ਸੱਤਾ ਦੀ ਦੁਰਵਰਤੋਂ ਦੇ ਦੋਸ਼ਾਂ ‘ਚ ਘਿਰੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ

June 16
17:37
2017
ਟੋਕੀਓ, 16 ਜੂਨ (ਪੰਜਾਬ ਮੇਲ)– ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਧਿਕਾਰਾਂ ਦੀ ਦੁਰਵਰਤੋਂ ਕਰ ਕੇ ਆਪਣੇ ਦੋਸਤ ਦੇ ਵਪਾਰਕ ਸੌਦੇ ‘ਚ ਮਦਦ ਕਰਨ ਦੇ ਦੋਸ਼ਾਂ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਦੋ ਅਧਿਕਾਰਤ ਰਿਪੋਰਟਾਂ ਵਿਚ ਵੀ ਸੱਤਾ ਦੀ ਦੁਰਵਰਤੋਂ ਦੇ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਨਵੇਂ ਦੋਸ਼ਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਆਬੇ ਨੂੰ ਇਕ ਸਕੂਲ ਦੇ ਵਿਵਾਦ ‘ਚ ਫਸੇ ਡਾਇਰੈਕਟਰ ਨਾਲ ਆਪਣੇ ਸੰਬੰਧਾਂ ਤੋਂ ਇਨਕਾਰ ਕਰਨਾ ਪਿਆ ਸੀ। ਸਕੂਲ ਨੇ ਬਹੁਤ ਹੀ ਸਸਤੇ ਦਰ ‘ਤੇ ਸਰਕਾਰੀ ਜ਼ਮੀਨ ਖਰੀਦੀ ਸੀ ਅਤੇ ਆਬੇ ਦੀ ਪਤਨੀ ਨੂੰ ਸਕੂਲ ਦੀ ਆਨਰੇਰੀ ਪ੍ਰਿੰਸੀਪਲ ਬਣਾਇਆ ਗਿਆ ਸੀ। ਇਸੇ ਹਫਤੇ ਸਿੱਖਿਆ ਮੰਤਰੀ ਅਤੇ ਕੈਬਨਿਟ ਦਫਤਰ ਨੇ ਅਜਿਹੇ ਦਸਤਾਵੇਜ਼ਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਦਾ ਹਵਾਲਾ ਵਿਰੋਧੀ ਧਿਰ ਨੇ ਆਬੇ ਦੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹੋਏ ਦਿੱਤਾ ਸੀ।