ਹਰਿਆਣਾ ਵਿੱਚ ਬਸਪਾ ਨੇ ਇਨੈਲੋ ਨਾਲੋਂ ਤੋੜਿਆ ਨਾਤਾ

ਚੰਡੀਗੜ੍ਹ, 10 ਫਰਵਰੀ (ਪੰਜਾਬ ਮੇਲ)- ਬਹੁਜਨ ਸਮਾਜ ਪਾਰਟੀ (ਬਸਪਾ) ਨੇ ਹਰਿਆਣਾ ਦੀ ਮੁੱਖ ਵਿਰੋਧੀ ਪਾਰਟੀ ਇਨੈਲੋ ਨਾਲ ਅੱਜ ਕਰੀਬ 9 ਮਹੀਨੇ ਪੁਰਾਣਾ ਗਠਜੋੜ ਤੋੜ ਕੇ ਭਾਜਪਾ ਦੇ ਬਾਗ਼ੀ ਸੰਸਦ ਮੈਂਬਰ ਰਾਜਕੁਮਾਰ ਸੈਣੀ ਵੱਲੋਂ ਬਣਾਈ ਗਈ ਨਵੀਂ ਪਾਰਟੀ ਐਲਐਸਪੀ ਨਾਲ ਹੱਥ ਮਿਲਾ ਲਿਆ। ਜੀਂਦ ਜ਼ਿਮਨੀ ਚੋਣ ’ਚ ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ਹੇਠਲੀ ਇੰਡੀਅਨ ਨੈਸ਼ਨਲ ਲੋਕ ਦਲ (ਆਈਐਨਐਲਡੀ) ਦੇ ਉਮੀਦਵਾਰ ਉਮੇਦ ਸਿੰਘ ਰੇਡੂ ਦੀ ਨਮੋਸ਼ੀਜਨਕ ਹਾਰ ਮਗਰੋਂ ਬਸਪਾ ਨੇ ਇਹ ਕਦਮ ਉਠਾਇਆ ਹੈ। ਬਸਪਾ ਹਰਿਆਣਾ ਦੇ ਇੰਚਾਰਜ ਮੇਘਰਾਜ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਸੁਪਰੀਮੋ ਮਾਇਆਵਤੀ ਦੇ ਨਿਰਦੇਸ਼ਾਂ ’ਤੇ ਬਸਪਾ ਨੇ ਅੱਜ ਇਨੈਲੋ ਨਾਲ ਗਠਜੋੜ ਤੋੜ ਕੇ ਲੋਕਤੰਤਰ ਸੁਰੱਕਸ਼ਾ ਪਾਰਟੀ (ਐਲਐਸਪੀ) ਨਾਲ ਹੱਥ ਮਿਲਾ ਲਿਆ ਹੈ। ਉਨ੍ਹਾਂ ਕਿਹਾ ਕਿ ਬਸਪਾ ਨੇ ਜਦੋਂ ਗਠਜੋੜ ਕੀਤਾ ਸੀ ਤਾਂ ਇਨੈਲੋ ਇਕ ਪਾਰਟੀ ਸੀ ਪਰ ਚੌਟਾਲਾ ਪਰਿਵਾਰ ’ਚ ਫੁੱਟ ਕਾਰਨ ਉਹ ਵੰਡੇ ਗਏ ਅਤੇ ਜੀਂਦ ਜ਼ਿਮਨੀ ਚੋਣ ’ਚ ਉਨ੍ਹਾਂ ਦਾ ਪੱਤਾ ਸਾਫ਼ ਹੋ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਰੇਡੂ ਨੂੰ ਮਿਲੇ ਕੁੱਲ 3400 ਵੋਟਾਂ ’ਚੋਂ ਇਕ ਹਜ਼ਾਰ ਵੋਟ ਹੀ ਇਨੈਲੋ ਦੇ ਸਨ ਜਦਕਿ ਬਾਕੀ ਦੇ ਵੋਟ ਬਸਪਾ ਹਮਾਇਤੀਆਂ ਨੇ ਪਾਏ ਸਨ। ਬਸਪਾ ਆਗੂ ਨੇ ਕਿਹਾ ਕਿ ਇਨੈਲੋ ਨਾਲ ਗਠਜੋੜ ਜਾਰੀ ਰੱਖ ਕੇ ਭਾਜਪਾ ਨੂੰ ਸੱਤਾ ਤੋਂ ਹਟਾਉਣਾ ਮੁਸ਼ਕਲ ਸੀ। ਉਨ੍ਹਾਂ ਮੁਤਾਬਕ ਬਸਪਾ ਅੱਠ ਅਤੇ ਐਲਐਸਪੀ 2 ਲੋਕ ਸਭਾ ਸੀਟਾਂ ’ਤੇ ਚੋਣਾਂ ਲੜਨਗੇ। ਸ੍ਰੀ ਮੇਘਰਾਜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਬਸਪਾ 35 ਅਤੇ ਐਲਐਸਪੀ 55 ਸੀਟਾਂ ’ਤੇ ਆਪਣੇ ਉਮੀਦਵਾਰ ਮੈਦਾਨ ’ਚ ਉਤਾਰੇਗੀ।