‘ਸ੍ਰੀ ਨਨਕਾਣਾ ਸਾਹਿਬ ’ਚ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਬਣੇਗੀ ਯੂਨੀਵਰਸਿਟੀ’

617
Share

-ਅਰਬਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਹ ਯੂਨੀਵਰਸਿਟੀ ਅਗਲੇ ਸਾਲ ਤੱਕ ਹੋ ਜਾਵੇਗੀ ਤਿਆਰ
ਡੇਰਾ ਬਾਬਾ ਨਾਨਕ, 20 ਨਵੰਬਰ (ਪੰਜਾਬ ਮੇਲ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ ਸ੍ਰੀ ਨਨਕਾਣਾ ਸਾਹਿਬ ’ਚ ਬਹੁਤ ਸ਼ਰਧਾ ਤੇ ਜਾਹੋ-ਜਲਾਲ ਨਾਲ ਮਨਾਇਆ ਗਿਆ। ਇਸ ਦੌਰਾਨ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਸਮਾਗਮ ’ਚ ਪਾਕਿਸਤਾਨ ਦੇ ਕੇਂਦਰੀ ਡਰੱਗ ਕੰਟਰੋਲ ਮੰਤਰੀ ਏਜਾਜ਼ ਸ਼ਾਹ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ। ਇਸ ਦੌਰਾਨ ਸੰਬੋਧਨ ਕਰਦਿਆਂ ਏਜਾਜ਼ ਸ਼ਾਹ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਇਕ ਯੂਨੀਵਰਸਿਟੀ ਬਣਾਈ ਜਾ ਰਹੀ ਹੈ, ਜੋ ਅਗਲੇ ਸਾਲ ਤੱਕ ਬਣ ਕੇ ਤਿਆਰ ਹੋ ਜਾਵੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਤਕਰੀਬਨ 7 ਅਰਬ ਦੀ ਲਾਗਤ ਨਾਲ ਬਣੇਗੀ।
ਇਹ ਯੂਨੀਵਰਸਿਟੀ ਮਿਸਰ ਦੀ ਅਲ ਹਜ਼ਰ ਯੂਨੀਵਰਸਿਟੀ ਵਾਂਗ ਹੋਵੇਗੀ। ਇਸ ਵਿਚ ਪੰਜਾਬੀ ਤੇ ਗੁਰਮੁਖੀ ਪੜ੍ਹਾਈ ਜਾਵੇਗੀ, ਜੇ ਕਿਸੇ ਸਿੱਖ ਭਰਾ ਨੂੰ ਭਾਸ਼ਾ ਸਬੰਧੀ ਕੋਈ ਮੁਸ਼ਕਿਲ ਆਉਂਦੀ ਹੈ, ਤਾਂ ਉਹ ਇਥੇ ਆ ਕੇ ਆਪਣੀ ਮੁਸ਼ਕਿਲ ਹੱਲ ਕਰ ਸਕੇਗਾ। ਇਸ ਦੌਰਾਨ ਉਨ੍ਹਾਂ ਭਾਰਤ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਦਾ ਵੀ ਜ਼ਿਕਰ ਕੀਤਾ ਤੇ ਭਾਰਤ ਤੋਂ ਪਹੁੰਚੀਆਂ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨ ਇਕ ਸਾਲ ਤੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਧਰਨੇ ’ਤੇ ਬੈਠੇ ਹੋਏ ਸਨ। ਉਨ੍ਹਾਂ ਕਿਹਾ ਕਿ ਜੇ ਤੁਹਾਡੇ ਇਰਾਦੇ ਪੱਕੇ ਹਨ, ਤਾਂ ਤੁਸੀਂ ਪਹਾੜ ਵੀ ਢਾਹ ਸਕਦੇ ਹੋ।

Share