ਸ. ਕੰਵਲਜੀਤ ਸਿੰਘ ਬਖਸ਼ੀ ਨੇ ਪਾਰਲੀਮੈਂਟ ‘ਚ ਭਾਰਤੀ ਸੰਸਥਾਵਾਂ, ਗੁਰਦੁਆਰੇ ਤੇ ਮੰਦਿਰਾਂ ਦੇ ਯੋਗਦਾਨ ਦੀ ਝਲਕ ਪੇਸ਼ ਕੀਤੀ

180
ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨਿਊਜ਼ੀਲੈਂਡ ਪਾਰਲੀਮੈਂਟ 'ਚ ਭਾਸ਼ਣ ਦਿੰਦਿਆ। 
Share

ਤਾਲਾਬੰਦੀ: ਪਰ ਭਾਰਤੀਆਂ ਖੋਲ੍ਹੀ ਰੱਖੀ ਮਨੁੱਖਤਾ ਦੀ ਸੇਵਾ
-ਮੰਤਰੀਆਂ ਵੀ ਸਲਾਹਿਆ ਭਾਰਤੀਆਂ ਦੇ ਕਾਰਜਾਂ ਨੂੰ
ਔਕਲੈਂਡ, 4 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ‘ਚ ਪਿਛਲੇ 13 ਦਿਨਾਂ ਤੋਂ ਇਕ ਵੀ ਕਰੋਨਾ ਦਾ ਨਵਾਂ ਕੇਸ ਨਹੀਂ ਆਇਆ ਜਿਸ ਕਰਕੇ ਦੇਸ਼ ਆਪਣੇ ਵਿਕਾਸ ਦੀ ਲੀਹੇ ਰੁੜਨਾ ਸ਼ੁਰੂ ਹੋ ਗਿਆ ਹੈ। ਦੇਸ਼ ਅੰਦਰ ਇਕ ਹੀ ਮਰੀਜ਼ ਇਸ ਵੇਲੇ ਕਰੋਨਾ ਤੋਂ ਐਕਟਿਵ ਹੈ। ਕਰੋਨਾ ਦੇ ਚਲਦਿਆਂ ਲੋਕਾਂ ਨੂੰ ਜਿਨ੍ਹਾਂ ਮੁਸ਼ਕਿਲਾਂ ਵਿਚੋਂ ਲੰਘਣਾ ਪਿਆ ਅਤੇ ਦੇਸ਼ ਦੀ ਆਰਥਿਕਤਾ ਨੂੰ ਕਿਵੇਂ ਧੱਕਾ ਲੱਗਾ?  ਸਮੁੱਚੀ ਸੱਤਾਧਰ ਸਰਕਾਰ ਅਤੇ ਵਿਰੋਧੀ ਧਿਰ ਨੇੜਿਓ ਪਰਖ ਰਹੀ ਹੈ। ਭਾਰਤੀ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਜਿੱਥੇ ਅੱਜ ਮਾਣਯੋਗ ਸਪੀਕਰ ਸਾਹਿਬਾ ਦੇ ਅੱਗੇ ਕਰੋਨਾ ਮਹਾਂਮਾਰੀ ਸਬੰਧੀ ਆਪਣੇ ਵਿਚਾਰ ਰੱਖੇ ਉਥੇ ਇਸ ਮੁਸ਼ਕਿਲ ਭਰੇ ਸਮੇਂ ਦੇ ਵਿਚ ਮਨੁੱਖਤਾ ਦੀ ਸੇਵਾ ਕਿਵੇਂ ਸਥਾਨਕ ਲੋਕਾਂ ਵੱਲੋਂ ਇਕ ਦੂਜੇ ਦੀ ਮਦਦ ਕੀਤੀ ਨੂੰ ਖੂਬ ਸਰਾਹਿਆ। ਉਨ੍ਹਾਂ ਕਿਹਾ ਕਿ ‘ਹਿਊਮਨ ਸਪਿਰਿਟ’ ਦੀ ਮਹਾਨਤਾ ਨੇ ਇਸ ਔਖੇ ਸਮੇਂ ਜੋ ਆਪਣਾ ਰੰਗ ਵਿਖਾਇਆ ਉਸਦੀ ਵੱਖਰੀ ਮਿਸਾਲ ਹੈ।
