ਸੜਕ ਹਾਦਸੇ ’ਚ ਭਲਵਾਨ ਸੁਖਚੈਨ ਸਿੰਘ ਦੀ ਮੌਤ

ਪਟਿਆਲਾ, 11 ਜਨਵਰੀ (ਪੰਜਾਬ ਮੇਲ)- ਦਰੋਣਾਚਾਰੀਆ ਐਵਾਰਡੀ ਸੁਖਚੈਨ ਸਿੰਘ ਚੀਮਾ (67) ਦੀ ਪਟਿਆਲਾ ਨਜ਼ਦੀਕ ਦੱਖਣੀ ਬਾਈਪਾਸ ‘ਤੇ ਸਥਿਤ ਮੈਣ ਚੌਕ ‘ਚ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਕੱਲ੍ਹ ਦੇਰ ਸ਼ਾਮ ਵਾਪਰਿਆ ਸੀ, ਜਦੋਂ ਉਨ੍ਹਾਂ ਦੀ ਕਾਰ ਭਾਨਰੀ ਵੱਲ ਨੂੰ ਜਾਂਦਿਆਂ ਚੌਕ ਪਾਰ ਕਰਨ ਸਮੇਂ ਇਕ ਹੋਰ ਕਾਰ ਨਾਲ ਟਕਰਾ ਕੇ ਡੂੰਘੇ ਨਾਲੇ ਵਿੱਚ ਜਾ ਡਿੱਗੀ ਸੀ। ਸਿਰ ਵਿੱਚ ਸੱਟ ਵੱਜਣ ਕਾਰਨ ਚੀਮਾ ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਦੂਜੀ ਕਾਰ ‘ਚ ਸਵਾਰ ਚਾਰ ਜਣੇ ਵੀ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਮਿ੍ਤਕ ਦੇ ਲੜਕੇ ਤੇਜਪਾਲ ਸਿੰਘ ਚੀਮਾ ਦੇ ਬਿਆਨਾਂ ’ਤੇ ਪੁਲੀਸ ਨੇ ਧਾਰਾ 174 ਤਹਿਤ ਕੇਸ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ। ਚੀਮਾ ਦਾ ਅੰੰਤਿਮ ਸੰਸਕਾਰ 12 ਜਨਵਰੀ ਨੂੰ ਕੀਤਾ ਜਾਵੇਗਾ| 21 ਜੂਨ 1950 ਨੂੰ ਜਨਮੇ ਸੁਖਚੈਨ ਸਿੰਘ ਚੀਮਾ ਨੇ ਕੁਸ਼ਤੀ ਦੇ ਖੇਤਰ ਵਿਚ ਕਈ ਐਵਾਰਡਾਂ ਤੇ ਸਨਮਾਨਾਂ ਸਮੇਤ 1974 ‘ਚ ਤਹਿਰਾਨ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਕੋਚ ਵਜੋਂ ਵਧੀਆ ਯੋਗਦਾਨ ਬਦਲੇ 2004 ਵਿਚ ਉਨ੍ਹਾਂ ਨੂੰ ‘ਦਰੋਣਾਚਾਰੀਆ ਐਵਾਰਡ’ ਦਿੱਤਾ ਗਿਆ ਸੀ। ਉਹ ਇਥੇ ‘ਰੁਸਤਮ ਏ ਹਿੰਦ ਕੇਸਰ ਸਿੰਘ ਚੀਮਾ’ ਦੇ ਨਾਮ ਹੇਠ ਅਖਾੜਾ ਚਲਾ ਰਹੇ ਸਨ| ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਸਾਧੂ ਸਿੰਘ ਧਰਮਸੋਤ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਆਈਜੀ ਅਮਰਦੀਪ ਸਿੰਘ ਰਾਏ ਆਦਿ ਨੇ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਹੈ।
ਚੰਡੀਗੜ੍ਹ: ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਦੀ ਮੌਤ ਨੂੰ ਦੇਸ਼ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ ਹੈ।