-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ: 916-320-9444
ਪਿਛਲੇ ਕਈ ਦਹਾਕਿਆਂ ਤੋਂ ਜੰਗ ਦੇ ਮਾਹੌਲ ਵਿਚ ਘਿਰੇ ਚਲੇ ਆ ਰਹੇ ਅਫਗਾਨਿਸਤਾਨ ਵਿਚ ਘੱਟ ਗਿਣਤੀਆਂ, ਖਾਸ ਕਰ ਸਿੱਖ ਘੱਟ ਗਿਣਤੀ ਭਾਈਚਾਰੇ ਦੀ ਹਾਲਤ ਬੇਹੱਦ ਦਰਦਨਾਕ ਅਤੇ ਚਿੰਤਾਜਨਕ ਹੈ। ਕਿਸੇ ਸਮੇਂ ਸਿੱਖ ਭਾਈਚਾਰੇ ਦੇ ਲੋਕ ਅਫਗਾਨਿਸਤਾਨ ਦੀ ਮੁੱਖ ਧਾਰਾ ਦੇ ਸਿਤਾਰੇ ਵਜੋਂ ਚਮਕਦੇ ਰਹੇ ਹਨ। ਵਪਾਰਕ ਅਤੇ ਹੋਰ ਕਾਰੋਬਾਰੀ ਅਦਾਰਿਆਂ ਵਿਚ ਸਿੱਖਾਂ ਦਾ ਵੱਡਾ ਨਾਂ ਸੀ। ਪਰ ਅੰਦਰੂਨੀ ਮਾਰ-ਧਾੜ ਅਤੇ ਜੰਗ ਨੇ ਅਫਗਾਨਿਸਤਾਨ ਨੂੰ ਇੰਨੀ ਬੁਰੀ ਤਰ੍ਹਾਂ ਮਧੋਲ ਸੁੱਟਿਆ ਹੈ, ਜਿਸ ਕਾਰਨ ਪੂਰਾ ਅਫਗਾਨਿਸਤਾਨ ਹੀ ਇਸ ਵੇਲੇ ਤਬਾਹੀ ਦੇ ਕੰਢੇ ਖੜ੍ਹਿਆ ਨਜ਼ਰ ਆ ਰਿਹਾ ਹੈ। ਘੱਟ ਗਿਣਤੀ ਸਿੱਖ ਅਤੇ ਹਿੰਦੂ ਭਾਈਚਾਰੇ ਦਾ ਤਾਂ ਇਸ ਵੇਲੇ ਜਿਊਣਾ ਹਰਾਮ ਕਰ ਦਿੱਤਾ ਗਿਆ ਹੈ। ਪਿਛਲੇ ਹਫਤੇ ਬੁੱਧਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੁਰਾਣੇ ਸ਼ਹਿਰ ਵਿਚਲੇ ਸ਼ੋਰ ਬਾਜ਼ਾਰ ਦੇ ਗੁਰਦੁਆਰਾ ਗੁਰੂ ਹਰਿ ਰਾਇ ਸਾਹਿਬ ਵਿਖੇ ਸਵੇਰੇ ਨਿੱਤਨੇਮ ਕਰਦੇ ਸਿੱਖਾਂ ਉਪਰ ਕੀਤੇ ਗਏ ਆਤਮਘਾਤੀ ਹਮਲੇ ਵਿਚ 25 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਦਕਿ 8 ਹੋਰ ਸਿੱਖ ਜ਼ਖਮੀ ਹੋਏ ਹਨ। ਇਸ ਦਿਲ ਹਿਲਾਊ ਘਟਨਾ ਨੇ ਅਫਗਾਨੀ ਸਿੱਖਾਂ ਨੂੰ ਹੀ ਨਹੀਂ, ਸਗੋਂ ਪੂਰੀ ਦੁਨੀਆਂ ਵਿਚ ਵਸਦੇ ਸਿੱਖਾਂ ਅਤੇ ਇਨਸਾਫਪਸੰਦ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਈ ਦਹਾਕਿਆਂ ਤੋਂ ਡਰ, ਸਹਿਮ ਅਤੇ ਗਹਿਰੀ ਚਿੰਤਾ ਵਿਚ ਜਿਊਂਦੇ ਆ ਰਹੇ ਸਿੱਖਾਂ ਲਈ ਇਹ ਹਮਲਾ ਅਸਹਿ ਜਾਪ ਰਿਹਾ ਹੈ। 1990 ਤੋਂ ਪਹਿਲਾਂ ਅਫਗਾਨਿਸਤਾਨ ਵਿਚ ਵਸਦੇ ਸਿੱਖਾਂ ਦੀ ਗਿਣਤੀ 50 ਹਜ਼ਾਰ ਤੋਂ ਵਧੇਰੇ ਸੀ। ਪਰ ਸਿੱਖ ਘੱਟ ਗਿਣਤੀ ਖਿਲਾਫ ਵਿਤਕਰੇ ਅਤੇ ਵਧੀਕੀਆਂ ਕਾਰਨ ਸਿੱਖਾਂ ਦੀ ਅਫਗਾਨਿਸਤਾਨ ਤੋਂ ਹਿਜਰਤ ਲਗਾਤਾਰ ਵਧਦੀ ਗਈ। 2013 ਵਿਚ ਅਫਗਾਨਿਸਤਾਨ ਵਿਚ ਸਿਰਫ 800 ਪਰਿਵਾਰਾਂ ਦੇ 3 ਹਜ਼ਾਰ ਦੇ ਕਰੀਬ ਸਿੱਖ ਇੱਥੇ ਰਹਿ ਗਏ ਸਨ। ਪਹਿਲਾਂ ਸਿੱਖ ਅਫਗਾਨਿਸਤਾਨ ਦੇ ਲਗਭਗ ਸਾਰੇ ਹੀ ਖੇਤਰਾਂ ਵਿਚ ਵਸੇ ਹੋਏ ਸਨ ਅਤੇ ਵਪਾਰਕ ਕਾਰੋਬਾਰਾਂ ਵਿਚ ਉਨ੍ਹਾਂ ਦਾ ਅਹਿਮ ਸਥਾਨ ਸੀ। ਪਰ ਪਿਛਲੇ ਸਾਲਾਂ ਦੌਰਾਨ ਸਿੱਖਾਂ ਦੀ ਆਬਾਦੀ ਹੁਣ ਸਿਰਫ ਅਫਗਾਨਿਸਤਾਨ ਦੇ 4 ਕੁ ਵੱਡੇ ਸ਼ਹਿਰਾਂ ਕਾਬੁਲ, ਜਲਾਲਾਬਾਦ, ਗਜ਼ਨੀ ਅਤੇ ਕੰਧਾਰ ਤੱਕ ਸੀਮਤ ਹੋ ਕੇ ਰਹਿ ਗਈ ਹੈ।
500 ਸਾਲ ਪਹਿਲਾਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਅਫਗਾਨਿਸਤਾਨ ਗਏ ਸਨ। 18ਵੀਂ ਸਦੀ ਵਿਚ ਅਫਗਾਨਿਸਤਾਨ ਦੇ ਵਪਾਰਕ ਖੇਤਰ ਵਿਚ ਸਿੱਖਾਂ ਦਾ ਬੜਾ ਵੱਡਾ ਯੋਗਦਾਨ ਸੀ। ਵੱਡੀ ਗਿਣਤੀ ਸਿੱਖ ਅਫਗਾਨੀ ਨਾਗਰਿਕ ਹਨ ਅਤੇ ਉਹ ਪਸ਼ਤੋ ਦੇ ਨਾਲ-ਨਾਲ ਹਿੰਦੀ ਤੇ ਪੰਜਾਬੀ ਵੀ ਬੋਲਦੇ ਹਨ। 