ਇਸਦੇ ਨਾਲ ਹੀ ਉਨ੍ਹਾਂ ਕੋਵਿਡ-19 ਦੇ ਚਲਦਿਆਂ ਭਾਰਤੀ ਲੋਕਾਂ ਵੱਲੋਂ ਤਾਲਾਬੰਦੀ ਦੌਰਾਨ ਮਨੁੱਖਤਾ ਦੇ ਲਈ ਖੋਲ੍ਹੇ ਗਏ ਆਪਣੇ ਦਿਲਾਂ ਦੀ ਅਤੇ ਦਿੱਤੇ ਯੋਗਦਾਨ ਦੀ ਇਕ ਝਲਕ ਵੀ ਲਗਦੇ ਹੱਥ ਪਾਰਲੀਮੈਂਟ ਦੇ ਵਿਚ ਪੇਸ਼ ਕਰ ਦਿੱਤੀ। ਉਨਾਂ ਆਪਣੇ ਭਾਸ਼ਣ ਦੇ ਵਿਚ ਆਪਣੀ ਗਵਾਹੀ ਭਰਦਿਆਂ ਬੜੇ ਫਖ਼ਰ ਨਾਲ ਕਿਹਾ ਕਿ ਭਾਰਤੀ ਕਮਿਊਨਿਟੀ ਵੱਲੋਂ ਹਜ਼ਾਰਾਂ ਫੂਡ ਪੈਕਟ ਲੋੜਵੰਦਾਂ ਨੂੰ ਦੇਸ਼ ਭਰ ਵਿਚ ਵੰਡੇ ਗਏ। ਉਨ੍ਹਾਂ ਪ੍ਰਮੁੱਖ ਸੰਸਥਾਵਾਂ ਦੇ ਵਿਚ ਸੁਪਰੀਮ ਸਿੱਖ ਸੁਸਾਇਟੀ ਅਤੇ ਸਬੰਧਿਤ ਸਾਰੇ ਧਾਰਮਿਕ ਅਸਥਾਨ, ਬੀ.ਏ.ਪੀ. ਐਸ. (ਸਵਾਮੀਨਰਾਇਣ ਮੰਦਿਰ) ਐਵਨਡੇਲ, ਹਮਿਲਟਨ, ਕ੍ਰਾਈਸਟਚਰਚ, ਭਾਰਤੀਆ ਮੰਦਿਰ, ਔਕਲੈਂਡ ਇੰਡੀਅਨ ਐਸੋਸੀਏਸ਼ਨ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ, ਗੁਰਦੁਆਰਾ ਸਿੱਖ ਸੰਗਤ ਸਾਹਿਬ ਟੌਰੰਗਾ ਸਿਟੀ, ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਰੋਟੋਰੂਆ ਸਮੇਤ ਹੋਰ ਕਈ ਸੰਸਥਾਵਾਂ ਦੇ ਯੋਗਦਾਨ ਦਾ ਨਾਂਅ ਲੈ ਕੇ ਜ਼ਿਕਰ ਕੀਤਾ। ਇਨ੍ਹਾਂ ਫੂਡ ਪਾਰਸਲ ਡ੍ਰਾਈਵਾਂ ਦੇ ਵਿਚ ਆਪਣਾ ਸਹਿਯੋਗ ਦੇਣ ਵਾਲੇ ਸਾਰੇ ਦਾਨੀ ਸੱਜਣਾਂ ਦਾ ਉਨ੍ਹਾਂ ਧੰਨਵਾਦ ਕੀਤਾ। ਸੱਚਮੁੱਚ ਪਾਰਲੀਮੈਂਟ ਦੇ ਵਿਚ ਭਾਰਤੀਆਂ ਦੇ ਯੋਗਦਾਨ ਦੀ ਗੱਲ ਹੋਣੀ ਭਾਰਤੀਆਂ ਦੇ ਲਈ ਮਾਣ ਵਾਲੀ ਗੱਲ ਹੈ। ਨਿਊਜ਼ੀਲੈਂਡ ਮੰਤਰੀਆਂ ਨੇ ਵੀ ਭਾਰਤੀਆਂ ਦੇ ਸਮਾਜਿਕ ਕਾਰਜਾਂ ਨੂੰ ਸਲਾਹਿਆ ਹੈ।


Share