਮਲੇ ਵਾਂਗ ਕੁਝ ਨੂੰ ਜਾਸੂਸੀ ਦੇ ਦੋਸ਼ਾਂ ਲਈ ਜੇਲ੍ਹ ਭੇਜਿਆ ਗਿਆ ਹੈ।
ਇੱਕ ਅਧਿਕਾਰਤ ਪ੍ਰੈੱਸ ਨੋਟ ਦਾ ਹਵਾਲਾ ਦਿੰਦੇ ਹੋਏ ਕੈਨੇਡੀਅਨ ਪ੍ਰਕਾਸ਼ਨ ਨੇ ਦੱਸਿਆ ਕਿ ਕੈਨੇਡੀਅਨਾਂ ਨੂੰ ਚੀਨ, ਹਾਂਗਕਾਂਗ ਅਤੇ ਤਾਈਵਾਨ ਵਿਚ ‘‘ਜੇਲ੍ਹ, ਨਜ਼ਰਬੰਦੀ ਕੇਂਦਰਾਂ ਜਾਂ ਮੈਡੀਕਲ ਸਹੂਲਤਾਂ’’ ਵਿਚ ਰੱਖਿਆ ਗਿਆ ਹੈ। ਨੋਟ ਵਿਚ ਚਿਤਾਵਨੀ ਦਿੱਤੀ ਗਈ ਹੈ, ‘‘ਇਹ ਅੰਕੜਾ ਸਿਰਫ ਉਨ੍ਹਾਂ ਵਿਅਕਤੀਆਂ ਦੀ ਜਾਣਕਾਰੀ ਦਿੰਦਾ ਹੈ, ਜਿਨ੍ਹਾਂ ਨੇ ਕੈਨੇਡਾ ਸਰਕਾਰ ਨੂੰ ਆਪਣੀ ਸਥਿਤੀ ਬਾਰੇ ਦੱਸਿਆ ਹੈ।’’ ਉਨ੍ਹਾਂ ਕੁਝ ਲੋਕਾਂ ਵਿਚੋਂ ਜਿਨ੍ਹਾਂ ਦੀ ਪਛਾਣ ਜਨਤਕ ਤੌਰ ’ਤੇ ਜਾਣੀ ਜਾਂਦੀ ਹੈ, ਉਨ੍ਹਾਂ ਵਿਚ ਹੁਸੈਨ ਸੇਲਿਲ ਹਨ, ਜੋ ਆਪਣੀ ਉਇਗਰ ਵਕਾਲਤ ਨਾਲ ਜੁੜੇ ਅੱਤਵਾਦ ਦੇ ਦੋਸ਼ਾਂ ਵਿਚ ਲਗਭਗ ਡੇਢ ਦਹਾਕੇ ਤੋਂ ਜੇਲ੍ਹ ਵਿਚ ਬੰਦ ਹਨ ਅਤੇ ਸਨ ਕਿਯਾਨ, ਜਿਸ ਨੂੰ ਫਾਲੂਨ ਗੋਂਗ ਪ੍ਰੈਕਟੀਸ਼ਨਰ ਹੋਣ ਕਾਰਨ ਅੱਠ ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।

Share