ਹਰਿਆਣਾ ‘ਚ ਮੁਸਲਿਮ ਸਮਾਜ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ‘ਚ ਆਪਣਾ ਆਖਰੀ ਰੋਜਾ ਖੋਲਿਆ

ਟੋਹਾਣਾ, 16 ਜੂਨ (ਪੰਜਾਬ ਮੇਲ)- ਦੇਸ਼ ਭਰ ‘ਚ ‘ਈਦ-ਉਲ-ਫਿਤਰ’ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਹਰਿਆਣਾ ਦੇ ਟੋਹਾਣਾ ‘ਚ ਹਿੰਦੂ, ਮੁਸਲਿਮ ਅਤੇ ਸਿੱਖ ਸਮਾਜ ਦੇ ਵਿਚਕਾਰ ਆਪਸੀ ਨਫ਼ਰਤ ਨੂੰ ਖਤਮ ਕਰਕੇ ਭਾਈਚਾਰਾ ਵਧਾਉਣ ਦੀ ਇਕ ਅਨੌਖੀ ਕੋਸ਼ਿਸ਼ ਸ਼ੁਰੂ ਕੀਤੀ ਗਈ। ਈਦ ਦੇ ਦਿਨ ਮੁਸਲਿਮ ਸਮਾਜ ਦੇ ਲੋਕਾਂ ਨੇ ਗੁਰਦੁਆਰੇ ‘ਚ ਆਪਣਾ ਆਖਰੀ ਰੋਜਾ ਖੋਲਿਆ। ਇਸ ਦੌਰਾਨ ਸਿੱਖ ਸਮਾਜ ਦੇ ਲੋਕਾਂ ਨੇ ਰੋਜੇਦਾਰਾਂ ਨੂੰ ਫਲ-ਅਹਾਰ ਵੱਡੇ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਭਾਈਚਾਰਿਆਂ ਦੇ ਵਿਚਕਾਰ ਭਾਈਚਾਰਾ ਕਾਇਮ ਰਹੇ। ਉਨ੍ਹਾਂ ਨੇ ਕਿਹਾ ਕਿ ਸਿੱਖ ਗੁਰੂਆਂ ਸਹਿਬਾਨਾਂ ਨੇ ਮਨੁੱਖ ਦੀ ਨਾ ਕੋਈ ਜਾਤ-ਪਾਤ ਅਤੇ ਨਾ ਹੀ ਭਾਈਚਾਰਾ ਹੋਣ ਦਾ ਹੀ ਸੰਦੇਸ਼ ਦਿੱਤਾ ਹੈ।
ਹਿੰਦੂ, ਸਿੱਖ ਅਤੇ ਮੁਸਲਮਾਨ ਸਮਾਜ ਦੇ ਦਿਨ ਪ੍ਰਤੀਦਿਨ ਵਧਦੀ ਨਫ਼ਰਤ ਨੂੰ ਖਤਮ ਕਰਨ ਲਈ ਦੋਵਾਂ ਸਮਾਜ ਦੇ ਲੋਕ ਕੋਸ਼ਿਸ਼ ਕਰ ਰਹੇ ਹਨ। ਸਿੱਖ ਸਮਾਜ ਦੇ ਲੋਕਾਂ ਨੇ ਇਕ ਸ਼ਲਾਘਾਯੋਗ ਪਹਿਲ ਕਰਦੇ ਹੋਏ ਮੁਸਲਿਮ ਸਮਾਜ ਦੇ ਲੋਕਾਂ ਦਾ ਆਖਰੀ ਰੋਜਾ ਖੁਲਵਾਉਣ ਲਈ ਟੋਹਾਣਾ ਤੂਰ ਨਗਰ ਸਥਿਤ ਸਿੰਘਸਭਾ ਗੁਰਦੁਆਰਾ ‘ਚ ਇਕ ਪ੍ਰੋਗਰਾਮ ਆਯੋਜਿਤ ਕਰਕੇ ਫਲ-ਅਹਾਰ ਨਾਲ ਰੋਜੇਦਾਰ ਦਾ ਰੋਜਾ ਖੁਲਵਾ ਕੇ ਸਮਾਜ ‘ਚ ਭਾਈਚਾਰੇ ਦਾ ਸੰਦੇਸ਼ ਦਿੱਤਾ।
ਇਸ ਦੌਰਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਮਾਜ ‘ਚ ਜਾਤ-ਪਾਤ ਦੇ ਨਾਮ ‘ਤੇ ਨਫਰਤ ਵਧਦੀ ਜਾ ਰਹੀ ਹੈ। ਇਸ ਨਫ਼ਰਤ ਨੂੰ ਖਤਮ ਕਰਨ ਲਈ ਇਕ ਕੋਸ਼ਿਸ਼ ਕੀਤੀ ਗਈ ਹੈ, ਜੋ ਭਵਿੱਖ ‘ਚ ਵੀ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਹਰਿਮੰਦਰ ਸਾਹਿਬ ਦੀ ਨੀਂਹ ਵੀ ਇਕ ਮੁਸਲਿਮ ਸੰਤ ਮੀਆਂ ਮੀਰ ਜੀ ਵੱਲੋਂ ਰੱਖੀ ਗਈ ਸੀ। ਸਿੱਖ ਗੁਰੂ ਸਾਹਿਬਾਨਾਂ ਨੇ ਹਮੇਸ਼ਾ ਭਾਈਚਾਰੇ ਨੂੰ ਵਧਾਉਣ ਦਾ ਸੰਦੇਸ਼ ਦਿੱਤਾ ਹੈ।
ਮੁਸਲਿਮ ਸਮਾਜ ਚੋਂ ਸੁਫੀਆਨਾ ਖਾਨ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸਮਾਜ ‘ਚ ਹਿੰਦੂ-ਮੁਸਲਿਮ ਦਾ ਜਹਿਰ ਘੋਲਿਆ ਗਿਆ ਹੈ। ਉਸ ਨੂੰ ਖਤਮ ਕਰਨ ਲਈ ਸਿੱਖ ਸਮਾਜ ਨੇ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੂੰ ਇਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਸਿੱਖ ਸਮਾਜ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਆਪਸੀ ਭਾਈਚਾਰੇ ਨੂੰ ਵਧਾਉਣ ਲਈ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ।