ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਤਿੱਖਾ ਵਿਰੋਧ

ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਮੇਲ)- ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦਾ ਫ਼ੈਸਲਾ ਪੰਜ ਸਿੰਘ ਸਾਹਿਬਾਨ ਵੱਲੋਂ ਰੱਦ ਕਰ ਦੇਣ ਦੇ ਬਾਵਜੂਦ ਸਿੱਖਾਂ ਦੇ ਮਨਾਂ ‘ਚ ਉਨ੍ਹਾਂ ਲਈ ਫਿਲਹਾਲ ਰੋਸ ਘੱਟਦਾ ਨਜ਼ਰ ਨਹੀਂ ਆ ਰਿਹਾ, ਜਿਸ ਤਹਿਤ ਤਿੰਨ ਹਫ਼ਤਿਆਂ ਬਾਅਦ ਜਨਤਕ ਸਮਾਗਮ ‘ਚ ਸ਼ਮੂਲੀਅਤ ਲਈ ਨਿਕਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦਾ ਰਾਗੀ ਸਿੰਘਾਂ ਦੀ ਅਗਵਾਈ ‘ਚ ਹੋਰ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ‘ਚ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਦੇ ਸਬੰਧ ‘ਚ ਪਸ਼ਚਾਤਾਪ ਸਮਾਗਮ ਰੱਖੇ ਗਏ ਸਨ, ਜਿਨ੍ਹਾਂ ਲਈ ਭਾਵੇਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੱਦਾ ਨਹੀਂ ਭੇਜਿਆ ਗਿਆ ਸੀ ਪਰ ਉਨ੍ਹਾਂ ਵੱਲੋਂ ਆਪਣੀ ਹਾਜ਼ਰੀ ਭਰਨ ਲਈ ਜਦੋਂ ਸਮਾਗਮ ‘ਚ ਆਮਦ ਕੀਤੀ, ਤਾਂ ਉਥੇ ਬੈਠੇ ਵੱਖ-ਵੱਖ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਕਰਮਚਾਰੀਆਂ ‘ਚ ਹਿੱਲਜੁੱਲ ਹੋਣੀ ਸ਼ੁਰੂ ਹੋ ਗਈ। ਸਿੰਘ ਸਾਹਿਬ ਨੂੰ ਵੇਖ ਕੇ ਅਰਦਾਸ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਦੀ ਸ਼੍ਰੋਮਣੀ ਰਾਗੀ ਸਭਾ ਨੇ ਸਮਾਗਮ ‘ਚੋਂ ਬਾਹਰ ਆ ਕੇ ਉਨ੍ਹਾਂ ਵਿਰੁੱਧ ਤਿੱਖੀ ਨਾਅਰੇਬਾਜੀ ਸ਼ੁਰੂ ਕਰ ਦਿੱਤੀ, ਜਿਸ ਵਿਚ ਹੋਰ ਸ਼੍ਰੋਮਣੀ ਕਮੇਟੀ ਮੁਲਾਜ਼ਮ, ਪ੍ਰਚਾਰਕ, ਢਾਡੀ, ਕਵੀਸ਼ਰ ਵੀ ਸ਼ਾਮਲ ਹੋ ਗਏ। ਨਾਅਰੇਬਾਜ਼ੀ ਦੌਰਾਨ ਰਾਗੀ ਸਿੰਘਾਂ ਨੇ ਜਥੇਦਾਰ ਸਾਹਿਬਾਨ ਨੂੰ ਤੁਰੰਤ ਅਸਤੀਫੇ ਦੇ ਕੇ ਖੁਦ ਨੂੰ ਪੰਥ ਦੇ ਗੁਨਾਹਗਾਰ ਘੋਸ਼ਿਤ ਕਰਨ ਲਈ ਕਿਹਾ। ਇਸ ਦੌਰਾਨ ਸਿੰਘ ਸਾਹਿਬ ਆਪਣੇ ਸੁਰੱਖਿਆ ਅਮਲੇ ਨਾਲ ਵਾਪਸ ਸਕੱਤਰੇਤ ਨੂੰ ਪਰਤ ਗਏ। ਇਸ ਦੌਰਾਨ ਵਰਤੀ ਗਈ ਤਿੱਖੀ ਸ਼ਬਦਾਵਲੀ ‘ਤੇ ਰੋਕ ਲਈ ਕੁੱਝ ਮੈਂਬਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਿੰਘ ਸਾਹਿਬ ਦੇ ਰਸਮੀਂ ਵਿਰੋਧ ਸਬੰਧੀ ਸਮੂਹ ਮੈਂਬਰ ਇਕਜੁੱਟ ਨਜ਼ਰ ਆਏ। ਸ਼੍ਰੋਮਣੀ ਰਾਗੀ ਸਭਾ ਦੇ ਪ੍ਰਧਾਨ ਭਾਈ ਰਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਸਿੱਖਾਂ ਦੀਆਂ ਭਾਵਨਾਵਾਂ ਬੇਹੱਦ ਦੁਖਦ ਸਥਿਤੀ ‘ਚ ਹਨ, ਸੋ ਉਨ੍ਹਾਂ ਦੇ ਸਨਮੁੱਖ ਸਿੰਘ ਸਾਹਿਬ ਨੂੰ ਅਜਿਹੇ ਸਮਾਗਮਾਂ ‘ਚ ਸ਼ਾਮਲ ਨਹੀਂ ਹੋਣਾ ਚਾਹੀਦਾ।
ਹਜ਼ੂਰੀ ਰਾਗੀ ਭਾਈ ਹਰਚਰਨ ਸਿੰਘ ਖ਼ਾਲਸਾ ਤੇ ਭਾਈ ਕਾਰਜ ਸਿੰਘ ਨੇ ਕਿਹਾ ਕਿ ਕੌਮ ਨੂੰ ਲਾਚਾਰ ਬਨਾਉਣ ਲਈ ਜਥੇਦਾਰ ਜ਼ਿੰਮੇਵਾਰ ਹਨ, ਜਿਸ ਕਾਰਨ ਉਨ੍ਹਾਂ ਦਾ ਵਿਰੋਧ ਸੁਭਾਵਿਕ ਹੈ। ਇਸ ਮੌਕੇ ਹਾਜ਼ਰ ਹੋਰਨਾਂ ਰਾਗੀ ਸਿੰਘਾਂ ‘ਚ ਭਾਈ ਜਸਪਿੰਦਰ ਸਿੰਘ, ਭਾਈ ਸ਼ੌਕੀਨ ਸਿੰਘ, ਭਾਈ ਸਤਨਾਮ ਸਿੰਘ ਬੈਂਕਾ, ਭਾਈ ਜੁਝਾਰ ਸਿੰਘ, ਭਾਈ ਹਰਪਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਲੋਪੋਕੇ, ਭਾਈ ਦਲਬੀਰ ਸਿੰਘ, ਭਾਈ ਜਸਵੰਤ ਸਿੰਘ, ਭਾਈ ਕ੍ਰਿਪਾਲ ਸਿੰਘ, ਭਾਈ ਹਰਨਾਮ ਸਿੰਘ ਸ੍ਰੀ ਨਗਰ, ਭਾਈ ਸਤਨਾਮ ਸਿੰਘ ਕੋਹਾੜਕਾ, ਭਾਈ ਉਂਕਾਰ ਸਿੰਘ, ਭਾਈ ਜੋਰਾ ਸਿੰਘ, ਭਾਈ ਸੁਲੱਖਣ ਸਿੰਘ, ਭਾਈ ਸਿਮਰਨਜੀਤ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।
There are no comments at the moment, do you want to add one?
Write a comment