ਹਰਿਆਣਾ ਦੇ ਕਿਸਾਨਾਂ ਦੇ ਹੱਕ ‘ਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦੋ ਘੰਟਿਆਂ ਲਈ ਕੀਤਾ ਚੱਕਾ ਜਾਮ

123
Share

ਮਾਨਸਾ, 9 ਅਕਤੂਬਰ (ਪੰਜਾਬ ਮੇਲ)- ਹਰਿਆਣਾ ਦੇ ਸੰਘਰਸ਼ੀਲ ਕਿਸਾਨਾਂ ਦੇ ਹੱਕ ‘ਚ ਪੰਜਾਬ ਭਰ ‘ਚ ਸੰਘਰਸ਼ੀ ਕਿਸਾਨ ਜਥੇਬੰਦੀਆਂ ਨੇ ਅੱਜ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਵੱਖ-ਵੱਖ ਥਾਵਾਂ ਉੱਪਰ ਚੱਕਾ ਜਾਮ ਕੀਤਾ। ਇਹ ਬੰਦ ਹਰਿਆਣਾ ਦੇ ਕਿਸਾਨਾਂ ਉੱਤੇ ਸਿਰਸਾ ‘ਚ ਭਾਜਪਾ ਸਰਕਾਰ ਦੀ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਦੇ ਵਿਰੋਧ ਵਿਚ ਕੀਤਾ ਗਿਆ ਹੈ। ਜਥੇਬੰਦੀਆਂ ਗ੍ਰਿਫ਼ਤਾਰ ਕੀਤੇ ਕਿਸਾਨਾਂ ਦੀ ਰਿਹਾਈ ਦੀ ਮੰਗ ਕਰ ਰਹੀਆਂ ਹਨ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਹਨ। ਮਾਨਸਾ ਜ਼ਿਲ੍ਹੇ ਵਿਚ ਇਹ ਜਾਮ ਲੁਧਿਆਣਾ- ਸਿਰਸਾ ਮੁੱਖ ਮਾਰਗ ‘ਤੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਸਾਹਮਣੇ ਲਾਇਆ ਗਿਆ ਹੈ, ਜਿਸ ਨਾਲ ਸਾਰੇ ਰੂਟਾਂ ਉਤੇ ਆਵਾਜਾਈ ਬੰਦ ਹੋ ਗਈ ਹੈ।
ਬਠਿੰਡਾ : ਇਥੋਂ ਦੇ ਆਈ.ਟੀ.ਆਈ. ਚੌਕ ‘ਚ ਲੱਗੇ ਕਿਸਾਨ ਧਰਨੇ ਕਾਰਨ ਡੱਬਵਾਲੀ, ਤਲਵੰਡੀ ਸਾਬੋ, ਰਾਮਾ, ਮਾਨਸਾ, ਮੌੜ ਵੱਲ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸੇ ਤਰ੍ਹਾਂ ਇਥੋਂ ਦੇ ਬੈਸਟ ਪ੍ਰਾਈਸ ਮਾਲ ਅੱਗੇ ਵੀ ਧਰਨਾ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਬਠਿੰਡਾ ‘ਚ ਭੁੱਚੋ ਖੁਰਦ, ਲਹਿਰਾ ਬੇਗਾ, ਰਾਮਪੁਰਾ, ਮਾਈਸਰਖਾਨਾ, ਸੰਗਤ ਕੈਂਚੀਆਂ, ਮੌੜ, ਭਗਤਾ, ਜੀਦਾ ਆਦਿ ਥਾਵਾਂ ‘ਤੇ ਵੀ ਸੜਕੀ ਜਾਮ ਦੀ ਸੂਚਨਾ ਹੈ। ਇਨ੍ਹਾਂ ਧਰਨਿਆਂ ਵਿਚ ਭਾਕਿਯੂ (ਉਗਰਾਹਾਂ), ਭਾਕਿਯੂ (ਸਿੱਧੂਪੁਰ), ਕੁਲ ਹਿੰਦ ਕਿਸਾਨ ਸਭਾ, ਭਾਕਿਯੂ (ਡਕੌਂਦਾ), ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਭਾਕਿਯੂ (ਮਾਨਸਾ), ਦਿਹਾਤੀ ਮਜ਼ਦੂਰ ਸਭਾ ਆਦਿ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਭਰਾਤਰੀ ਸੰਗਠਨ ਸ਼ਾਮਿਲ ਹਨ।
ਜੈਤੋ: ਕਿਸਾਨ ਸੰਗਠਨਾਂ ਵੱਲੋਂ ਜੈਤੋ ਦੇ ਬੱਸ ਅੱਡਾ ਚੌਕ, ਰੋਮਾਣਾ ਅਲਬੇਲ ਸਿੰਘ, ਬਰਗਾੜੀ ਅਤੇ ਬਾਜਾਖਾਨਾ ‘ਚ ਸੜਕਾਂ ‘ਤੇ ਧਰਨੇ ਲਾ ਕੇ ਬਠਿੰਡਾ-ਅੰਮ੍ਰਿਤਸਰ ਦਰਮਿਆਨ ਦੀ ਆਵਾਜਾਈ ਰੋਕੀ ਗਈ ਹੈ। ਇਨ੍ਹਾਂ ਧਰਨਿਆਂ ਦੀ ਅਗਵਾਈ ਭਾਕਿਯੂ (ਡਕੌਂਦਾ), ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਕਿਯੂ (ਸਿੱਧੂਪੁਰ), ਪੰਜਾਬ ਕਿਸਾਨ ਯੂਨੀਅਨ ਅਤੇ ਭਾਕਿਯੂ (ਕ੍ਰਾਂਤੀਕਾਰੀ) ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਥਾਵਾਂ ‘ਤੇ ਧਰਨਾ ਪ੍ਰਦਰਸ਼ਨ ਕੀਤੇ ਗਏ।


Share