1980 ਤੋਂ ਪਹਿਲਾਂ ਸਿੱਖਾਂ ਦੀ ਗਿਣਤੀ 2 ਲੱਖ ਤੋਂ ਵੀ ਵਧੇਰੇ ਦੱਸੀ ਜਾਂਦੀ ਸੀ। ਪਰ ਰੂਸੀ ਫੌਜਾਂ ਦੇ ਅਫਗਾਨਿਸਤਾਨ ਵਿਚ ਆ ਡੇਰੇ ਲਾਉਣ ਅਤੇ ਤਾਲਿਬਾਨ ਵੱਲੋਂ ਜਿਹਾਦ ਸ਼ੁਰੂ ਹੋ ਜਾਣ ਬਾਅਦ ਅਫਗਾਨਿਸਤਾਨ ਵਿਚ ਲਗਾਤਾਰ ਜੰਗ ਵਰਗੇ ਹਾਲਾਤ ਰਹਿਣ ਕਾਰਨ ਬਹੁਤ ਸਾਰੇ ਸਿੱਖ ਇੱਥੋਂ ਹਿਜਰਤ ਕਰਕੇ ਇੰਗਲੈਂਡ, ਕੈਨੇਡਾ, ਭਾਰਤ ਅਤੇ ਕੁੱਝ ਯੂਰਪੀਅਨ ਮੁਲਕਾਂ ਵਿਚ ਚਲੇ ਗਏ। ਇਸ ਤੋਂ ਬਾਅਦ ਅਫਗਾਨਿਸਤਾਨ ਵਿਚ ਲਗਾਤਾਰ ਮਾੜੇ ਹਾਲਾਤ ਰਹਿਣ ਕਾਰਨ ਸਿੱਖਾਂ ਦੀ ਹਿਜਰਤ ਇੱਥੋਂ ਲਗਾਤਾਰ ਜਾਰੀ ਰਹੀ। ਹਾਲਾਂਕਿ 1996 ਤੋਂ 2001 ਤੱਕ ਤਾਲਿਬਾਨ ਦੇ ਕਬਜ਼ੇ ਸਮੇਂ ਸਿੱਖ ਵਸੋਂ ਜਬਰ, ਵਿਤਕਰੇ ਤੋਂ ਬਚੀ ਰਹੀ। ਇਸ ਸਮੇਂ ਦੌਰਾਨ ਸਿੱਖਾਂ ਨੂੰ ਅਫਗਾਨੀਆਂ ਨਾਲੋਂ ਵੱਖਰੀਆਂ ਤਰ੍ਹਾਂ ਦੀਆਂ ਪੱਗਾਂ ਬੰਨ੍ਹਣ ਅਤੇ ਬਾਹਾਂ ਉਪਰ ਬੈਜ ਲਗਾ ਕੇ ਚੱਲਣ ਲਈ ਕਿਹਾ ਗਿਆ ਅਤੇ ਗੁਰਦੁਆਰਿਆਂ ਉਪਰ ਵੀ ਨਿਸ਼ਾਨ ਸਾਹਿਬ ਲਗਾਏ ਗਏ, ਤਾਂਕਿ ਗੁਰਦੁਆਰਿਆਂ ਦੀ ਮੁਸਲਿਮ ਧਾਰਮਿਕ ਅਸਥਾਨਾਂ ਨਾਲੋਂ ਅਲਹਿਦਗੀ ਸਪੱਸ਼ਟ ਨਜ਼ਰ ਆਵੇ। ਸਿੱਖ ਦੇ ਅਫਗਾਨੀਆਂ ਵਾਂਗ ਹੀ ਲੰਬੀ ਦਾੜ੍ਹੀ ਰੱਖਣ ਕਾਰਨ ਹੀ ਉਨ੍ਹਾਂ ਨੂੰ ਤਾਲਿਬਾਨ ਵੱਲੋਂ ਮਦਦ ਮਿਲਦੀ ਰਹੀ। ਪਰ 2001 ਤੋਂ ਬਾਅਦ ਅਮਰੀਕੀ ਫੌਜਾਂ ਦੇ ਮੁੜ ਕਾਬਜ਼ ਹੋਣ ਬਾਅਦ ਹਾਲਾਤ ਲਗਾਤਾਰ ਨਿਘਰਦੇ ਗਏ ਅਤੇ ਸਿੱਖਾਂ ਨੂੰ ਇਕ ਤੋਂ ਬਾਅਦ ਦੂਜੀ ਤਰ੍ਹਾਂ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ। ਸਿਰਫ 4 