ਸੰਜੇ ਸਿੰਘ, ਆਸ਼ੂਤੋਸ਼ ਅਤੇ ਹਿੰਮਤ ਸਿੰਘ ਸ਼ੇਰ ਗਿੱਲ ਫਰਿਜ਼ਨੋ ਅਤੇ ਫੇਅਰਫੀਲਡ ਵਿਖੇ ਲੋਕਾਂ ਦੇ ਰੂਬਰੂ ਹੋਏ

ਫਰਿਜ਼ਨੋ, 18 ਨਵੰਬਰ (ਕੁਲਵੰਤ ਧਾਲੀਆਂ/ਪੰਜਾਬ ਮੇਲ) – ਆਮ ਆਦਮੀ ਪਾਰਟੀ ਦੇ ਕੌਮੀ ਲੀਡਰ ਅਤੇ ਪੰਜਾਬ ਮਸਲਿਆਂ ਦੇ ਇੰਚਾਰਜ ਸੰਜੇ ਸਿੰਘ, ਕੌਮੀ ਬੁਲਾਰੇ ਆਸ਼ੂਤੋਸ਼ ਅਤੇ ਵਕੀਲ ਹਿੰਮਤ ਸਿੰਘ ਸ਼ੇਰਗਿੱਲ ਬੀਤੇ ਸ਼ਨੀਵਾਰ ਫਰਿਜ਼ਨੋ ਵਿਖੇ ਆਮ ਲੋਕਾਂ ਨੂੰ ਸੰਬੋਧਨ ਕਰਨ ਲਈ ਸਥਾਨਕ ਐਡੀਸਨ ਸ਼ੋਸ਼ਲ ਕਲੱਬ ਵਿਖੇ ਪਹੁੰਚੇ, ਜਿਥੇ ਆਪ ਸਪੋਰਟਰਾਂ ਦੇ ਖਚਾਖਚ ਭਰੇ ਹਾਲ ‘ਚ ਭਾਰੀ ਗਿਣਤੀ ‘ਚ ਪੰਜਾਬੀਆਂ ਨੇ ਪਹੁੰਚਕੇ ਆਪਣੇ ਮਹਿਬੂਬ ਨੇਤਾਵਾਂ ਦੇ ਵਿਚਾਰ ਸੁਣੇ। ਇਸ ਸਮਾਗਮ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸਭ ਨੂੰ ਨਿੱਘੀ ਜੀ ਆਇਆਂ ਆਖਕੇ ਕੀਤੀ। ਸਭ ਤੋਂ ਪਹਿਲਾਂ ਪ੍ਰੈੱਸ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਲੋਕਾਂ ਨੂੰ ਯਾਦ ਕਰਦਿਆਂ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜ਼ਲੀ ਦਿੱਤੀ ਗਈ। ਉਪਰੰਤ ਪੰਜਾਬ ਵਿਚ ਵਾਪਰੇ ਤਾਜ਼ਾ ਦੁਖਦਾਇਕ ਘਟਨਾਵਾਂ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਝਾੜਾ ਪਾਈਆਂ ਅਤੇ ਪੰਜਾਬ ਦੇ ਲੋਕਾਂ ਨੂੰ ਜਾਗੂਰਕ ਕਰਨ ਲਈ ਪਾਏ ਪ੍ਰਦੇਸ਼ੀ ਪੰਜਾਬੀਆਂ ਦੇ ਯੋਗਦਾਨ ਦੀ ਭਰਪੂਰ ਸਰਾਹੁਣਾ ਕੀਤੀ। ਮੁੱਖ ਬੁਲਾਰਿਆਂ ਵਿਚ ਵਕੀਲ ਹਿੰਮਤ ਸਿੰਘ ਸ਼ੇਰਗਿੱਲ, ਆਸ਼ੂਤੋਸ਼ ਅਤੇ ਸੰਜੇ ਸਿੰਘ ਨੇ ਪੰਜਾਬ ਦੀ ਆਰਥਿਕ, ਸਿਆਸੀ ਅਤੇ ਅਮਨ-ਕਾਨੂੰਨ ਦੀ ਸਥਿਤੀ ਬਾਰੇ ਆਏ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਭਾਰਤੀ ਸਿਆਸਤ ਵਿਚ ਵਧਦੇ ਪਰਿਵਾਰਵਾਦ ਦੇ ਰੁਝਾਨ ਪ੍ਰਤੀ ਵੀ ਲੋਕਾਂ ਨੂੰ ਸੁਚੇਤ ਕੀਤਾ। ਪੰਜਾਬ ਅੰਦਰ ਪਿਛਲੇ ਦਸਾਂ ਸਾਲਾਂ ‘ਚ ਅਕਾਲੀ ਸਰਕਾਰ ਨੇ ਕਿਵੇਂ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਬਾਰੇ ਵੀ ਬੁਲਾਰਿਆਂ ਨੇ ਖੂਬ ਭੜਾਸ ਕੱਢੀ। ਇਸ ਮੌਕੇ ਹੋਰ ਬੋਲਣ ਵਾਲੇ ਬੁਲਾਰਿਆਂ ‘ਚ ਜੱਗਾ ਸਧਾਰ, ਗੁਰਨੇਕ ਸਿੰਘ ਬਾਗੜੀ, ਮੇਜਰ ਕੁਲਾਰ, ਗੁਰਬਖਸ਼ੀਸ਼ ਸਿੰਘ ਗਰੇਵਾਲ, ਬਬਲਾ ਮਲੂਕਾ, ਅਤੇ ਅੰਮ੍ਰਿਤਪਾਲ ਢਿੱਲੋਂ ਨੇ ਆਪਣੇ ਵਿਚਾਰ ਰੱਖੇ। ਲੋਕਲ ਬੁਲਾਰਿਆਂ ਨੇ ਰੁੱਸੇ ਆਪ ਲੀਡਰਾਂ ਨੂੰ ਮਨਾਉਣ ਲਈ ਹਾਈਕਮਾਂਡ ਨੂੰ ਵਾਸਤੇ ਪਾਏ। ਉਨ੍ਹਾਂ ਪੰਜਾਬ ਦੇ ਬੇਦਾਗ ਲੀਡਰਾਂ ਨੂੰ ਆਪ ਵਿਚ ਸ਼ਾਮਲ ਕਰਨ ਦੀ ਗੁਹਾਰ ਵੀ ਲਾਈ ਅਤੇ ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀ ਹਰ ਉਸ ਲੀਡਰ ਦੀ ਸਪੋਰਟ ਕਰਦੇ ਹਨ, ਜਿਹੜਾ ਉਜੜਦੇ ਪੰਜਾਬ ਨੂੰ ਬਚਾਉਣ ਲਈ ਨਿਡਰ ਸੋਚ ਅਤੇ ਸਾਫ-ਸੁਥਰੇ ਅਕਸ ਦਾ ਧਾਰਨੀ ਹੋਵੇ। ਬੁਲਾਰਿਆਂ ਨੇ ਕੇਜਰੀਵਾਲ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਚੁਰਾਸੀ ਦੇ ਕਤਲੇਆਮ ਸਬੰਧੀ ਪੀੜਤ ਸਿੱਖ ਪਰਿਵਾਰਾਂ ਦੇ ਹਿਰਦਿਆਂ ‘ਤੇ ਮੱਲ੍ਹਮ ਲਾਉਣ ਲਈ ਵੀ ਕੇਜਰੀਵਾਲ ਸਰਕਾਰ ਨੂੰ ਸ਼ਾਬਾਸ਼ ਦਿੱਤੀ। ਇਸ ਤਿੰਨ ਘੰਟੇ ਚੱਲੇ ਸਮਾਗਮ ਦੌਰਾਂਨ ਲੋਕਾਂ ਨੇ ਸਾਹ ਰੋਕ ਕੇ ਲੀਡਰਾਂ ਦੇ ਵਿਚਾਰ ਸੁਣੇ ਅਤੇ ਤਾੜੀਆਂ ਦੀ ਗੂੰਜ ਵਿਚ ਉਨ੍ਹਾਂ ਆਪ ਪਾਰਟੀ ਦੇ ਏਜੰਡੇ ਨੂੰ ਪ੍ਰਵਾਨਗੀ ਦਿੱਤੀ। ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਅਮੋਲਕ ਸਿੱਧੂ, ਜਗੀਰ ਸਿੰਘ ਗਿੱਲ, ਪਾਲ ਮਾਹਲ, ਗੁਰਦੇਵ ਨਿੱਝਰ, ਹਾਕਮ ਸਿੰਘ ਢਿੱਲੋਂ, ਜੱਸੀ ਸਟੋਨ ਟਰੱਕਿੰਗ, ਨਾਜਰ ਸਿੰਘ ਸਹੋਤਾ, ਗੁਰਨੇਕ ਸਿੰਘ ਬਾਗੜੀ, ਮਨਵੀਰ ਭੁੱਲਰ, ਸਤਵੰਤ ਵਿਰਕ, ਸਮੂਹ ਪੀ.ਸੀ.ਏ. ਮੈਂਬਰ ਅਤੇ ਸਮੂਹ ਕੈਲੀਫੋਰਨੀਆਂ ਦੀ ਆਪ ਟੀਮ ਸਿਰ ਜਾਂਦਾ ਹੈ। ਸਟੇਜ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਬਾਖੂਬੀ ਕੀਤਾ। ਪ੍ਰੋਗਰਾਮ ਦੌਰਾਨ ਚਾਹ-ਪਕੌੜਿਆਂ ਦਾ ਲੰਗਰ ਅਤੁੱਟ ਵਰਤਿਆ। ਇਸ ਤੋਂ ਬਿਨਾਂ ਐਤਵਾਰ ਨੂੰ ਇਨ੍ਹਾਂ ਲੀਡਰਾਂ ਨੇ ਪੰਜਾਬੀਆਂ ਦੇ ਭਰਵੇਂ ਇਕੱਠ ਨੂੰ ਫੇਅਰਫੀਲਡ ਗੁਰੂਘਰ ਵਿਖੇ ਵੀ ਸੰਬੋਧਨ ਕੀਤਾ। ਜਿਥੇ ਹੋਰਨਾਂ ਤੋਂ ਇਲਾਵਾ ਬਲਵੰਤ ਸਿੰਘ ਮੱਲ੍ਹਾ, ਯੋਧਵੀਰ ਸਿੰਘ, ਡਾ. ਇਕਵਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ ਧੁੱਗਾ, ਪਰਵਾਜ਼ ਆਦਿ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਦਾ ਸਿਹਰਾ ਸਮੂਹ ਬੇ-ਏਰੀਆ ਟੀਮ ਸਿਰ ਜਾਂਦਾ ਹੈ। ਕੁੱਲ ਮਿਲਾ ਕੇ ਦੋਵੇਂ ਸਮਾਗਮ ਸੈਂਕੜੇ ਲੋਕਾਂ ਦੀ ਹਾਜ਼ਰੀ ‘ਚ ਬੇਹੱਦ ਸਫਲ ਰਹੇ। ਬੁਲਾਰਿਆਂ ਵਿਚ ਅਮਰਜੀਤ ਸਿੰਘ ਅਤੇ ਸਟੇਜ ਸੰਚਾਲਨ ਅਵਤਾਰ ਸਿੰਘ ਗਿੱਲ ਨੇ ਬਾਖੂਬੀ ਕੀਤਾ।
There are no comments at the moment, do you want to add one?
Write a comment