ਹਾਂਡੂਰਾਨ ਦੀ ਪ੍ਰਵਾਸੀ ਮਹਿਲਾ ਨੇ ਦਿੱਤਾ ਮੈਕਸੀਕੋ-ਯੂ.ਐੱਸ. ਬਾਰਡਰ ਬਿ੍ਰਜ ’ਤੇ ਬੱਚੇ ਨੂੰ ਜਨਮ

78
Share

ਫਰਿਜ਼ਨੋ, 6 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਹਰ ਸਾਲ ਹਜ਼ਾਰਾਂ ਦੀ ਗਿਣਤੀ ’ਚ ਪ੍ਰਵਾਸੀ ਗੈਰ ਕਾਨੂੰਨੀ ਤਰੀਕੇ ਰਾਹੀਂ ਮੈਕਸੀਕੋ ਤੋਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ, ਜਿਨ੍ਹਾਂ ਵਿਚ ਔਰਤਾਂ ਦੀ ਵੀ ਵੱਡੀ ਗਿਣਤੀ ਸ਼ਾਮਲ ਹੁੰਦੀ ਹੈ। ਇਸੇ ਤਰ੍ਹਾਂ ਦੇ ਮਾਮਲੇ ਵਿਚ ਮੈਕਸੀਕਨ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਤਵਾਰ ਨੂੰ ਇੱਕ ਹਾਂਡੂਰਾਨ ਦੀ ਔਰਤ ਨੇ ਮੈਟਾਮੋਰੋਸ ਨੂੰ ਟੈਕਸਸ ਦੇ ਬਰਾਉਨਵਿਲ ਨਾਲ ਜੋੜਦੇ ਸਰਹੱਦੀ ਪੁਲ ਦੀ ਮੈਕਸੀਕਨ ਸਾਈਡ ’ਤੇ ਬੱਚੇ ਨੂੰ ਜਨਮ ਦਿੱਤਾ ਹੈ। ਇਹ ਔਰਤ ਜ਼ਾਹਰ ਤੌਰ ’ਤੇ ਸੰਯੁਕਤ ਰਾਜ ਦੇ ਪਾਸੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਪੁਲ ’ਤੇ ਪਹੁੰਚਦੇ ਹੀ ਅਚਾਨਕ ਬਿਮਾਰ ਮਹਿਸੂਸ ਹੋਣ ’ਤੇ ਮੈਕਸੀਕਨ ਸਾਈਡ ’ਤੇ ਪੈਦਲ ਚੱਲਣ ਵਾਲੇ ਲੋਕਾਂ ਨੇ ਉਸ ਦੀ ਸਹਾਇਤਾ ਕੀਤੀ। ਇਸ ਔਰਤ ਦੀ ਪਛਾਣ 24 ਸਾਲ ਦੀ ਲੀਡੀ ਹਰਨੇਂਡੇਜ਼ ਵਜੋਂ ਹੋਈ ਹੈ। ਮੈਕਸੀਕੋ ਦੇ ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਕਿਹਾ ਕਿ ਇਹ ਘਟਨਾ ਸ਼ਨੀਵਾਰ ਦੁਪਹਿਰ ਇਗਨਾਸੀਓ ਜ਼ਰਾਗੋਜ਼ਾ ਸਰਹੱਦੀ ਪੁਲ ’ਤੇ ਵਾਪਰੀ ਹੈ, ਜਿਸ ਨੂੰ ‘‘ਲਾਸ ਟੋਮੈਟਸ’’ ਵੀ ਕਿਹਾ ਜਾਂਦਾ ਹੈ।¿;
ਅਧਿਕਾਰੀਆਂ ਅਨੁਸਾਰ ਇਸ ਔਰਤ ਨੂੰ ਮੈਟਾਮੋਰੋਸ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੁਫਤ ਦੇਖਭਾਲ ਕੀਤੀ ਗਈ ਅਤੇ ਅਧਿਕਾਰੀਆਂ ਅਨੁਸਾਰ ਉਸ ਦੇ ਬੱਚੇ ਨੂੰ ਮੈਕਸੀਕਨ ਨਾਗਰਿਕਤਾ ਲੈਣ ਦਾ ਅਧਿਕਾਰ ਹੋਵੇਗਾ। ਇਹ ਮਹਿਲਾ ਹਰਨੇਂਡੇਜ 800 ਦੇ ਲਗਭਗ ਪ੍ਰਵਾਸੀਆਂ ਵਿਚ ਸ਼ਾਮਲ ਸੀ, ਜੋ ਇੱਕ ਰਿਵਰਸਾਈਡ ਕੈਂਪ ਵਿਚ ਪਨਾਹ ਲੈ ਰਹੇ ਸਨ, ਜਦੋਂਕਿ ਉਨ੍ਹਾਂ ਦੇ ਪਨਾਹ ਜਾਂ ਵੀਜ਼ਾ ਦੇ ਦਾਅਵਿਆਂ ਬਾਰੇ ਸੰਯੁਕਤ ਰਾਜ ਦੀ ਸੁਣਵਾਈ ਦੀ ਉਡੀਕ ਕੀਤੀ ਜਾ ਰਹੀ ਹੈ।

Share