ਹਰੀਸ਼ ਰਾਵਤ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨਿਯੁਕਤ  

115
Share

ਜਲੰਧਰ, 12 ਸਤੰਬਰ (ਪੰਜਾਬ ਮੇਲ)- ਕਾਂਗਰਸ ਹਾਈਕਮਾਨ ਵਲੋਂ ਪਾਰਟੀ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਇਸ ਫੇਰਬਦਲ ਦਾ ਸੇਕ ਪੰਜਾਬ ਕਾਂਗਰਸ ਨੂੰ ਵੀ ਲੱਗਾ ਹੈ। ਹਾਈਕਮਾਨ ਨੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰ ਦੀ ਅਹੁਦੇ ਤੋਂ ਛੁੱਟੀ ਕਰਕੇ ਉਨ੍ਹਾਂ ਦੀ ਜਗ੍ਹਾ ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ। ਹਰੀਸ਼ ਰਾਵਤ ਉੱਤਰਾਖੰਡ ਦੇ ਚੋਟੀ ਦੇ ਲੀਡਰਾਂ ਵਿਚੋਂ ਹਨ, ਜਿਨ੍ਹਾਂ ਨੇ 1980 ‘ਚ ਭਾਜਪਾ ਦੇ ਉੱਘੇ ਨੇਤਾ ਮੁਰਲੀ ਮਨੋਹਰ ਜੋਸ਼ੀ ਨੂੰ ਹਰਾਇਆ ਸੀ। ਰਾਵਤ ਪਹਾੜੀ ਸੂਬੇ ਵਿਚ ਪੰਜ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ ਅਤੇ 2012 ਤੋਂ 2014 ਦੌਰਾਨ ਮਨਮੋਹਨ ਸਿੰਘ ਦੀ ਸਰਕਾਰ ‘ਚ ਜਲ ਸੰਸਾਧਨ ਮੰਤਰੀ ਰਹਿ ਚੁੱਕੇ ਹਨ।
ਰਾਹਤ ਇੰਡੀਅਨ ਯੂਥ ਕਾਂਗਰਸ ਦੇ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਸਿਆਸੀ ਕਰੀਅਰ ਨੇ ਉਸ ਸਮੇਂ ਉਡਾਨ ਭਰੀ, ਜਦੋਂ ਉਨ੍ਹਾਂ ਨੇ ਸੱਤਵੀਂ ਲੋਕ ਸਭਾ ਚੋਣਾਂ ਦੌਰਾਨ 1980 ‘ਚ ਅਲਮੋੜਾ ਸੰਸਦੀ ਸੀਟ ‘ਤੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਮੁਰਲੀ ਮਨੋਹਰ ਜੋਸ਼ੀ ਨੂੰ ਮਾਤ ਦਿੱਤੀ। ਉਸ ਤੋਂ ਬਾਅਦ ਉਨ੍ਹਾਂ ਨੇ ਅੱਠਵੀਂ ਅਤੇ ਨੌਵੀਂ ਲੋਕ ਸਭਾ ਚੋਣਾਂ ‘ਚ ਵੀ ਜਿੱਤ ਹਾਸਲ ਕੀਤੀ।
ਉਹ ਸਾਲ 2000 ‘ਚ ਉਸ ਸਮੇਂ ਸੂਬਾ ਪਾਰਟੀ ਇਕਾਈ ਦੇ ਪ੍ਰਧਾਨ ਬਣਾਏ ਗਏ, ਜਦੋਂ ਉਤਰਾਖੰਡ ਨੂੰ ਉਤਰ ਪ੍ਰਦੇਸ਼ ਤੋਂ ਵੱਖ ਕੀਤਾ ਗਿਆ। ਸਾਲ 2002 ‘ਚ ਉਹ ਰਾਜ ਸਭਾ ਦੇ ਮੈਂਬਰ ਚੁਣੇ ਗਏ। ਸਾਲ 2009 ‘ਚ ਲੋਕ ਸਭਾ ਚੋਣਾਂ ਦੌਰਾਨ ਅਨੁਸੂਚਿਤ ਜਾਤੀ ਲਈ ਸੀਟ ਰਿਜ਼ਰਵ ਹੋਣ ਦੇ ਚੱਲਦੇ ਉਨ੍ਹਾਂ ਨੂੰ ਆਪਣੀ ਰਵਾਇਤੀ ਅਲਮੋੜਾ ਸੀਟ ਛੱਡਣੀ ਪਈ। ਉਸ ਤੋਂ ਬਾਅਦ ਰਾਵਤ ਹਰਿਦੁਆਰ ਲੋਕ ਸਭਾ ਸੀਟ ਦੇ ਚੋਣ ਮੈਦਾਨ ‘ਚ ਉਤਰੇ। ਉਨ੍ਹਾਂ ਨੇ ਭਾਜਪਾ ਦੇ ਸਵਾਮੀ ਯਤੀਸ਼ਵਰਾਨੰਦ ਗਿਰੀ ਨੂੰ ਤਿੰਨ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਰਾਵਤ ਨੂੰ 2014 ‘ਚ ਉਸ ਸਮੇਂ ਮੁੱਖ ਮੰਤਰੀ ਬਣਾਇਆ ਗਿਆ, ਜਦੋਂ ਉਨ੍ਹਾਂ ਦੇ ਪਾਰਟੀ ਸਹਿਯੋਗੀ ਵਿਜੇ ਬਹੁਗੁਣਾ ‘ਤੇ ਜੁਲਾਈ 2013 ਵਿਚ ਆਈ ਕੁਦਰਤੀ ਆਪਦਾ ਨੂੰ ਠੀਕ ਤਰ੍ਹਾਂ ਨਾਲ ਨਾ ਚਲਾਉਣ ਦਾ ਦੋਸ਼ ਲੱਗਾ।
ਰਾਵਤ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰਿਦੁਆਰ ਰੂਰਲ ਅਤੇ ਕਿੱਛਾ ਦੋਵਾਂ ਜਗ੍ਹਾ ਤੋਂ ਹਾਰ ਗਏ। ਕਾਂਗਰਸ ਨੂੰ ਉਨ੍ਹਾਂ ਦੀ ਅਗਵਾਈ ‘ਚ ਉਥੋਂ 70 ਸੀਟਾਂ ‘ਚੋਂ ਮਹਿਜ਼ 11 ਸੀਟਾਂ ਹੀ ਹਾਸਲ ਹੋ ਸਕੀਆਂ, ਜਦਕਿ ਭਾਜਪਾ ਨੇ 57 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। 2017 ‘ਚ ਮਿਲੀ ਹਾਰ ਦੇ ਬਾਵਜੂਦ ਕਾਂਗਰਸ ਹਾਈਕਮਾਨ ਨੇ ਰਾਵਤ ‘ਤੇ ਫਿਰ ਭਰੋਸਾ ਵਿਖਾਇਆ ਅਤੇ ਉਨ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਨੈਨੀਤਾਲ-ਊਧਮਸਿੰਘ ਨਗਰ ਲੋਕ ਸਭਾ ਸੀਟ ਤੋਂ ਮੈਦਾਨ ‘ਚ ਉਤਾਰ ਦਿੱਤਾ। ਇਨ੍ਹਾਂ ਚੋਣਾਂ ਵਿਚ ਵੀ ਉਹ ਭਾਜਪਾ ਦੇ ਅਜੇ ਭੱਟ ਹੱਥੋਂ 4 ਲੱਖ ਤੋਂ ਵੱਧ ਦੇ ਫਰਕ ਨਾਲ ਹਾਰ ਗਏ।


Share