ਸੈਲਮਾ ਵਿਖੇ ਭਾਰਤੀ ਕਿਸਾਨਾਂ ਨਾਲ ਇਕਮੁੱਠਤਾ ਦਰਸਾਉਂਦੀ ਇਕੱਤਰਤਾ  

83
Share

ਸੈਲਮਾ, 21 ਅਕਤੂਬਰ (ਪੰਜਾਬ ਮੇਲ)- ਭਾਰਤ ਸਰਕਾਰ ਵਲੋਂ ਖੇਤੀ ਸਬੰਧੀ ਪਾਸ ਕੀਤੇ ਤਾਜ਼ਾ ਬਿਲ ਭਾਰਤ ਅਤੇ ਪੂਰੀ ਦੁਨੀਆਂ ਵਿਚ ਤਿੱਖੀ ਬਹਿਸ ਦੇ ਮੁੱਦਾ ਬਣੇ ਹੋਏ ਹਨ। ਭਾਰਤ ਦੇ ਕਿਸਾਨ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਵਿਚ ਇਨ੍ਹਾਂ ਬਿਲਾਂ ਦੇ ਖਿਲਾਫ ਇਕ ਭੱਖਵੀਂ ਜੱਦੋ-ਜਹਿਦ ਕਰ ਰਹੇ ਹਨ। ਇਨ੍ਹਾਂ ਬਿਲਾਂ ਅਤੇ ਕਿਸਾਨਾਂ ਦੇ ਸੰਘਰਸ਼ਾਂ ਨੇ ਵਿਦੇਸ਼ਾਂ ਵਿਚ ਵਸਦੇ ਭਾਰਤੀ ਭਾਈਚਾਰੇ ਵਿਚ ਵੀ ਕਿਸਾਨਾਂ ਅਤੇ ਸਮੁੱਚੀ ਖੇਤੀਬਾੜੀ ਦੇ ਭਵਿੱਖ ਬਾਰੇ ਚਿੰਤਾ ਜਗਾ ਦਿੱਤੀ ਹੈ। ਜਿਸ ਦਾ ਪ੍ਰਗਟਾਵਾ ਵੱਖ-ਵੱਖ ਦੇਸ਼ਾਂ ਅਤੇ ਸ਼ਹਿਰਾਂ ਵਿਚ ਹੋ ਰਹੇ ਰੋਸ ਮੁਜ਼ਾਹਰਿਆ ਤੋਂ ਜ਼ਾਹਿਰ ਹੈ। ਇਹੋ ਜਿਹਾ ਇਕ ਰੋਸ ਇਕੱਠ ਕੈਲੀਫੋਰਨੀਆ ਦੇ ਸ਼ਹਿਰ ਸੈਲਮਾ ਵਿਚ ਹੋਇਆ, ਜਿਸ ਵਿਚ ਇਲਾਕੇ ਭਰ ‘ਚੋਂ ਲੋਕੀ ਸ਼ਾਮਲ ਹੋਏ।
ਸੈਲਮਾ ਗੁਰਦੁਆਰਾ ਸਾਹਿਬ ਦੇ ਖੁੱਲੇ ਹਵਾਦਾਰ ਸ਼ੈਡ ਥੱਲੇ ਕੋਵਿਡ-19 ਦੇ ਚੱਲਦਿਆਂ ਸਾਰੀਆਂ ਸਾਵਧਾਨੀਆਂ ਵਰਤਦਿਆਂ, ਸੈਂਕੜੇ ਪੁਰਸ਼ਾਂ ਅਤੇ ਇਸਤਰੀਆਂ ਨੇ ਹਿਸਾ ਲਿਆ। ਪ੍ਰੋਗਰਾਮ ਦੇ ਸ਼ੁਰੂ ‘ਚ ਸੈਲਮਾ ਗੁਰੂਘਰ ਦੀ ਕਮੇਟੀ ਵਲੋਂ ਨਰਿੰਦਰ ਸਿੰਘ ਗਿੱਲ ਨੇ ਸਭ ਨੂੰ ਜੀ ਆਇਆਂ ਕਿਹਾ। ਇਕ ਹੋਰ ਕਿਸਾਨ ਭਜਨ ਸਿੰਘ ਸਹੋਤਾ ਨੇ ਜਿਥੇ ਭਾਰਤ ਦੇ ਕਿਸਾਨਾਂ ਨਾਲ ਇਕਮੁੱਠਤਾ ਜਤਾਈ ਅਤੇ ਲੋਕਲ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਵੀ ਧਿਆਨ ਦਿਵਾਇਆ। ਐੱਨ.ਆਰ.ਆਈ. ਸਭਾ ਦੇ ਤਾਜ਼ਾ ਚੁਣੇ ਹੋਏ ਪ੍ਰਧਾਨ ਕਿਰਪਾਲ ਸਿੰਘ ਸਹੋਤਾ (ਪਾਲ ਸਹੋਤਾ) ਨੇ ਭਾਰਤ ਵਿਚ ਕਿਸਾਨਾਂ ਨਾਲ ਹੋ ਰਹੇ ਧੱਕੇ ਪ੍ਰਤੀ ਸਾਵਧਾਨ ਕੀਤਾ। ਸ. ਸੁਖਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨੀ ਦੇ ਮਸਲੇ ਲਗਾਤਾਰ ਨਜ਼ਰਅੰਦਾਜ਼ ਕੀਤੇ ਜਾਦੇ ਰਹੇ ਹਨ। ਸ. ਗੁਰਦੀਪ ਸਿੰਘ ਅਣਖੀ ਨੇ ਕਿਸਾਨਾਂ ਮਸਲਿਆ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਪਹਿਰੇਦਾਰੀ ਲਗਾਤਾਰ ਕਰਨੀ ਹੋਵੇਗੀ, ਕਿਉਂਕ ਸਮਾਜ ਦੇ ਜਿਹੜੇ ਹਿੱਸੇ ਜਾਗਦੇ ਨਹੀਂ, ਉਹ ਹਮੇਸ਼ਾ ਦਬਾਏ ਜਾਂਦੇ ਹਨ। ਸ. ਕੁੰਦਨ ਸਿੰਘ ਨੇ ਕਿਸਾਨਾਂ ਨੇ ਅੰਦੋਲਨ ਨੂੰ ਸਮਰਪਿਤ ਇਕ ਕਵਿਤਾ ਗਾ ਕੇ ਸੁਣਾਈ। ਖੇਤੀ ਮਾਹਰ ਅਤੇ ਫਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਗੁਰਰੀਤ ਬਰਾੜ ਨੇ ਖੇਤੀ ਸਬੰਧੀ ਨਵੀਂ ਸੋਚ ਅਪਨਾਉਣ ਅਤੇ ਨਵੀਆਂ ਨੀਤੀਆਂ ਨੂੰ ਸਹੀ ਨੀਤ ਨਾਲ ਲਾਗੂ ਕਰਨ ਦੀ ਗੱਲ ਕਹੀ। ਸ. ਅਮਰੀਕ ਸਿੰਘ ਵਿਰਕ ਨੇ ਭਾਰਤ ਦੇ ਕਿਸਾਨਾਂ ਦੀ ਜੱਦੋ-ਜਹਿਦ ਦੀ ਹਮਾਇਤ ਵਿਚ ਸਿੱਖ ਕੌਸਲ ਆਫ ਸੈਂਟਰਲ ਕੈਲੀਫੋਰਨੀਆ ਵਲੋਂ ਪਾਸ ਕੀਤਾ ਮਤਾ ਪੜ੍ਹ ਕੇ ਸੁਣਾਇਆ ਅਤੇ ਸ. ਕਿਰਪਾਲ ਸਿੰਘ ਸਹੋਤਾ ਨੂੰ ਸੌਂਪਿਆ। ਪ੍ਰਸਿੱਧ ਗਾਇਕ ਸ. ਰਾਜ ਬਰਾੜ ਨੇ ਕਿਸਾਨੀ ਬਾਰੇ ਇਕ ਖੂਬਸੂਰਤ ਗੀਤ ਸੁਣਾਇਆ। ਸੁਰਿੰਦਰ ਮੰਢਾਲੀ ਨੇ ਭਾਰਤ ਸਰਕਾਰ ਵਲੋਂ ਪਾਸ ਕੀਤੇ ਤਿੰਨਾ ਬਿਲਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਉਨ੍ਹਾਂ ਵਿਚਲੇ ਲੋਕ ਵਿਰੋਧੀ ਪੱਖ ਉਜਾਗਰ ਕੀਤੇ। ਇਹ ਕਾਨੂੰਨ ਲਾਗੂ ਹੋ ਜਾਣ ‘ਤੇ ਕਿਸਾਨਾਂ ਦੇ ਹੱਥ ਹੌਲੀ-ਹੌਲੀ ਵੱਢੇ ਜਾਣਗੇ। ਇਹ ਕਾਨੂੰਨ ਕਿਸਾਨਾਂ ਦੀ ਜ਼ਮੀਨ ਨੂੰ ਕਾਰਪੋਰੇਟ ਘਰਾਣਿਆਂ ਵਲੋਂ ਹੜਪ ਕਰਨ ਦਾ ਕਾਨੂੰਨੀ ਜ਼ਰੀਆ ਹਨ ਅਤੇ ਕਿਸਾਨਾਂ ਦੇ ਨਾਲ-ਨਾਲ, ਮਜ਼ਦੂਰਾਂ, ਆੜਤੀਆਂ ਅਤੇ ਹੋਰ ਤਬਕਿਆਂ ਨੂੰ ਵੀ ਪ੍ਰਭਾਵਿਤ ਕਰਨਗੇ। ਇਨ੍ਹਾਂ ਨੂੰ ਰੋਕਣ ਦਾ ਇਕੋ ਹੱਲ ਕਿਸਾਨਾਂ, ਮਜ਼ਦੂਰਾਂ ਅਤੇ ਸਮੂਹ ਲੋਕਾਂ ਦਾ ਏਕਾ ਹੀ ਹੈ।
ਸ. ਸਾਧੂ ਸਿੰਘ ਸੰਘਾ, ਰਣਜੀਤ ਸਿੰਘ ਗਿੱਲ ਹੋਣਾਂ ਦੇ ਆਪਣੇ ਸੰਖੇਪ ਭਾਸ਼ਣ ‘ਚ ਭਾਰਤੀ ਕਿਸਾਨਾਂ ਨਾਲ ਆਪਣੀ ਇਕਮੁੱਠਤਾ ਜਤਾਈ। ਸੰਤੋਖ ਮਿਨਹਾਸ ਨੇ ਪੂਰੇ ਸ਼ਾਨਮਈ ਢੰਗ ਨਾਲ ਚੱਲ ਰਹੇ ਕਿਸਾਨ ਅੰਦੋਲਨ ‘ਤੇ ਤਸੱਲੀ ਜਤਾਈ। ਡਾ. ਮਲਕੀਤ ਸਿੰਘ ਕਿੰਗਰਾ ਨੇ ਬੀਤੇ ਸਮੇਂ ਵਿਚ ਹੋਏ ਕਿਸਾਨ ਸੰਘਰਸ਼ਾਂ ਦਾ ਜ਼ਿਕਰ ਕਰਦਿਆਂ ਜੱਦੋ-ਜਹਿਦ ਦੀ ਲਗਾਤਾਰਤਾ ‘ਤੇ ਜ਼ੋਰ ਦਿੱਤਾ। ਹਰਜਿੰਦਰ ਢੇਸੀ, ਸ਼ਰਨਜੀਤ ਧਾਲੀਵਾਲ, ਹਰਿੰਦਰ ਮੰਢਾਲੀ ਅਤੇ ਨਰਿੰਦਰ ਸੁਜੋਂ ਨੇ ਭਾਵਪੂਰਤ ਕਵਿਤਾਵਾਂ ਸੁਣਾਈਆ। ਪਾਸ ਕੀਤੇ ਗਏ ਮਤੇ ਵਿਚ ਕਿਸਾਨ ਮਸਲਿਆਂ ਦੇ ਢੁੱਕਵੇਂ ਹੱਲ ਲਈ ਸੁਝਾਵਾਂ ਤੋਂ ਇਲਾਵਾ, ਇਸਤਰੀ ਵਰਗ ‘ਤੇ ਹੋ ਰਹੀ ਅਣਮਨੁੱਖੀ ਹਿੰਸਾ ਅਤੇ ਬਲਾਤਕਾਰਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਸਰਕਾਰ ਤੋਂ ਇਸ ‘ਤੇ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ ਗਈ। ਭਾਰਤ ਦੀਆਂ ਧਾਰਮਿਕ ਤੇ ਸਮਾਜਿਕ ਘੱਟਗਿਣਤੀਆਂ ਖਾਸ ਕਰ ਦਲਿਤਾਂ ਵਿਰੁੱਧ ਹੋ ਰਹੇ ਅੱਤਿਆਚਾਰਾਂ ਵਿਰੁੱਧ ਤੁਰੰਤ ਐਕਸ਼ਨ ਲੈਣ ਅਤੇ ਸਭ ਲੋਕਾਂ ਦੇ ਮੁੱਢਲੇ ਹੱਕਾਂ ਦੀ ਰਾਖੀ ਯਕੀਨੀ ਬਣਾਉਣ ਦੀ ਮੰਗ ਕੀਤੀ। ਇਹ ਮਤਾ ਭਾਰਤ ਸਰਕਾਰ ਤੱਕ ਪੁੱਜਦਾ ਕਰਨ ਲਈ ਭਾਰਤੀ ਕੌਂਸਲ ਜਨਰਲ ਨੂੰ ਭੇਜਿਆ ਜਾਵੇਗਾ। ਅਖੀਰ ਵਿਚ ਪਰਗਟ ਸਿੰਘ ਧਾਲੀਵਾਲ ਵਲੋਂ ਇਸ ਪ੍ਰੋਗਰਾਮ ਵਿਚ ਪਹੁੰਚੇ ਸਭ ਸੱਜਣਾਂ ਅਤੇ ਬੀਬੀਆਂ ਦਾ ਧੰਨਵਾਦ ਕੀਤਾ ਅਤੇ ਕਿਸਾਨਾਂ ਦੇ ਮਸਲਿਆਂ ਬਾਰੇ ਜਾਗਰੂਕ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ‘ਤੇ ਸੈਂਟਰਲ ਕੈਲੀਫੋਰਨੀਆ ਦੇ ਕਿਸਾਨਾਂ ਵਲੋਂ ਬਣਾਈ ਜਾ ਰਹੀ ਇਕ ਸੰਸਥਾ ਪੰਜਾਬੀ ਅਮਰੀਕਨ ਗਰੋਅਰ ਗਰੁੱਪ (ਪੀ.ਏ.ਜੀ.ਜੀ.) ਹੈ, ਦੀ ਵੀ ਗੱਲ ਕੀਤੀ ਗਈ। ਇਹ ਸੰਸਥਾ ਲੋਕਲ ਕਿਸਾਨੀ ਮਸਲਿਆਂ ਬਾਰੇ ਕੰਮ ਕਰੇਗੀ। ਸਾਰੇ ਫੰਕਸ਼ਨ ਦੌਰਾਨ ਸਾਰੇ ਸਰੋਤਿਆਂ ਨੇ ਮਾਸਕ ਪਾਈ ਰੱਖੇ, ਹੱਥ ਮਿਲਾਉਣ ਤੋਂ ਗੁਰੇਜ ਅਤੇ 6 ਫੁੱਟ ਦੀ ਵਿੱਥ ‘ਤੇ ਬੈਠ ਕੇ ਕੋਵਿਡ ਸਬੰਧੀ ਸਾਵਧਾਨੀਆਂ ਦਾ ਪਾਲਣ ਕੀਤਾ। ਸੁਰਿੰਦਰ ਮੰਢਾਲੀ ਨੇ ਜੀ.ਟੀ.ਵੀ. ਦੇ ਸੰਜੀਵ ਕੁਮਾਰ, ਜਸ ਟੀ.ਵੀ. ਦੇ ਜਗਤਾਰ ਜੱਗੀ ਅਤੇ ਗੁਰਦੀਪ ਸਿੰਘ ਸ਼ੇਰਗਿਲ ਦਾ ਇਸ ਪ੍ਰੋਗਰਾਮ ਨੂੰ ਕਵਰ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਨਰਿੰਦਰ ਸੁਜੋ ਅਤੇ ਕੁਲਦੀਪ ਸੁਜੋ ਜੋ ਪਰਿਵਾਰਾਂ ਸਮੇਤ ਬੇ-ਏਰੀਏ ਤੋਂ ਪਹੁੰਚੇ ਅਤੇ ਕੁਲਦੀਪ ਸਿੰਘ ਅਟਵਾਲ ਮਰਸਡ ਤੋਂ ਪਹੁੰਚਣ ‘ਤੇ ਖਾਸ ਧੰਨਵਾਦ ਕੀਤਾ।


Share