ਹਨੀਪ੍ਰੀਤ ਨੇ 24 ਘੰਟਿਆਂ ਅੰਦਰ ਹੀ ਐੱਸ.ਆਈ.ਟੀ. ਅੱਗੇ ਕਈ ਸਵਾਲਾਂ ਦੇ ਦਿੱਤੇ ਜਵਾਬ

ਚੰਡੀਗੜ੍ਹ, 5 ਅਕਤੂਬਰ (ਪੰਜਾਬ ਮੇਲ)- ਡੇਰਾ ਮੁਖੀ ਦੀ ਅਹਿਮ ਰਾਜ਼ਦਾਰ ਹਨੀਪ੍ਰੀਤ ਇੰਸਾ ਨੇ ਸਿਰਫ 24 ਘੰਟੇ ਦੇ ਅੰਦਰ ਹੀ ਹਰਿਆਣਾ ਪੁਲਿਸ ਦੀ ਐੱਸ.ਆਈ.ਟੀ. ਟੀਮ ਦੇ ਅੱਗੇ ਕਈ ਸਵਾਲਾਂ ਦੇ ਜਵਾਬ ਦਿੱਤੇ।
ਹਨੀਪ੍ਰੀਤ ਨੇ ਇਹ ਮੰਨ ਲਿਆ ਹੈ ਕਿ ਉਹ ਵਾੱਟਸਐਪ ਦੇ ਜ਼ਰੀਏ ਡੇਰੇ ਦੇ ਕਈ ਲੋਕਾਂ ਨਾਲ ਲਗਾਤਾਰ ਸੰਪਰਕ ‘ਚ ਸੀ। ਇਸ ਦੌਰਾਨ ਉਸਦਾ ਅਦਿੱਤਯ ਇੰਸਾ ਅਤੇ ਪਵਨ ਇੰਸਾ ਨਾਲ ਵੀ ਸੰਪਰਕ ਹੋਇਆ। ਇਸ ਤੋਂ ਇਲਾਵਾ ਹਨੀਪ੍ਰੀਤ ਨੇ ਆਪਣੀ ਫਰਾਰੀ ਦੇ 38 ਦਿਨਾਂ ਦਾ ਸੱਚ ਵੀ ਪੁਲਿਸ ਨੂੰ ਸਿਲਸਿਲੇ ਵਾਰ ਦੱਸਿਆ। ਉਸਨੇ ਕਿਹਾ ਕਿ ਉਹ ਦੇਸ਼ਧ੍ਰੋਹੀ ਨਹੀਂ ਸਗੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਠਿਕਾਣਾ ਬਦਲਦੀ ਰਹੀ।
ਹਾਲਾਂਕਿ ਬੁੱਧਵਾਰ ਦੁਪਹਿਰ ਬਾਅਦ ਕੋਰਟ ‘ਚ ਪੇਸ਼ ਹੋਣ ਤੱਕ ਹਨੀਪ੍ਰੀਤ ਖੁਦ ਨੂੰ ਮਾਨਸਿਕ ਤੌਰ ‘ਤੇ ਠੀਕ ਨਹੀਂ ਮਹਿਸੂਸ ਕਰ ਰਹੀ ਸੀ। ਹਨੀਪ੍ਰੀਤ ਕੋਰਟ ਰੂਮ ‘ਚ ਵੀ ਰੋਂਦੀ ਰਹੀ। ਫਿਲਹਾਲ 6 ਦਿਨਾਂ ਦੇ ਰਿਮਾਂਡ ‘ਚ ਐੱਸ.ਆਈ.ਟੀ. ਦੇ ਅਫਸਰ ਹਨੀਪ੍ਰੀਤ ਤੋਂ 40 ਸਵਾਲਾਂ ਦੇ ਜਵਾਬ ਮੰਗਣਗੇ। ਐੱਸ.ਆਈ.ਟੀ. ਦੀ ਟੀਮ ਹਨੀਪ੍ਰੀਤ ਨੂੰ ਸਿਰਸਾ ਅਤੇ ਹੋਰ ਸਥਾਨਾਂ ‘ਤੇ ਲੈ ਕੇ ਜਾਵੇਗੀ। ਪੁਲਿਸ ਹਨੀਪ੍ਰੀਤ ਦੇ ਮੋਬਾਈਲ ਦੀ ਕਾਲ ਡਿਟੇਲ ਦੇ ਜ਼ਰੀਏ ਉਸਨੂੰ ਪਨਾਹ ਦੇਣ ਵਾਲਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇਗੀ।
ਹਨੀਪ੍ਰੀਤ ਦੇ ਨਾਲ ਪੁਲਿਸ ਦੀ ਹਿਰਾਸਤ ‘ਚ ਆਈ ਬਠਿੰਡਾ ਨਿਵਾਸੀ ਸੁਖਦੀਪ ਕੌਰ ਉਸਦੀ ਫਰਾਰੀ ਦੌਰਾਨ ਪਰਛਾਵੇਂ ਦੀ ਤਰ੍ਹਾਂ ਉਸਦੇ ਨਾਲ ਰਹੀ। ਹਨੀਪ੍ਰੀਤ ਦੇ 38 ਦਿਨਾਂ ਦੇ ਦੌਰਾਨ ਜੇਕਰ ਇਕ ਹਫਤੇ ਦਾ ਸਮਾਂ ਛੱਡ ਦਿੱਤਾ ਜਾਵੇ ਤਾਂ 2 ਸਤੰਬਰ ਤੋਂ ਸੁਖਦੀਪ ਕੌਰ ਹਰ ਸਮਾਂ ਹਨੀਪ੍ਰੀਤ ਦੇ ਨਾਲ ਰਹੀ। ਇਹ ਖੁਲਾਸਾ ਖੁਦ ਸੁਖਦੀਪ ਕੌਰ ਨੇ ਐੱਸ.ਆਈ.ਟੀ. ਦੇ ਸਾਹਮਣੇ ਪੁੱਛਗਿੱਛ ਦੌਰਾਨ ਕੀਤਾ ਹੈ। ਐੱਸ.ਆਈ.ਟੀ. ਦੀ ਪੁੱਛਗਿੱਛ ‘ਚ ਸੁਖਦੀਪ ਨੇ ਦੱਸਿਆ ਕਿ ਉਸਦਾ ਪੂਰਾ ਪਰਿਵਾਰ ਡੇਰੇ ਦਾ ਪੁਰਾਣਾ ਸਮਰਥਕ ਹੈ। ਸੁਖਦੀਪ ਲਗਾਤਾਰ ਫੋਨ ਦੇ ਜ਼ਰੀਏ ਹਨੀਪ੍ਰੀਤ ਦੇ ਸੰਪਰਕ ‘ਚ ਸੀ।