ਹਨੀਪ੍ਰੀਤ ਕੋਲ ਆਪਣਾ ਮੁਕੱਦਮਾ ਲੜਣ ਲਈ ਪ੍ਰਾਇਵੇਟ ਵਕੀਲ ਨੂੰ ਦੇਣ ਲਈ ਪੈਸੇ ਤੱਕ ਨਹੀਂ

ਅੰਬਾਲਾ, 5 ਦਸੰਬਰ (ਪੰਜਾਬ ਮੇਲ)- ਸਾਧਵੀਆਂ ਦੇ ਬਲਾਤਕਾਰ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਅੱਜਕਲ੍ਹ ਆਰਥਿਕ ਤੰਗੀ ਕਾਰਨ ਪਰੇਸ਼ਾਨ ਹੈ। ਪੰਚਕੂਲਾ ਹਿੰਸਾ ਦੀ ਸਾਜਿਸ਼ ਘੜਣ ਦੇ ਦੋਸ਼ ‘ਚ ਅੰਬਾਲਾ ਜੇਲ ‘ਚ ਸਜ਼ਾ ਕੱਟ ਰਹੀ ਹਨੀਪ੍ਰੀਤ ਦੇ ਕੋਲ ਆਪਣਾ ਮੁਕੱਦਮਾ ਲੜਣ ਲਈ ਪ੍ਰਾਇਵੇਟ ਵਕੀਲ ਨੂੰ ਦੇਣ ਲਈ ਪੈਸੇ ਤੱਕ ਨਹੀਂ ਹਨ। ਇਸ ਦੇ ਲਈ ਹਨੀਪ੍ਰੀਤ ਦੇ ਬਕਾਇਦਾ ਜੇਲ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਹੈ ਕਿ ਉਸਦੇ ਕੇਸ ‘ਚ ਪੰਚਕੂਲਾ ਐੱਸ.ਆਈ.ਟੀ. ਨੇ ਕੋਰਟ ‘ਚ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਹੁਣ ਕੇਸ ਟ੍ਰਾਇਲ ਕੋਰਟ ‘ਚ ਆ ਗਿਆ ਹੈ। ਉਸਦੇ ਕੋਲ ਕੇਸ ਲੜਣ ਲਈ ਪੈਸੇ ਨਹੀਂ ਹਨ ਇਸ ਲਈ ਉਸਦੇ ਸੀਜ਼ ਕੀਤੇ ਹੋਏ ਤਿੰਨੋਂ ਬੈਂਕ ਅਕਾਊਂਟ ਖੁਲ੍ਹਵਾਏ ਜਾਣ। ਇਸ ਤਰ੍ਹਾਂ ਨਾ ਹੋਣ ‘ਤੇ ਉਹ ਪ੍ਰਾਇਵੇਟ ਵਕੀਲ ਹਾਇਰ ਨਹੀਂ ਕਰ ਸਕੇਗੀ ਕਿਉਂਕਿ ਉਸਦੇ ਕੋਲ ਵਕੀਲ ਨੂੰ ਦੇਣ ਲਈ ਪੈਸੇ ਨਹੀਂ ਹਨ।
ਜ਼ਿਕਰਯੋਗ ਹੈ ਕਿ ਹਨੀਪ੍ਰੀਤ 25 ਅਗਸਤ ਤੋਂ ਫਰਾਰ ਚਲ ਰਹੀ ਸੀ। ਇਸ ਦੌਰਾਨ ਉਹ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਦਿੱਲੀ ‘ਚ ਰਹੀ ਸੀ। ਇਸ ਦੌਰਾਨ ਪੁਲਿਸ ਨੇ ਡੇਰੇ ਦੇ ਖਾਤਿਆਂ ਸਮੇਤ ਹਨੀਪ੍ਰੀਤ ਦੇ ਖਾਤੇ ਵੀ ਸੀਲ ਕਰ ਦਿੱਤੇ ਸਨ। ਐੱਸ.ਆਈ.ਟੀ. ਨੇ ਆਪਣੀ ਚਾਰਜਸ਼ੀਟ ‘ਚ ਹਨੀਪ੍ਰੀਤ ਨੂੰ ਪੰਚਕੂਲਾ ਹਿੰਸਾ ਦਾ ਦੋਸ਼ੀ ਕਰਾਰ ਦਿੱਤਾ ਹੈ। ਐੱਸ.ਆਈ.ਟੀ. ਟੀਮ ਨੇ ਆਪਣੀ ਚਾਰਜਸ਼ੀਟ ‘ਚ ਹਨੀਪ੍ਰੀਤ ਨੂੰ ਪੰਚਕੂਲਾ ਹਿੰਸਾ ਦੀ ਸਾਜਿਸ਼ ਰਚਣ ਦਾ ਦੋਸ਼ੀ ਦੱਸਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਹਿੰਸਾ ਕਰਵਾਉਣ ਲਈ ਹਨੀਪ੍ਰੀਤ ਨੇ ਹੀ ਢੇਡ ਕਰੋੜ ਰੁਪਏ ਪੰਚਕੂਲਾ ਭੇਜੇ ਸਨ। ਹਨੀਪ੍ਰੀਤ ਨੇ ਰਾਮ ਰਹੀਮ ਨੂੰ ਭਜਾਉਣ ਦੀ ਸਾਜਿਸ਼ ਵੀ ਰਚੀ ਸੀ। ਹਨੀਪ੍ਰੀਤ ਦੇ ਇਸ਼ਾਰੇ ‘ਤੇ ਹੀ ਅੱਗ ਲਗਾਉਣ, ਹਿੰਸਾ ਭੜਕਾਉਣ ਅਤੇ ਭੰਨ-ਤੋੜ ਦੀਆਂ ਘਟਨਾਵਾਂ ਸ਼ੁਰੂ ਕੀਤੀਆਂ ਗਈਆਂ ਸਨ।
ਰਾਮ ਰਹੀਮ ਦਾ ਬੇਟਾ ਜਸਮੀਤ ਇੰਸਾ ਡੇਰੇ ਦੀ ਵਾਗਡੋਰ ਸੰਭਾਲ ਰਿਹਾ ਹੈ। ਉਸਨੇ ਤਿੰਨ ਵਾਰ ਡੇਰੇ ‘ਚ ਸੰਗਤ ਵੀ ਬੁਲਾਈ। ਪੁਰਾਣੇ ਡੇਰੇ ‘ਚ ਨਾਮ ਚਰਚਾ ਲਈ ਆਉਣ ਵਾਲੀ ਸੰਗਤ ਪੁੱਜੀ ਸੀ। ਦੂਸਰੇ ਪਾਸੇ ਰਾਮ ਰਹੀਮ ਦਾ ਬੇਟਾ ਕੇਸ ਨੂੰ ਹਾਈਕੋਰਟ ‘ਚ ਚੈਲੇਂਜ ਕਰਨ ਦੇ ਲਈ ਦਿੱਲੀ ਦੇ ਵਕੀਲਾਂ ਨਾਲ ਮੁਲਾਕਾਤ ਵੀ ਕਰ ਚੁੱਕਾ ਹੈ। ਜਲਦੀ ਹੀ ਰੇਪ ਦੇ ਮਾਮਲੇ ‘ਚ ਸਜ਼ਾ ਦੇ ਖਿਲਾਫ ਅਪੀਲ ਦਾਇਰ ਕੀਤੀ ਜਾਵੇਗੀ।
ਪੰਚਕੂਲਾ ਹਿੰਸਾ ਭੜਕਾਉਣ ਦੇ ਦੋਸ਼ ‘ਚ ਐੱਸ.ਆਈ.ਟੀ. ਹੁਣ ਤੱਕ ਹਨੀਪ੍ਰੀਤ ਸਮੇਤ 15 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਪੁਲਿਸ ਇਸ ਦੇ ਖਿਲਾਫ ਪੰਚਕੂਲਾ ਕੋਰਟ ‘ਚ ਚਾਰਜਸ਼ੀਟ ਫਾਈਲ ਕਰ ਚੁੱਕੀ ਹੈ, ਜਿਸ ਦੀ ਕਾਪੀ ਇਨ੍ਹਾਂ ਨੂੰ 7 ਦਸੰਬਰ ਨੂੰ ਸੌਂਪੀ ਜਾਵੇਗੀ। ਉਸ ਸਮੇਂ ਹਨੀਪ੍ਰੀਤ ਸਮੇਤ ਸਾਰੇ ਦੋਸ਼ੀ ਕੋਰਟ ‘ਚ ਪੇਸ਼ ਕੀਤੇ ਜਾਣਗੇ।