ਹਾਂਗਕਾਂਗ ‘ਚ 3 ਦਵਾਈਆਂ ਦੇ ਮਿਸ਼ਰਣ ਨਾਲ 7 ਦਿਨਾਂ ‘ਚ ਠੀਕ ਹੋਏ ਕੋਰੋਨਾ ਮਰੀਜ਼

240
Share

ਹਾਂਗਕਾਂਗ, 11 ਮਈ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਮਾਰੀ ਤੋਂ ਬਚਾਅ ਲਈ ਪੂਰੀ ਦੁਨੀਆਂ ਦੇ ਵਿਗਿਆਨੀ ਦਵਾਈ ਅਤੇ ਟੀਕਾ ਬਣਾਉਣ ‘ਚ ਲੱਗੇ ਹੋਏ ਹਨ। ਇਸੇ ਅਧੀਨ ਹੁਣ ਹਾਂਗਕਾਂਗ ਦੇ ਹਸਪਤਾਲਾਂ ‘ਚ ਡਾਕਟਰਾਂ ਨੇ 3 ਦਵਾਈਆਂ ਦੇ ਮਿਸ਼ਰਣ ਨਾਲ ਕੁਝ ਮਰੀਜ਼ਾਂ ਨੂੰ ਤੇਜ਼ੀ ਨਾਲ ਠੀਕ ਕੀਤਾ ਹੈ। ਇਸ ਦਵਾਈ ਨਾਲ ਠੀਕ ਹੋਏ ਮਰੀਜ਼ਾਂ ਅਤੇ ਮੈਡੀਕਲ ਥੈਰੇਪੀ ਦੀ ਇਹ ਰਿਪੋਰਟ ‘ਦੀ ਲੈਸੇਂਟ’ ‘ਚ ਪ੍ਰਕਾਸ਼ਿਤ ਹੋਈ ਹੈ। ਹਾਂਗਕਾਂਗ ਦੇ 6 ਸਰਕਾਰੀ ਹਸਪਤਾਲਾਂ ‘ਚ ਹਾਂਗਕਾਂਗ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਕੋਰੋਨਾਵਾਇਰਸ ਨਾਲ ਇਨਫੈਕਟਿਡ 127 ਮਰੀਜ਼ਾਂ ‘ਤੇ ਦਵਾਈਆਂ ਦਾ ਟ੍ਰਾਇਲ ਕੀਤਾ। ਇਨ੍ਹਾਂ ਵਿਚ 86 ਨੂੰ 3 ਦਵਾਈਆਂ ਦਾ ਮਿਸ਼ਰਨ, ਜਦਕਿ 41 ਨੂੰ ਸਧਾਰਨ ਦਵਾਈਆਂ ਦੇ ਨਾਲ ਇਕ ਹੋਰ ਦਵਾਈ ਦਾ ਮਿਸ਼ਰਣ ਦਿੱਤਾ ਗਿਆ।
ਡਾਕਟਰਾਂ ਦਾ ਕਹਿਣਾ ਹੈ ਕਿ 3 ਦਵਾਈਆਂ ਦਾ ਮਿਸ਼ਰਣ ਬਿਹਤਰ ਇਲਾਜ ਹੈ ਜਾਂ ਨਹੀਂ ਪਰ ਇਹ ਸਾਨੂੰ ਕੋਰੋਨਾਵਾਇਰਸ ਨਾਲ ਲੜਾਈ ਵਿਚ ਥੋੜ੍ਹਾ ਜ਼ਿਆਦਾ ਸਮਾਂ ਦੇ ਦੇਵੇਗਾ। ਤਾਂ ਜੋ ਇਸ ਸਮੇਂ ਦੌਰਾਨ ਅਸੀਂ ਕੋਰੋਨਾ ਨਾਲ ਲੜਨ ਲਈ ਕੋਈ ਵੈਕਸੀਨ ਜਾਂ ਦਵਾਈ ਬਣਾ ਸਕੀਏ। ਜਿਹੜੇ 86 ਮਰੀਜ਼ਾਂ ਨੂੰ 3 ਦਵਾਈਆਂ ਦਾ ਮਿਸ਼ਰਣ ਦਿੱਤਾ ਗਿਆ, ਉਹ 7 ਦਿਨ ਵਿਚ ਠੀਕ ਹੋ ਗਏ, ਮਤਲਬ ਕੋਰੋਨਾ ਪਾਜ਼ੀਟਿਵ ਤੋਂ ਕੋਰੋਨਾ ਨੈਗੇਟਿਵ ਹੋ ਗਏ। ਉਨ੍ਹਾਂ ਨੂੰ ਹਸਪਤਾਲ ਤੋਂ ਘਰ ਵਾਪਸ ਭੇਜ ਦਿੱਤਾ ਗਿਆ, ਜਦਕਿ ਦੂਜਾ ਗਰੁੱਪ ਉਸ ਸਮੇਂ ਵੀ ਜੇਰੇ ਇਲਾਜ ਸੀ। ਭਾਵੇਂਕਿ 3 ਦਵਾਈਆਂ ਦਾ ਇਹ ਮਿਸ਼ਰਣ ਉਨ੍ਹਾਂ ਮਰੀਜ਼ਾਂ ਨੂੰ ਦਿੱਤਾ ਗਿਆ ਸੀ, ਜੋ ਕੋਰੋਨਾਵਾਇਰਸ ਕਾਰਨ ਗੰਭੀਰ ਰੂਪ ਨਾਲ ਬੀਮਾਰ ਨਹੀਂ ਸਨ। ਹਾਂਗਕਾਂਗ ਦੇ 6 ਹਸਪਤਾਲਾਂ ‘ਚ ਜਿਹੜੇ 86 ਲੋਕਾਂ ਨੂੰ 3 ਦਵਾਈਆਂ ਦਾ ਮਿਸ਼ਰਣ ਦਿੱਤਾ ਗਿਆ, ਉਹ ਇਸ ਲਈ ਜਲਦੀ ਠੀਕ ਹੋ ਗਏ ਕਿਉਂਕਿ ਇਸ ਵਿਚ 3 ਐਂਟੀਬੈਕਟੀਰੀਅਲ ਦਵਾਈਆਂ ਹਨ।
ਪਹਿਲੀ ਐਂਟੀਵਾਇਰਲ ਦਵਾਈ ਲੋਪਿਨਾਵਿਰ-ਰਿਟੋਨਾਵਿਰ (ਬਾਂਡ ਨੇਮ-ਕਾਲੇਟ੍ਰਾ) (lopinavir-ritonavir-kaletra) ਹੈ। ਦੂਜੀ ਦਵਾਈ ਰਿਬਾਵਿਰਿਨ (Ribavirin) ਹੈ, ਇਹ ਹੇਪੇਟਾਈਟਸ-ਸੀ ਦੇ ਇਲਾਜ ਵਿਚ ਕੰਮ ਆਉਂਦੀ ਹੈ। ਦੋਵੇਂ ਦਵਾਈਆਂ ਖਾਧੀਆਂ ਜਾਂਦੀਆਂ ਹਨ। ਤੀਜੀ ਦਵਾਈ ਟੀਕਾ ਹੈ। ਇਸ ਦਾ ਨਾਮ ਇੰਟਰਫੇਰਾਨ ਬੀਟਾ-1ਬੀ (Interferon Beta-1B) ਹੈ। ਇਹ ਦਵਾਈ ਸਵਲੇਰੋਸਿਸ ਨੂੰ ਠੀਕ ਕਰਦੀ ਹੈ, ਤਾਂ ਜੋ ਸਰੀਰ ‘ਚ ਦਰਦ, ਸੋਜ ਅਤੇ ਵਾਇਰਸ ਨਾ ਫੈਲੇ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਇੰਟਰਫੇਰਾਨ ਬੀਟਾ-1ਬੀ ਦਵਾਈ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਮਤਲਬ ਇਮਿਊਨਿਟੀ ਨੂੰ ਵਧਾਉਣ ਦਾ ਕੰਮ ਕਰਦੀ ਹੈ, ਤਾਂ ਜੋ ਇਨਸਾਨ ਦਾ ਸਰੀਰ ਕਿਸੇ ਵੀ ਵਾਇਰਸ ਨਾਲ ਸੰਘਰਸ਼ ਕਰ ਸਕੇ।
ਦੂਜੇ ਗਰੁੱਪ ਦੇ ਮਰੀਜ਼ਾਂ ਦਾ ਹਾਲ
ਦੂਜੇ ਗਰੁੱਪ ‘ਚ 41 ਮਰੀਜ਼ ਸਨ, ਉਨ੍ਹਾਂ ਨੂੰ ਸਿਰਫ ਸਾਧਾਰਨ ਦਵਾਈਆਂ ਦੇ ਨਾਲ ਲੋਪਿਨਾਵਿਰ-ਰਿਟੋਨਾਵਿਰ ਦਿੱਤਾ ਗਿਆ ਸੀ, ਭਾਵੇਂਕਿ ਲੋਪਿਨਾਵਿਰ-ਰਿਟੋਨਾਵਿਰ ਨੂੰ ਕੁਝ ਡਾਕਟਰਾਂ ਨੇ ਵਰਤਣਾ ਬੰਦ ਕਰ ਦਿੱਤਾ ਹੈ ਕਿਉਂਕਿ ਇਹ ਦਵਾਈਆਂ ਗੰਭੀਰ ਮਰੀਜ਼ਾਂ ਦੇ ਇਲਾਜ ‘ਚ ਕਾਰਗਰ ਨਹੀਂ ਹੈ। 3 ਦਵਾਈਆਂ ਵਾਲਾ ਮਿਸ਼ਰਣ ਲੈਣ ਵਾਲੇ ਮਰੀਜ਼ 7 ਦਿਨ ਵਿਚ ਠੀਕ ਹੋ ਗਏ, ਜਦਕਿ ਸਿਰਫ ਲੋਪਿਨਾਵਿਰ-ਰਿਟੋਨਾਵਿਰ ਵਾਲੀ ਦਵਾਈ ਵਾਲੇ ਮਰੀਜ਼ 12 ਦਿਨ ਵਿਚ ਠੀਕ ਹੋਏ। ਇੰਨਾ ਹੀ ਨਹੀਂ, 3 ਦਵਾਈਆਂ ਦੇ ਮਿਸ਼ਰਣ ਨੇ ਕੋਵਿਡ-19 ਦੇ ਲੱਛਣਾਂ ਨੂੰ ਵੀ 8 ਦਿਨ ਤੋਂ ਘਟਾ ਕੇ 4 ਦਿਨ ਵਿਚ ਠੀਕ ਕਰ ਦਿੱਤਾ।
ਕੈਨੇਡਾ ਦੇ ਓਨਟਾਰੀਓ ‘ਚ ਸਥਿਤ ਵੈਸਟਨ ਯੂਨੀਵਰਸਿਟੀ ਵਿਚ ਛੂਤ ਦੇ ਰੋਗਾਂ ਦੇ ਮਾਹਰ ਡਾਕਟਰ ਸਾਰਾਹ ਸ਼ਲਹਾਬ ਨੇ ਕਿਹਾ ਕਿ ਇਹ ਇਕ ਚੰਗੀ ਖਬਰ ਹੈ। ਜੇਕਰ ਇਨ੍ਹਾਂ ਤਿੰਨ ਦਵਾਈਆਂ ਨਾਲ ਮਰੀਜ਼ਾਂ ਦੀ ਰਿਕਵਰੀ ਤੇਜ਼ੀ ਨਾਲ ਹੋ ਰਹੀ ਹੈ ਤਾਂ ਇਸ ਵਿਚ ਕੋਈ ਬੁਰਾਈ ਨਹੀਂ ਹੈ। ਇਸ ਨਾਲ ਮਰੀਜ਼ਾਂ ਨੂੰ ਥੋੜ੍ਹਾ ਸਮਾਂ ਹਸਪਤਾਲ ‘ਚ ਰਹਿਣ ਪਵੇਗਾ। ਉਹ ਜਲਦੀ ਠੀਕ ਹੋਣਗੇ, ਤਾਂ ਬਾਕੀ ਮਰੀਜ਼ਾਂ ਨੂੰ ਹਸਪਤਾਲ ਵਿਚ ਜਲਦੀ ਇਲਾਜ ਦਾ ਮੌਕਾ ਮਿਲੇਗਾ। ਡਾਕਟਰ ਸਾਰਾਹ ਨੇ ਕਿਹਾ ਕਿ ਪਰ ਤਿੰਨ ਦਵਾਈਆਂ ਦਾ ਮਿਸ਼ਰਣ ਉਨ੍ਹਾਂ ਮਰੀਜ਼ਾਂ ਦੇ ਲਈ ਨਹੀਂ ਹੈ, ਜੋ ਗੰਭੀਰ ਰੂਪ ਨਾਲ ਬੀਮਾਰ ਹਨ ਜਾਂ ਆਈ.ਸੀ.ਯੂ. ਵਿਚ ਹਨ। ਉਨ੍ਹਾਂ ਲਈ ਇਨ੍ਹਾਂ ਦਵਾਈਆਂ ਦਾ ਪਰੀਖਣ ਬਾਕੀ ਹੈ। ਅਸੀਂ ਸਿਰਫ ਆਸ ਕਰ ਸਕਦੇ ਹਾਂ ਕਿ ਇਨ੍ਹਾਂ ਦਵਾਈਆਂ ਨਾਲ ਗੰਭੀਰ ਮਰੀਜ਼ਾਂ ਦਾ ਇਲਾਜ ਵੀ ਸੰਭਵ ਹੋ ਸਕੇ।


Share