ਵੱਡੇ ਸ਼ਹਿਰਾਂ ਵਿਚ ਹੀ ਸਿੱਖ ਵਸੋਂ ਦਾ ਕੇਂਦਰਿਤ ਹੋ ਜਾਣਾ ਇਸ ਗੱਲ ਦੀ ਗਵਾਹੀ ਭਰਦਾ ਹੈ। ਪਿਛਲੇ 50 ਕੁ ਸਾਲਾਂ ਵਿਚ ਹੀ ਸਿੱਖ ਭਾਈਚਾਰੇ ਦੀ ਵਸੋਂ 2-ਢਾਈ ਲੱਖ ਤੋਂ ਘੱਟ ਕੇ ਅੱਜ 3 ਕੁ ਹਜ਼ਾਰ ਤੱਕ ਸਿਮਟ ਜਾਣੀ ਵੀ ਇਸ ਗੱਲ ਦਾ ਸਬੂਤ ਹੈ ਕਿ ਅਫਗਾਨਿਸਤਾਨ ਵਿਚ ਇਸ ਸਮੇਂ ਸਿੱਖ ਭਾਈਚਾਰਾ ਕਿਸੇ ਵੀ ਤਰ੍ਹਾਂ ਸੁਰੱਖਿਅਤ ਨਹੀਂ। ਹਾਲਾਤ ਇੱਥੋਂ ਤੱਕ ਬਦਤਰ ਹੋ ਗਏ ਹਨ ਕਿ ਅਗਲੇ ਦਿਨ ਜਦ ਮਾਰੇ ਗਏ 25 ਸਿੱਖਾਂ ਦਾ ਸਸਕਾਰ ਕੀਤਾ ਜਾ ਰਿਹਾ ਸੀ, ਤਾਂ ਉਸ ਸਮੇਂ ਵੀ ਵਿਘਨ ਪਾਉਣ ਲਈ ਧਮਾਕਾ ਕੀਤਾ ਗਿਆ ਅਤੇ ਲੋਕਾਂ ਅੰਦਰ ਡਰ ਤੇ ਦਹਿਸ਼ਤ ਪੈਦਾ ਕੀਤੀ ਗਈ।
ਇਸ ਤੋਂ ਪਹਿਲਾਂ ਜੁਲਾਈ 2018 ਵਿਚ ਜਲਾਲਾਬਾਦ ਵਿਖੇ ਅਫਗਾਨ ਰਾਸ਼ਟਰਪਤੀ ਗਨੀ ਨੂੰ ਮਿਲਣ ਜਾ ਰਹੇ ਸਿੱਖਾਂ ਤੇ ਹਿੰਦੂਆਂ ਦੇ ਵਫਦ ਉਪਰ ਵੀ ਇਕ ਵੱਡਾ ਕਾਤਲਾਨਾ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ 19 ਵਿਅਕਤੀ ਮੌਤ ਦੇ ਘਾਟ ਉਤਾਰੇ ਗਏ ਸਨ। ਹੁਣ ਹੋਏ ਗੁਰਦੁਆਰਾ ਸਾਹਿਬ ਵਿਖੇ ਹੋਏ ਇਸ ਵੱਡੇ ਹਮਲੇ ਨੂੰ ਅਫਗਾਨਿਸਤਾਨ ਵਿਚ ਸਿੱਖਾਂ ਦੀ ਹੋਂਦ ਉਪਰ ਹੀ ਸਵਾਲੀਆ ਚਿੰਨ੍ਹ ਹੀ ਲਗਾ ਦਿੱਤਾ ਹੈ। ਹਾਲਾਂਕਿ ਅਜੇ ਵੀ ਕੁੱਝ ਅਫਗਾਨੀ ਸਿੱਖ ਇਹ ਕਹਿੰਦੇ ਸੁਣੇ ਜਾ ਰਹੇ ਹਨ ਕਿ ਉਹ ਅਫਗਾਨੀ ਹਨ ਅਤੇ ਅਫਗਾਨਿਸਤਾਨ ਨਾਲ ਹੀ ਉਨ੍ਹਾਂ ਦਾ ਜਿਊਣ ਮਰਨ ਜੁੜਿਆ ਹੋਇਆ ਹੈ। ਪਰ ਇਸ ਗੱਲ ਦੇ ਬਾਵਜੂਦ ਹਕੀਕਤ ਇਹ ਹੈ ਕਿ ਅਫਗਾਨਿਸਤਾਨ ਵਿਚ ਹੁਣ ਸਿੱਖ ਕਿਸੇ ਵੀ ਤਰ੍ਹਾਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਅਫਗਾਨਿਸਤਾਨ ਵਿਚ ਸਿੱਖਾਂ ਨੂੰ ਸੁਰੱਖਿਅਤ ਕਰਨ ਲਈ ਕੋਈ ਮਜ਼ਬੂਤ ਸਰਕਾਰ ਵੀ ਨਹੀਂ ਹੈ। ਇਸ ਹਮਲੇ ਤੋਂ ਬਾਅਦ ਹੁਣ ਵੀ ਸਿੱਖਾਂ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਅਸਲ ਵਿਚ ਕਰੀਬ ਦੋ-ਢਾਈ ਦਹਾਕੇ ਤੋਂ ਅਫਗਾਨਿਸਤਾਨ ਵਿਚ ਬੈਠੀ ਅਮਰੀਕੀ ਫੌਜ ਵੀ ਹੰਭ ਗਈ ਨਜ਼ਰ ਆ ਰਹੀ ਹੈ। ਤਾਲਿਬਾਨ ਨਾਲ ਲੜਾਈ ਵਿਚ ਅਮਰੀਕੀ ਫੌਜੀਆਂ ਦੀਆਂ ਹੋ ਰਹੀਆਂ ਮੌਤਾਂ ਅਤੇ ਅਮਰੀਕਾ ਦਾ ਇਥੇ ਹੋ ਰਿਹਾ ਵੱਡਾ ਖਰਚਾ ਦੇਸ਼ ਅੰਦਰ ਵੱਡੀ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਸਮੇਂ ਤੋਂ ਲਗਾਤਾਰ ਅਫਗਾਨਿਸਤਾਨ ਵਿਚੋਂ ਫੌਜਾਂ ਕੱਢਣ ਲਈ ਯਤਨਸ਼ੀਲ ਹੈ ਅਤੇ ਪਿਛਲੇ ਦਿਨੀਂ ਤਾਲਿਬਾਨ ਅਤੇ ਅਮਰੀਕੀ ਪ੍ਰਸ਼ਾਸਨ ਵਿਚਕਾਰ ਫੌਜਾਂ ਕੱਢਣ ਦਾ ਸਮਝੌਤਾ ਵੀ ਹੋਇਆ ਹੈ। ਇਸ ਸਮਝੌਤੇ ਬਾਅਦ ਤਾਲਿਬਾਨੀ ਸੰਗਠਨ ਦੇ ਆਗੂਆਂ ਦੀ ਅਫਗਾਨ ਸਰਕਾਰ ਨਾਲ ਵੀ ਵਾਰਤਾ ਸ਼ੁਰੂ ਹੋਣੀ ਹੈ। ਅਮਰੀਕਾ ਨਾਲ ਤਾਲਿਬਾਨ ਦੇ ਹੋਏ ਸਮਝੌਤੇ ਵਿਚ ਹਜ਼ਾਰਾਂ ਤਾਲਿਬਾਨ ਕੈਦੀ ਰਿਹਾਅ ਕੀਤੇ ਜਾਣਾ ਵੀ ਸ਼ਾਮਲ ਹੈ। ਅਫਗਾਨਿਸਤਾਨ ਵਿਚ ਇਸ ਵੇਲੇ ਸਿਰਫ ਤਾਲਿਬਾਨ ਜਿਹਾਦੀ ਹੀ ਨਹੀਂ, ਸਗੋਂ ਇਸਲਾਮਿਕ ਸਟੇਟ ਅਤੇ ਕੁੱਝ ਹੋਰ ਗਰੁੱਪ ਵੀ ਸਰਗਰਮ ਹਨ। ਅਮਰੀਕਾ ਅਤੇ ਤਾਲਿਬਾਨ ਵਿਚਕਾਰ ਸਮਝੌਤੇ ਬਾਅਦ ਹੁਣ ਇਨ੍ਹਾਂ ਗਰੁੱਪਾਂ ਵਿਚ ਇਸ ਗੱਲ ਨੂੰ ਲੈ ਕੇ ਕਸ਼ਮਕਸ਼ ਚੱਲ ਰਹੀ ਹੈ ਕਿ ਅਗਲੇ ਸਮੇਂ ਵਿਚ ਅਫਗਾਨਿਸਤਾਨ ਅੰਦਰ ਕਿਸ ਧਿਰ ਦਾ ਦਖਲ ਵਧੇਰੇ ਹੋਵੇ। ਇਸਲਾਮਿਕ ਸਟੇਟ ਅਤੇ ਹੋਰ ਗਰੁੱਪਾਂ ਨੂੰ ਇਹ ਗੱਲ ਸਪੱਸ਼ਟ ਨਜ਼ਰ ਆ ਰਹੀ ਹੈ ਕਿ ਅਫਗਾਨਿਸਤਾਨ ਵਿਚ ਨਵੇਂ ਉੱਭਰ ਰਹੇ ਰਾਜਸੀ ਢਾਂਚੇ ਵਿਚ ਤਾਲਿਬਾਨ ਦਾ ਹੱਥ ਵਧੇਰੇ ਉੱਪਰ ਹੋਵੇਗਾ। ਇਸੇ ਗੱਲ ਨੂੰ ਲੈ ਕੇ ਉਥੇ ਮਾਰ-ਧਾੜ ਦੀਆਂ ਅਜਿਹੀਆਂ ਕਾਰਵਾਈਆਂ ਵਿਚ ਵਾਧਾ ਹੋ ਰਿਹਾ ਹੈ। ਅਮਰੀਕੀ ਫੌਜਾਂ ਦੇ ਬਾਹਰ ਨਿਕਲਣ ਅਤੇ ਤਾਲਿਬਾਨ ਤੇ ਅਫਗਾਨਿਸਤਾਨ ਵਿਚਕਾਰ ਨਵੀਂ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਘੱਟ ਗਿਣਤੀ ਸਿੱਖ ਭਾਈਚਾਰੇ ਉਪਰ ਹੋਇਆ ਇਹ ਹਮਲਾ ਅਫਗਾਨਿਸਤਾਨ ਵਿਚ ਮਚੀ ਆਪਾਧਾਪੀ ਅਤੇ ਇਕ ਦੂਜੇ ਤੋਂ ਉੱਪਰ ਹੱਥ ਪਾਉਣ ਦੀ ਲੱਗੀ ਦੌੜ ਦਾ ਹੀ ਨਤੀਜਾ ਸਮਝਿਆ ਜਾ ਰਿਹਾ ਹੈ।
ਸਿੱਖਾਂ ਦੇ ਇਸ ਕਤਲੇਆਮ ਨੂੰ ਸਿੱਖ ਸਰਵਉੱਚ ਧਾਰਮਿਕ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਬੜੀ ਗੰਭੀਰਤਾ ਨਾਲ ਲਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਤੋਂ ਰਾਹਤ ਮਿਲਦਿਆਂ ਹੀ ਉਹ ਦੁਨੀਆਂ ਭਰ ਵਿਚ ਵਸੇ ਸਿੱਖਾਂ ਦੇ ਸੰਗਠਨਾਂ ਨਾਲ ਇਸ ਮੁੱਦੇ ਬਾਰੇ ਵਿਚਾਰ ਕਰਨਗੇ ਅਤੇ ਅਫਗਾਨੀ ਸਿੱਖਾਂ ਨੂੰ ਜੇ ਲੋੜ ਪਈ, ਤਾਂ ਕਿਸੇ ਸੁਰੱਖਿਅਤ ਹਿੱਸੇ ਵਿਚ ਵਸਾਉਣ ਲਈ ਯੂ.ਐੱਨ.ਓ. ਤੱਕ ਵੀ ਪਹੁੰਚ ਕਰਨਗੇ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪੇਸ਼ਕਸ਼ ਕੀਤੀ ਹੈ ਕਿ ਜੇਕਰ ਅਫਗਾਨੀ ਸਿੱਖ ਭਾਰਤ ਵਿਚ ਆ ਕੇ ਵਸਣਾ ਚਾਹੁੰਦੇ ਹੋਣ, ਤਾਂ ਕਮੇਟੀ ਉਨ੍ਹਾਂ ਨੂੰ ਰਿਹਾਇਸ਼, ਵਸੇਬੇ ਅਤੇ ਰੁਜ਼ਗਾਰ ਦੇ ਯੋਗ ਪ੍ਰਬੰਧ ਕਰਕੇ ਦੇਣ ਲਈ ਵੀ ਤਿਆਰ ਹੈ। ਪਰ ਅਫਗਾਨੀ ਸਿੱਖ ਪ੍ਰਤੀਨਿੱਧ ਵਧੇਰੇ ਕਰਕੇ ਇੰਗਲੈਂਡ ਜਾਂ ਕੈਨੇਡਾ ਵੱਲ ਹਿਜਰਤ ਕਰਨ ਨੂੰ ਹੀ ਤਰਜੀਹ ਦੇ ਰਹੇ ਹਨ। ਉਹ ਆਪਣਾ ਚੰਗੇਰਾ ਭਵਿੱਖ ਭਾਰਤ ਦੀ ਬਜਾਏ ਇੰਗਲੈਂਡ ਅਤੇ ਕੈਨੇਡਾ ਵਿਚ ਦੇਖ ਰਹੇ ਹਨ। ਵਰਣਨਯੋਗ ਹੈ ਕਿ 1990 ਤੋਂ ਬਾਅਦ ਉਜਾੜੇ ਦੇ ਰਾਹ ਪਏ ਵੱਡੀ ਗਿਣਤੀ ਅਫਗਾਨੀ ਸਿੱਖ ਇੰਗਲੈਂਡ ਜਾ ਵਸੇ ਹਨ।
ਇਸ ਵੇਲੇ ਸੰਕਟ ਮੂੰਹ ਆਏ ਅਫਗਾਨੀ ਸਿੱਖਾਂ ਦੀ ਮਦਦ ਲਈ ਕੌਮਾਂਤਰੀ ਭਾਈਚਾਰੇ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਖਾਸਕਰ ਸੰਯੁਕਤ ਰਾਸ਼ਟਰ ਨੂੰ ਅਫਗਾਨਿਸਤਾਨ ਵਿਚ ਸਿੱਖਾਂ ਦੀ ਨਸਲਕੁਸ਼ੀ ਖਿਲਾਫ ਸਖਤ ਕਦਮ ਚੁੱਕਣੇ ਚਾਹੀਦੇ ਹਨ। ਸਮੁੱਚੇ ਸਿੱਖ ਭਾਈਚਾਰੇ ਨੂੰ ਵੀ ਇਸ ਸੰਕਟ ਦੀ ਘੜੀ ਅਫਗਾਨੀ ਸਿੱਖਾਂ ਦੀ ਹਰ ਸੰਭਵ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਸਾਡੀ ਅਪੀਲ ਹੈ ਕਿ ਉਹ ਸੰਸਾਰ ਦੀਆਂ ਸਮੂਹ ਜਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕਰਕੇ ਇਸ ਮਾਮਲੇ ਨੂੰ ਉੱਚੇਚੇ ਤੌਰ ‘ਤੇ ਸੰਯੁਕਤ ਰਾਸ਼ਟਰ ਅੱਗੇ ਉਠਾਉਣ।